ਰੰਗਾਂ ਦੀ ਸਤਰੰਗੀ ਛਟਾ ਨਾਲ ਮਨਾਈ ਦੀਵਾਲੀ ਰੰਗਾਂ ਦੀ ਸਤਰੰਗੀ ਛਟਾ ਨਾਲ ਮਧੂਵਨ ਵਾਟਿਕਾ ਸਕੂਲ ’ਚ ਮਨਾਈ ਦੀਵਾਲੀ
Publish Date: Sat, 07 Nov 2026 03:27 PM (IST)
Updated Date: Sat, 07 Nov 2026 03:29 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰ ਬੇਦੀ : ਮਧੂਵਨ ਵਾਟਿਕਾ ਪਬਲਿਕ ਸਕੂਲ, ਅਸਮਾਨਪੁਰ ਵਿਖੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਨੂੰ ਲੈ ਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਕੈਂਪਸ ’ਚ ਉਤਸ਼ਾਹ ਤੇ ਉਮੰਗ ਦੇ ਰੰਗ ਬਿਖੇਰਦਿਆਂ ਰੰਗੋਲੀ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਵਿਦਿਆਰਥੀਆਂ ਨੇ ਆਪਣੀ ਕਲਾਤਮਕ ਪ੍ਰਤਿਭਾ, ਸਿਰਜਣਾਤਮਕ ਸੋਚ ਤੇ ਟੀਮ ਭਾਵਨਾ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਵੱਲੋਂ ਵੱਖ-ਵੱਖ ਰੰਗਾਂ ਨਾਲ ਤਿਆਰ ਕੀਤੀਆਂ ਮਨਮੋਹਕ ਰੰਗੋਲੀਆਂ ਨੇ ਸਕੂਲ ਦੇ ਵਿਹੜੇ ਨੂੰ ਰੰਗਾਂ ਦੀ ਸਤਰੰਗੀ ਛਟਾ ਨਾਲ ਸਜਾ ਦਿੱਤਾ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਪਨਾ ਨੂੰ ਰੰਗਾਂ ਰਾਹੀਂ ਕਾਗਜ਼ ਤੋਂ ਅੱਗੇ ਵਧਾਉਂਦਿਆਂ ਫਰਸ਼ ’ਤੇ ਉਕੇਰਿਆ। ਰੰਗੋਲੀਆਂ ’ਚ ਦੀਵਾਲੀ ਦੀ ਰਵਾਇਤੀ ਖ਼ੂਬਸੂਰਤੀ, ਭਾਰਤੀ ਸੱਭਿਆਚਾਰ ਤੇ ਆਪਸੀ ਪਿਆਰ ਤੇ ਸਾਂਝ ਦਾ ਸੁਨੇਹਾ ਬਾਖ਼ੂਬੀ ਪੇਸ਼ ਕੀਤਾ ਗਿਆ। ਮੁਕਾਬਲੇ ਦੇ ਨਤੀਜਿਆਂ ਅਨੁਸਾਰ ਆਕਾਸ਼ ਹਾਊਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਅਗਨੀ ਤੇ ਵਾਯੂ ਹਾਊਸ ਨੇ ਸਾਂਝੇ ਤੌਰ ’ਤੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਪ੍ਰਿਥਵੀ ਤੇ ਗੌਰੀ ਹਾਊਸ ਨੇ ਤੀਜਾ ਸਥਾਨ ਹਾਸਲ ਕਰਕੇ ਆਪਣੀ ਕਲਾਤਮਕ ਪ੍ਰਤਿਭਾ ਦਾ ਲੋਹਾ ਮਨਵਾਇਆ। ਮੁਕਾਬਲੇ ਦੇ ਮੁਲਾਂਕਣ ਦੀ ਜ਼ਿੰਮੇਵਾਰੀ ਸਕੂਲ ਦੇ ਚੇਅਰਮੈਨ ਅਮਿਤ ਚੱਢਾ, ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ, ਅਮਨ ਕੁਮਾਰ ਚੱਢਾ, ਪ੍ਰਿੰਸੀਪਲ ਦੀਪਿਕਾ ਪੁਰੀ ਤੇ ਅਨੂ ਕੌਸ਼ਲ ਵੱਲੋਂ ਨਿਭਾਈ ਗਈ। ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਕਲਾਕ੍ਰਿਤੀਆਂ ਦਾ ਬਾਰੀਕੀ ਨਾਲ ਨਿਰੀਖਣ ਕਰਦਿਆਂ ਉਨ੍ਹਾਂ ਦੀ ਮਿਹਨਤ, ਸੂਝ-ਬੂਝ ਤੇ ਸਿਰਜਣਾਤਮਕਤਾ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਸਿੱਖਿਆ ਦਾ ਮਕਸਦ ਕੇਵਲ ਕਿਤਾਬੀ ਗਿਆਨ ਤੱਕ ਸੀਮਤ ਨਹੀਂ, ਸਗੋਂ ਬੱਚਿਆਂ ਦੀਆਂ ਅੰਦਰੂਨੀ ਕਲਾਵਾਂ ਤੇ ਪ੍ਰਤਿਭਾ ਨੂੰ ਨਿਖਾਰਨਾ ਵੀ ਹੈ। ਅਜਿਹੇ ਮੁਕਾਬਲੇ ਵਿਦਿਆਰਥੀਆਂ ’ਚ ਆਤਮ-ਵਿਸ਼ਵਾਸ, ਟੀਮ ਭਾਵਨਾ, ਅਨੁਸ਼ਾਸਨ ਤੇ ਆਪਸੀ ਸਹਿਯੋਗ ਵਰਗੇ ਗੁਣਾਂ ਦਾ ਵਿਕਾਸ ਕਰਦੇ ਹਨ। ਇਸ ਦੇ ਨਾਲ ਹੀ ਇਹ ਬੱਚਿਆਂ ਨੂੰ ਆਪਣੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਤੇ ਰਵਾਇਤਾਂ ਨਾਲ ਜੋੜਨ ਦਾ ਸੁਚੱਜਾ ਮਾਧਿਅਮ ਵੀ ਹਨ। ਸਮਾਗਮ ਦੇ ਅੰਤ ’ਚ ਸਕੂਲ ਪ੍ਰਬੰਧਕਾਂ ਵੱਲੋਂ ਜੇਤੂ ਹਾਊਸਾਂ ਨੂੰ ਵਧਾਈ ਦਿੱਤੀ ਗਈ ਤੇ ਮੁਕਾਬਲੇ ’ਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਸਮੁੱਚੇ ਸਟਾਫ਼ ਤੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਵੀ ਭੇਟ ਕੀਤੀਆਂ ਗਈਆਂ।