- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਰ ਪਿੰਡਾਂ ਦੇ ਲੋਕਾਂ ਨੂੰ ਧੂੜ-ਮਿੱਟੀ ਤੋਂ ਰਾਹਤ ਦਿਵਾਉਣ ਲਈ ਐਡਵੋਕੇਟ ਸਤਬੀਰ ਸਿੰਘ

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਬਾਬਾ ਵਿਸ਼ਵਕਰਮਾ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਮੌਕੇ ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਸ਼ਲਾਘਾਯੋਗ ਉਪਰਾਲਾ ਕਰਦਿਆਂ ਐਡਵੋਕੇਟ ਸਤਬੀਰ ਸਿੰਘ ਰਾਣਾ ਵੱਲੋਂ ਗ੍ਰਾਮ ਪੰਚਾਇਤ ਅਗੰਮਪੁਰ ਦੇ ਸਹਿਯੋਗ ਨਾਲ ਇਲਾਕੇ ਦੇ ਚਾਰ ਪਿੰਡਾਂ ਅਗੰਮਪੁਰ, ਗਰਾ, ਘਨਾਰੂ ਅਤੇ ਮਥੁਰਾ ਦੇ ਲੋਕਾਂ ਨੂੰ ਧੂੜ-ਮਿੱਟੀ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਪਾਣੀ ਦੇ ਛਿੜਕਾਅ ਵਾਸਤੇ ਵਿਸ਼ੇਸ਼ ਟਰੱਕ ਸੇਵਾ ਸ਼ੁਰੂ ਕਰਵਾਈ ਗਈ। ਇਸ ਪਹਿਲਕਦਮੀ ਨਾਲ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਚਾਰਾਂ ਪਿੰਡਾਂ ਨੂੰ ਜੋੜਦੀ ਸੜਕ ਉੱਤੋਂ ਕਰਸ਼ਰਾਂ ਤੋਂ ਆਉਣ-ਜਾਣ ਵਾਲੇ ਭਾਰੀ ਵਾਹਨਾਂ ਦੀ ਲਗਾਤਾਰ ਆਵਾਜਾਈ ਰਹਿੰਦੀ ਹੈ। ਇਸ ਕਾਰਨ ਸੜਕ ਉੱਤੇ ਹਰ ਸਮੇਂ ਧੂੜ-ਮਿੱਟੀ ਉੱਡਦੀ ਰਹਿੰਦੀ ਹੈ, ਜਿਸ ਨਾਲ ਜਿੱਥੇ ਆਮ ਲੋਕਾਂ ਨੂੰ ਸਾਹ ਲੈਣ ਅਤੇ ਆਉਣ-ਜਾਣ ’ਚ ਮੁਸ਼ਕਲ ਆਉਂਦੀ ਹੈ, ਉੱਥੇ ਹੀ ਸੜਕ ਕਿਨਾਰੇ ਖਿੱਲਰੀ ਰੇਤ ਅਤੇ ਬਜਰੀ ਕਾਰਨ ਦੋਪਹੀਆ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਵੀ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਐਡਵੋਕੇਟ ਸਤਬੀਰ ਸਿੰਘ ਰਾਣਾ ਵੱਲੋਂ ਪਾਣੀ ਦੇ ਛਿੜਕਾਅ ਲਈ ਵਿਸ਼ੇਸ਼ ਟਰੱਕ ਦਾ ਪ੍ਰਬੰਧ ਕੀਤਾ ਗਿਆ। ਬਾਬਾ ਵਿਸ਼ਵਕਰਮਾ ਜੀ ਦੇ ਚਰਨਾਂ ’ਚ ਨਤਮਸਤਕ ਹੋਣ ਉਪਰੰਤ ਇਸ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਹ ਟਰੱਕ ਰੋਜ਼ਾਨਾ ਇਨ੍ਹਾਂ ਪਿੰਡਾਂ ਨੂੰ ਜੋੜਦੀ ਸੜਕ ਉੱਤੇ ਪਾਣੀ ਦਾ ਛਿੜਕਾਅ ਕਰੇਗਾ, ਤਾਂ ਜੋ ਉੱਡਦੀ ਧੂੜ-ਮਿੱਟੀ ਨੂੰ ਘਟਾਇਆ ਜਾ ਸਕੇ ਅਤੇ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਨ ਮਿਲ ਸਕੇ।
ਇਸ ਮੌਕੇ ਐਡਵੋਕੇਟ ਸਤਬੀਰ ਸਿੰਘ ਰਾਣਾ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਣਾ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕਰਨਾ ਹੀ ਸਮਾਜ ਸੇਵਾ ਦਾ ਅਸਲ ਮਕਸਦ ਹੈ। ਉਨ੍ਹਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ੁਰੂ ਕੀਤੀ ਗਈ ਇਹ ਸੇਵਾ ਚਾਰਾਂ ਪਿੰਡਾਂ ਦੇ ਵਸਨੀਕਾਂ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਸਾਂਝੇ ਯਤਨਾਂ ਨਾਲ ਹੀ ਇਲਾਕੇ ਦੀਆਂ ਮੁਸ਼ਕਲਾਂ ਦਾ ਹੱਲ ਕੱਢਿਆ ਜਾ ਸਕਦਾ ਹੈ।
ਇਸ ਮੌਕੇ ਗ੍ਰਾਮ ਪੰਚਾਇਤ ਅਗੰਮਪੁਰ ਦੇ ਪੰਚ ਹਰਜੀਤ ਸਿੰਘ, ਖੇਮ ਸਿੰਘ, ਠਾਕੁਰ ਸਿੰਘ, ਰਾਮ ਪ੍ਰਕਾਸ਼, ਬਲਵੀਰ ਸਿੰਘ ਅਤੇ ਸੁਖਦੇਵ ਸਿੰਘ ਤੋਂ ਇਲਾਵਾ ਗੋਪਾਲ ਰਾਣਾ, ਡਾ. ਸੁਰਿੰਦਰ ਸਿੰਘ, ਅਜੇ ਕੁਮਾਰ ਮਹਿੰਦਲੀ, ਜਰਨੈਲ ਸਿੰਘ, ਹਰਮਿੰਦਰ ਸਿੰਘ, ਰਾਜੇਸ਼ ਕੁਮਾਰ ਰਾਣਾ, ਤਰਸੇਮ ਆਨੰਦ, ਟਿੰਕੂ ਜਾਂਗਲਾ, ਈਸ਼ਵਰ ਅਗਨੀਹੋਤਰੀ, ਬਿੱਲਾ ਟੱਪਰੀਆ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।