ਨੰਗਲ ਵਿਖੇ ਉਤਸ਼ਾਹ ਨਾਲ ਮਨਾਈ ਦੀਵਾਲੀ ਨੰਗਲ ਵਿਖੇ ਉਤਸ਼ਾਹ ਅਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ ਰੋਸ਼ਨੀਆਂ ਦਾ ਤਿਉਹਾਰ ਦੀਵਾਲੀ
Publish Date: Mon, 09 Nov 2026 05:03 PM (IST)
Updated Date: Mon, 09 Nov 2026 05:05 PM (IST)
ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ, ਨੰਗਲ : ਰੌਸ਼ਨੀਆਂ ਦਾ ਤਿਉਹਾਰ ਕਿਹਾ ਜਾਣ ਵਾਲਾ ਦੀਵਾਲੀ ਬੀਤੀ ਰਾਤ ਨੰਗਲ ਸਮੇਤ ਸਮੁੱਚੇ ਹਲਕੇ ’ਚ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਨੰਗਲ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ’ਚ ਚਹਿਲ-ਪਹਿਲ ਵੇਖਣ ਨੂੰ ਮਿਲੀ। ਦੀਵਾਲੀ ਤੇ ਬੰਦੀ ਛੋੜ ਦਿਵਸ਼ ਮੌਕੇ ਸ਼ਹਿਰ ਦੇ ਬਜ਼ਾਰਾਂ ’ਚ ਰੌਣਕਾਂ ਲੱਗੀਆਂ ਰਹੀਆਂ। ਇਸ ਮੌਕੇ ਵੱਖ-ਵੱਖ ਦੁਕਾਨਦਾਰਾਂ ਵਲੋਂ ਸਟਾਲ ਲਗਾਏ ਗਏ ਹਨ ਤੇ ਗਾਹਕਾਂ ਨੂੰ ਲੁਭਾਉਣ ਲਈ ਕਈ ਪ੍ਰਕਾਰ ਦੀਆਂ ਲੋਕ ਲੁਭਾਊ ਸਕੀਮਾਂ ਪ੍ਰਦਾਨ ਕੀਤੀਆਂ ਗਈਆਂ,ਜਿਸ ਦਾ ਲੋਕਾਂ ਵਲੋਂ ਭਰਪੂਰ ਲਾਹਾ ਲਿਆ ਗਿਆ। ਇਸ ਮੌਕੇ ਸ਼ਹਿਰ ਦੇ ਸਮੂਹ ਮੰਦਿਰਾਂ ਗੁਰਦੁਆਰਿਆਂ ਤੇ ਹੋਰ ਧਾਰਮਿਕ ਸਥਾਨਾਂ ’ਤੇ ਲੋਕਾਂ ਵਲੋਂ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ। ਦੀਵਾਲੀ ਮੌਕੇ ਮਿਲਾਵਟ ਖੋਰਾ ਵਲੋਂ ਵੱਖ-ਵੱਖ ਮਠਿਆਈਆਂ ’ਚ ਕੀਤੀ ਜਾਂਦੀ ਮਿਲਾਵਟ ਤੋਂ ਡਰੇ ਲੋਕਾਂ ਵਲੋਂ ਇਸ ਵਾਰ ਮਠਿਆਈ ਖਰੀਦਣ ਤੋਂ ਗੁਰੇਜ ਕੀਤਾ ਜਾ ਰਿਹਾ ਹੈ। ਮਠਿਆਈ ਦੇ ਵਪਾਰੀਆਂ ਨੇ ਦੱਸਿਆ ਕਿ ਇਸ ਵਾਰ ਮਠਿਆਈ ਦੀ ਖਰੀਦ ’ਚ ਪਹਿਲਾ ਨਾਲੋਂ ਕਮੀ ਦਰਜ਼ ਕੀਤੀ ਗਈ ਹੈ,ਪਰ ਲੋਕਾਂ ਵਲੋਂ ਰਵਾਇਤੀ ਮਠਿਆਈ ਜਲੇਬੀਆਂ ਦੀ ਖੂਬ ਖਰੀਦਦਾਰੀ ਕੀਤੀ ਗਈ। ਲੋਕ ਆਪਣੇ ਸੱਜਣ ਮਿੱਤਰਾ ਨੂੰ ਤੋਹਫੇ ਵਜੋਂ ਭੇਟ ਕੀਤੀਆਂ ਜਾਣ ਵਾਲੀਆਂ ਮਠਿਆਈਆਂ ਨੂੰ ਛੱਡ ਕੇ ਡ੍ਰਾਈ ਫਰੂਟ ਤੇ ਹੋਰ ਵੰਨ-ਸੁਵੰਨੇ ਤੋਹਫੇ ਪ੍ਰਦਾਨ ਕਰਦੇ ਵੇਖੇ ਗਏ। ਦੇਰ ਰਾਤ ਤੱਕ ਹੁੰਦੀ ਰਹੀ ਠਾਹ-ਠਾਹ ਬੇਸ਼ਕ ਸਰਕਾਰ ਤੇ ਵਾਤਾਵਰਨ ਪ੍ਰੇਮੀਆਂ ਵਲੋਂ ਇਸ ਵਾਰ ਗਰੀਨ ਦੀਵਾਲੀ ਮਨਾਉਣ ਦੀਆਂ ਅਪੀਲਾ ਕੀਤੀਆਂ ਗਈਆਂ ਸਨ। ਪ੍ਰਸ਼ਾਸ਼ਨ ਵਲੋਂ ਵੀ ਰਾਤ 8 ਤੋਂ 10 ਵਜੇ ਤੱਕ ਹੀ ਗਰੀਨ ਪਟਾਕੇ ਚਲਾਉਣ ਦਾ ਸਮਾਂ ਨਿਸ਼ਚਤ ਕੀਤਾ ਗਿਆ ਸੀ, ਪਰ ਫੇਰ ਵੀ ਦੇਰ ਰਾਤ ਤੱਕ ਪਟਾਕਿਆਂ ਦੀਆਂ ਅਵਾਜ਼ਾ ਗੂੰਜ਼ਦੀਆਂ ਰਹੀਆਂ।