ਸ੍ਰੀ ਅਯੁੱਧਿਆ ਧਾਮ ਵਿਖੇ ਨਤਮਸਤਕ ਹੋਏ ਹਰਜੋਤ ਬੈਂਸ ਪਵਿੱਤਰ ਸ੍ਰੀ ਅਯੁੱਧਿਆ ਧਾਮ ਵਿਖੇ ਪ੍ਰਭੂ ਸ੍ਰੀ ਰਾਮ ਲੱਲਾ ਜੀ ਵਿਖੇ ਨਤਮਸਤਕ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ
Publish Date: Mon, 09 Nov 2026 04:11 PM (IST)
Updated Date: Mon, 09 Nov 2026 04:14 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਵਿੱਤਰ ਧਾਮ ਸ੍ਰੀ ਅਯੁੱਧਿਆ ਵਿਖੇ ਪ੍ਰਭੂ ਸ੍ਰੀ ਰਾਮ ਲੱਲਾ ਜੀ ਦੇ ਦਿਵਯ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨੇ ਮਰਿਆਦਾ ਪੁਰਸ਼ੋਤਮ ਪ੍ਰਭੂ ਸ੍ਰੀ ਰਾਮ ਜੀ ਦੇ ਚਰਨਾਂ ’ਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ, ਪੰਜਾਬ ਦੀ ਖੁਸ਼ਹਾਲੀ ਤੇ ਦੇਸ਼ ਦੀ ਤਰੱਕੀ ਲਈ ਅਰਦਾਸ ਕੀਤੀ। ਉਨ੍ਹਾਂ ਨੇ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਨੂੰ ਆਪਣੇ ਜੀਵਨ ਦਾ ਯਾਦਗਾਰੀ ਤੇ ਸੁਭਾਗਾ ਪਲ ਦੱਸਿਆ। ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਵਿੱਤਰ ਸ੍ਰੀ ਅਯੁੱਧਿਆ ਧਾਮ ਵਿਖੇ ਪ੍ਰਭੂ ਸ੍ਰੀ ਰਾਮ ਲੱਲਾ ਜੀ ਦੇ ਦਰਸ਼ਨ ਕਰਨਾ ਉਨ੍ਹਾਂ ਲਈ ਬੇਹੱਦ ਭਾਵੁਕ ਤੇ ਆਤਮਿਕ ਅਨੁਭਵ ਰਿਹਾ। ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ ਤੋਂ ਸਾਨੂੰ ਸੱਚਾਈ, ਤਿਆਗ, ਮਰਿਆਦਾ, ਸੇਵਾ ਤੇ ਫਰਜ਼ ਨਿਭਾਉਣ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਸ੍ਰੀ ਰਾਮ ਜੀ ਦੇ ਆਦਰਸ਼ ਮਨੁੱਖਤਾ ਨੂੰ ਹਮੇਸ਼ਾ ਸਹੀ ਰਸਤੇ ’ਤੇ ਚੱਲਣ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਯੁੱਧਿਆ ਧਾਮ ਵਿਖੇ ਪਹੁੰਚ ਕੇ ਜੋ ਆਤਮਿਕ ਸ਼ਾਂਤੀ ਤੇ ਸਕੂਨ ਮਿਲਿਆ ਹੈ, ਉਸ ਨੂੰ ਸ਼ਬਦਾਂ ’ਚ ਬਿਆਨ ਕਰਨਾ ਮੁਸ਼ਕਿਲ ਹੈ। ਇਹ ਪਵਿੱਤਰ ਧਰਤੀ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਤੇ ਸ਼ਰਧਾ ਦਾ ਕੇਂਦਰ ਹੈ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਜਿਹੇ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਮਨੁੱਖ ਨੂੰ ਆਪਣੇ ਜੀਵਨ ’ਚ ਚੰਗੇ ਕਰਮ ਕਰਨ, ਸਮਾਜ ਦੀ ਸੇਵਾ ਕਰਨ ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਪ੍ਰਭੂ ਸ੍ਰੀ ਰਾਮ ਜੀ ਅੱਗੇ ਸਮੁੱਚੀ ਲੋਕਾਈ ਦੀ ਸੁੱਖ-ਸ਼ਾਂਤੀ ਤੇ ਚੜ੍ਹਦੀ ਕਲਾ ਲਈ ਪ੍ਰਾਰਥਨਾ ਕੀਤੀ।