ਬੈਂਸ ਵੱਲੋਂ ਫਤਿਹਪੁਰ ਬੁੰਗਾ ਨੂੰ 2 ਲੱਖ ਤੇ ਛਿੰਝ ਕਮੇਟੀ ਨੂੰ 5 ਲੱਖ ਦੀ ਗ੍ਰਾਂਟ ਬਾਬਾ ਵਿਸ਼ਵਕਰਮਾ ਸੇਵਾ ਸੁਸਾਇਟੀ ਪਿੰਡ ਫਤਿਹਪੁਰ ਬੁੰਗਾ ਨੂੰ 2 ਲੱਖ ਰੁਪਏ ’ਤੇ ਝਿੰਜ ਕਮੇਟੀ ਨੂੰ 5 ਲੱਖ ਦੀ ਗ੍ਰਾਂਟ ਭੇਂਟ: ਬੈਂਸ
Publish Date: Mon, 09 Nov 2026 04:57 PM (IST)
Updated Date: Mon, 09 Nov 2026 04:59 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਕਿਹਾ ਕਿ ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਜੀ ਦੀ ਸੰਸਾਰ ਨੂੰ ਬਹੁਤ ਵੱਡੀ ਦੇਣ ਹੈ। ਉਨ੍ਹਾਂ ਦੀ ਬਦੌਲਤ ਹੀ ਤਕਨਾਲੋਜੀ, ਨਿਰਮਾਣ ਕਲਾ ਅਤੇ ਆਧੁਨਿਕ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੀ। ਬਾਬਾ ਵਿਸ਼ਵਕਰਮਾ ਜੀ ਵੱਲੋਂ ਮਨੁੱਖਤਾ ਨੂੰ ਦਿੱਤੇ ਮਹਾਨ ਯੋਗਦਾਨ ਸਦਕਾ ਉਨ੍ਹਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਧਰੁਵ ਤਾਰੇ ਵਾਂਗ ਚਮਕਦਾ ਰਹੇਗਾ। ਉਹ ਅੱਜ ਫਤਿਹਪੁਰ ਬੁੰਗਾ ਵਿਖੇ ਬਾਬਾ ਵਿਸ਼ਵਕਰਮਾ ਜੀ ਦੇ ਮੰਦਿਰ ਵਿਖੇ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਹਾਂਪੁਰਖਾਂ ਦੇ ਜਨਮ ਦਿਹਾੜੇ, ਗੁਰਪੁਰਬ ’ਤੇ ਹੋਰ ਧਾਰਮਿਕ ਤੇ ਸਮਾਜਿਕ ਤਿਉਹਾਰ ਆਪਸੀ ਭਾਈਚਾਰਕ ਸਾਂਝ ਤੇ ਮਿਲਵਰਤਣ ਨਾਲ ਮਨਾਉਣੇ ਚਾਹੀਦੇ ਹਨ। ਅਜਿਹੇ ਸਮਾਗਮ ਸਮਾਜ ’ਚ ਪਿਆਰ, ਸਦਭਾਵਨਾ ਤੇ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਬੈਂਸ ਨੇ ਇਸ ਮੌਕੇ ਪਿੰਡ ਫਤਿਹਪੁਰ ਬੁੰਗਾ ਵਿਖੇ ਬਾਬਾ ਵਿਸ਼ਵਕਰਮਾ ਸੇਵਾ ਸੁਸਾਇਟੀ ਨੂੰ 2 ਲੱਖ ਰੁਪਏ ਦੀ ਗ੍ਰਾਂਟ ਭੇਟ ਕੀਤੀ। ਇਸੇ ਤਰ੍ਹਾਂ ਉਨ੍ਹਾਂ ਵੱਲੋਂ ਛਿੰਝ ਕਮੇਟੀ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ, ਤਾਂ ਜੋ ਕਮੇਟੀ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਨੂੰ ਹੋਰ ਬਿਹਤਰ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਸਮਾਜ ਦਾ ਅਹਿਮ ਅੰਗ ਹਨ, ਜੋ ਲੋਕਾਂ ਨੂੰ ਸੇਵਾ, ਸਦਭਾਵਨਾ ਅਤੇ ਆਪਸੀ ਭਾਈਚਾਰੇ ਨਾਲ ਜੋੜਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਨ੍ਹਾਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਸਹਿਯੋਗ ਦੇਣਾ ਸਮਾਜ ਪ੍ਰਤੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਕਮੇਟੀ ਮੈਂਬਰਾਂ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਮਿੱਕਰ ਸਿੰਘ ਡਾਢੀ ਮੈਂਬਰ ਐਸ.ਸੀ ਕਮਿਸ਼ਨ ਪੰਜਾਬ, ਤਰਲੋਚਨ ਸਿੰਘ ਲੋਚੀ ਪ੍ਰਧਾਨ ਟਰੱਕ ਯੂਨੀਅਨ ਕੀਰਤਪੁਰ ਸਾਹਿਬ, ਕੇਸਰ ਸਿੰਘ ਸੰਧੂ ਪ੍ਰਧਾਨ ਜਿਲ੍ਹਾ ਕਿਸਾਨ ਵਿੰਗ, ਦਰਸ਼ਨ ਸਿੰਘ ਬਲਾਕ ਪ੍ਰਧਾਨ, ਜਗੀਰ ਸਿੰਘ ਯੂਥ ਆਗੂ, ਗੁਰਪ੍ਰੀਤ ਸਿੰਘ ਬਬਲੂ, ਗੁਰਪ੍ਰੀਤ ਸਿੰਘ ਲਾਡੀ, ਵਿਕਾਸ ਕੁਮਾਰ ਬੂਥ ਇੰਚਾਰਜ, ਯੂਥ ਆਗੂ ਹਰਜੋਤ ਸਿੰਘ ਜੋਤ, ਗਗਨਦੀਪ ਸਿੰਘ ਭਾਰਜ, ਸੁਰਿੰਦਰ ਸਿੰਘ ਸਰਾਂ, ਕੇਸਰ ਸਿੰਘ ਅਤੇ ਭੁਪਿੰਦਰ ਸਿੰਘ ਭਾਰਜ ਸਮੇਤ ਹੋਰ ਪਾਰਟੀ ਆਗੂ ਅਤੇ ਪਤਵੰਤੇ ਹਾਜ਼ਰ ਸਨ।