ਟਰੱਕ ਯੂਨੀਅਨ ਨੇ ਆਪਰੇਟਰਾਂ ਨਾਲ ਸਾਂਝੀਆਂ ਕੀਤੀਆਂ ਖੁਸ਼ੀਆਂ ਟਰੱਕ ਯੂਨੀਅਨ ਨੇ ਸਾਂਝੀਆਂ ਕੀਤੀਆਂ ਖੁਸ਼ੀਆਂ
Publish Date: Mon, 09 Nov 2026 03:31 PM (IST)
Updated Date: Mon, 09 Nov 2026 03:32 PM (IST)
ਦੀਵਾਲੀ ਮੌਕੇ ਦਿੱਤਾ ਬੋਨਸ ਤੇ ਵੰਡੀ ਮਠਿਆਈ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਟਰੱਕ ਯੂਨੀਅਨ ਕੀਰਤਪੁਰ ਸਾਹਿਬ ਵੱਲੋਂ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਟਰੱਕ ਆਪਰੇਟਰਾਂ ਨੂੰ ਬੋਨਸ ਤੇ ਮਠਿਆਈ ਵੰਡ ਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਯੂਨੀਅਨ ਵੱਲੋਂ ਕੀਤੇ ਗਏ ਇਸ ਉਪਰਾਲੇ ਨਾਲ ਟਰੱਕ ਆਪਰੇਟਰਾਂ ’ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਦੌਰਾਨ ਯੂਨੀਅਨ ਦੇ ਅਹੁਦੇਦਾਰਾਂ ਤੇ ਆਪਰੇਟਰਾਂ ਨੇ ਇੱਕ-ਦੂਜੇ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ। ਇਸ ਮੌਕੇ ਟਰੱਕ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਸ਼ਾਹਪੁਰ ਬੇਲਾ ਨੇ ਖੁਦ ਟਰੱਕ ਆਪਰੇਟਰਾਂ ਨੂੰ ਬੋਨਸ ਵੰਡਿਆ ਤੇ ਮਠਿਆਈ ਖੁਆ ਕੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਟਰੱਕ ਆਪਰੇਟਰ ਦਿਨ-ਰਾਤ ਮਿਹਨਤ ਕਰਕੇ ਯੂਨੀਅਨ ਦੇ ਕੰਮਕਾਜ ਨੂੰ ਅੱਗੇ ਵਧਾਉਣ ’ਚ ਆਪਣਾ ਯੋਗਦਾਨ ਪਾਉਂਦੇ ਹਨ। ਇਹ ਬੋਨਸ ਉਨ੍ਹਾਂ ਆਪਰੇਟਰਾਂ ਦੇ ਖੂਨ-ਪਸੀਨੇ ਦੀ ਕਮਾਈ ਹੈ, ਜੋ ਅੱਜ ਉਨ੍ਹਾਂ ’ਚ ਹੀ ਵੰਡੀ ਜਾ ਰਹੀ ਹੈ। ਇਸ ਰਾਹੀਂ ਉਨ੍ਹਾਂ ਦੀ ਮਿਹਨਤ ਦਾ ਸਨਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਦੀ ਤਰੱਕੀ ਤੇ ਮਜ਼ਬੂਤੀ ਸਾਰੇ ਆਪਰੇਟਰਾਂ ਦੇ ਆਪਸੀ ਸਹਿਯੋਗ ਤੇ ਏਕਤਾ ’ਤੇ ਨਿਰਭਰ ਕਰਦੀ ਹੈ। ਸਾਰਿਆਂ ਨੂੰ ਮਿਲ-ਜੁਲ ਕੇ ਯੂਨੀਅਨ ਦੇ ਹਿੱਤਾਂ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਟਰੱਕ ਯੂਨੀਅਨ ਹਮੇਸ਼ਾ ਤਰੱਕੀ ਦੀਆਂ ਰਾਹਾਂ ’ਤੇ ਅੱਗੇ ਵਧਦੀ ਰਹੇ ਤੇ ਸਾਰੇ ਆਪਰੇਟਰਾਂ ਦੇ ਪਰਿਵਾਰਾਂ ’ਚ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਬਣੀ ਰਹੇ। ਇਸ ਮੌਕੇ ਟਰੱਕ ਆਪਰੇਟਰਾਂ ਨੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਸ਼ਾਹਪੁਰ ਬੇਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੀਵਾਲੀ ਦੇ ਮੌਕੇ ਬੋਨਸ ਮਿਲਣ ਨਾਲ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਹਿਸੂਸ ਹੋਈ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਆਪਰੇਟਰਾਂ ਦੀ ਮਿਹਨਤ ਨੂੰ ਸਨਮਾਨ ਦਿੰਦਿਆਂ ਇਸ ਤਰ੍ਹਾਂ ਖੁਸ਼ੀਆਂ ਸਾਂਝੀਆਂ ਕਰਨਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਆਪਰੇਟਰਾਂ ਨੇ ਯੂਨੀਅਨ ਦੀ ਚੜ੍ਹਦੀ ਕਲਾ ਤੇ ਭਵਿੱਖ ’ਚ ਤਰੱਕੀ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਆਪਸੀ ਭਾਈਚਾਰਾ ਬਣਾਈ ਰੱਖਦਿਆਂ ਯੂਨੀਅਨ ਨੂੰ ਮਜ਼ਬੂਤ ਬਣਾਉਣ ’ਚ ਆਪਣਾ ਸਹਿਯੋਗ ਦਿੰਦੇ ਰਹਿਣਗੇ। ਸਾਰਿਆਂ ਨੇ ਮਿਲ-ਜੁਲ ਕੇ ਰਹਿਣ ਤੇ ਯੂਨੀਅਨ ਦੇ ਹਿੱਤਾਂ ਨੂੰ ਪਹਿਲ ਦੇਣ ਦਾ ਵਾਅਦਾ ਕੀਤਾ। ਇਸ ਦੌਰਾਨ ਬਲਵੀਰ ਸਿੰਘ ਸ਼ਾਹਪੁਰ, ਬਖਸ਼ੀਸ਼ ਸਿੰਘ, ਦੀਪਕ ਸ਼ਰਮਾ, ਗੁਰਸੇਵਕ ਸਿੰਘ, ਹਰਨੇਕ ਸਿੰਘ,ਸਿਆਮ ਲਾਲ, ਜਗਤਾਰ ਸਿੰਘ, ਅਜਮੇਰ ਸਿੰਘ,ਵਿਜੇ ਕੁਮਾਰ, ਸਮੇਂਤ ਵੱਡੀ ਗਿਣਤੀ ’ਚ ਟਰੱਕ ਆਪਰੇਟਰ ਤੇ ਯੂਨੀਅਨ ਨਾਲ ਜੁੜੇ ਮੈਂਬਰ ਮੌਜੂਦ ਸਨ।