ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠ ’ਚ ਸ਼ਾਮਲ ਹੋਏ ਹਰਜੋਤ ਬੈਂਸ ਪਿੰਡ ਦੋਲੋਵਾਲ ਅੱਪਰ ਵਿਖੇ ਦਸਵੇਂ ਮੰਗਲਵਾਰ ਭਜਨ ਸੰਧਿਆ ਦੌਰਾਨ ਸ੍ਰੀ ਹਨੂੰਮਾਨ ਚਾਲੀਸਾ
Publish Date: Wed, 11 Nov 2026 04:09 PM (IST)
Updated Date: Wed, 11 Nov 2026 04:12 PM (IST)
ਸਭਨਾਂ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਕੀਤੀ ਅਰਦਾਸ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ 21 ਮੰਗਲਵਾਰ ਭਜਨ ਸੰਧਿਆ ਸੰਕਲਪ ਤਹਿਤ ਪਿੰਡ ਦੋਲੋਵਾਲ ਅੱਪਰ ਵਿਖੇ ਕਰਵਾਏ ਗਏ ਦਸਵੇਂ ਮੰਗਲਵਾਰ ਦੇ ਧਾਰਮਿਕ ਸਮਾਗਮ ’ਚ ਸ਼ਰਧਾ ਤੇ ਸਤਿਕਾਰ ਸਹਿਤ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠ ’ਚ ਹਾਜ਼ਰੀ ਭਰ ਕੇ ਪ੍ਰਭੂ ਦੇ ਚਰਨਾਂ ’ਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਪਿੰਡ ਦਾ ਮਾਹੌਲ ਪੂਰੀ ਤਰ੍ਹਾਂ ਭਗਤੀਮਈ ਰਿਹਾ ਤੇ ਸੰਗਤ ਨੇ ਇਕੱਠਿਆਂ ਬੈਠ ਕੇ ਪ੍ਰਭੂ ਦਾ ਸਿਮਰਨ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾਂ ’ਚ ਸ਼ਾਮਲ ਹੋਣਾ ਉਨ੍ਹਾਂ ਲਈ ਸੁਭਾਗ ਦੀ ਗੱਲ ਹੈ ਤੇ ਪ੍ਰਭੂ ਦੀ ਭਗਤੀ ਮਨੁੱਖ ਨੂੰ ਮਾਨਸਿਕ ਸਕੂਨ ਤੇ ਆਤਮਿਕ ਬਲ ਪ੍ਰਦਾਨ ਕਰਦੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ 21 ਮੰਗਲਵਾਰ ਭਜਨ ਸੰਧਿਆ ਦਾ ਇਹ ਸੰਕਲਪ ਸ਼ਰਧਾ, ਵਿਸ਼ਵਾਸ ਤੇ ਪ੍ਰਭੂ ਭਗਤੀ ਨਾਲ ਜੁੜਿਆ ਹੋਇਆ ਹੈ। ਸ੍ਰੀ ਹਨੂੰਮਾਨ ਜੀ ਦਾ ਜੀਵਨ ਸਾਨੂੰ ਸੇਵਾ, ਸਮਰਪਣ, ਨਿਮਰਤਾ, ਹਿੰਮਤ ਤੇ ਨਿਸ਼ਕਾਮ ਭਗਤੀ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਨੂੰਮਾਨ ਜੀ ਨੂੰ ਸਮਰਪਿਤ ਚਾਲੀਸਾ ਦਾ ਪਾਠ ਕਰਨ ਨਾਲ ਮਨੁੱਖ ਨੂੰ ਚੰਗੇ ਕਰਮ ਕਰਨ, ਮੁਸ਼ਕਲਾਂ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰਨ ਤੇ ਸਮਾਜ ਦੀ ਭਲਾਈ ਲਈ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਧਰਮ ਸਾਨੂੰ ਆਪਸੀ ਪਿਆਰ, ਭਾਈਚਾਰਕ ਸਾਂਝ, ਸਦਭਾਵਨਾ ਤੇ ਦੂਜਿਆਂ ਦੀ ਮੱਦਦ ਕਰਨ ਦਾ ਸੰਦੇਸ਼ ਦਿੰਦਾ ਹੈ। ਅੱਜ ਦੇ ਸਮੇਂ ’ਚ ਸਮਾਜ ਅੰਦਰ ਪਿਆਰ ਤੇ ਆਪਸੀ ਸਤਿਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਪ੍ਰਭੂ ਦੇ ਚਰਨਾਂ ’ਚ ਅਰਦਾਸ ਕਰਦਿਆਂ ਕਿਹਾ ਕਿ ਪ੍ਰਮਾਤਮਾ ਸਾਰਿਆਂ ’ਤੇ ਆਪਣੀ ਮਿਹਰ ਬਣਾਈ ਰੱਖਣ ਤੇ ਹਰੇਕ ਪਰਿਵਾਰ ਦੇ ਜੀਵਨ ’ਚ ਸੁੱਖ, ਸ਼ਾਂਤੀ, ਤੰਦਰੁਸਤੀ ਤੇ ਖੁਸ਼ਹਾਲੀ ਬਖ਼ਸ਼ਣ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਦੀ ਚੜ੍ਹਦੀ ਕਲਾ ਤੇ ਇਲਾਕੇ ਦੀ ਬਿਹਤਰੀ ਲਈ ਅਰਦਾਸ ਕਰਦੇ ਹਨ। ਉਨ੍ਹਾਂ ਨੇ ਸਮੂਹ ਸੰਗਤ ਨੂੰ ਧਾਰਮਿਕ ਤੇ ਸਮਾਜਿਕ ਕਾਰਜਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਪਿੰਡ ਦੀ ਸੰਗਤ ਵੱਲੋਂ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ ਗਿਆ ਤੇ ਸਮਾਗਮ ਦੌਰਾਨ ਸ਼ਰਧਾਲੂਆਂ ਨੇ ਪੂਰੀ ਸ਼ਰਧਾ ਨਾਲ ਸ੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ।