ਵਾਤਾਵਰਨ ਪ੍ਰੇਮੀਆਂ ਵੱਲੋਂ ਗਰੀਨ ਦੀਵਾਲੀ ਮਨਾਉਣ ਦਾ ਸੱਦਾ ਵਾਤਾਵਰਨ ਪ੍ਰੇਮੀਆਂ ਨੇ ਦਿੱਤਾ ਗਰੀਨ ਦੀਵਾਲੀ ਮਨਾਉਣ ਦਾ ਸੱਦਾ
Publish Date: Sat, 07 Nov 2026 03:24 PM (IST)
Updated Date: Sat, 07 Nov 2026 03:26 PM (IST)
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਭਾਰਤ ਵੱਖ-ਵੱਖ ਧਰਮਾਂ, ਜਾਤਾਂ, ਨਸਲਾਂ ਤੇ ਵੱਖ-ਵੱਖ ਕਬੀਲਿਆਂ ਦੇ ਲੋਕਾਂ ਦਾ ਮੁਲਕ ਹੈ। ਇਥੇ ਹਰ ਇੱਕ ਧਰਮ ਦੇ ਆਪੋ ਅਪਣੇ ਰਸਮੋਂ-ਰਿਵਾਜ ਹਨ। ਇਨ੍ਹਾਂ ਤਿਉਹਾਰਾਂ ’ਚੋਂ ਦੀਵਾਲੀ ਦਾ ਤਿਉਹਾਰ ਸਭ ਤੋਂ ਵੱਡਾ ਤਿਉਹਾਰ ਸਮਝਿਆਂ ਜਾਦਾ ਹੈ। ਰੌਸ਼ਨੀਆਂ ਦੇ ਤਿਉਹਾਰ ਵਜੋਂ ਜਾਣਿਆ ਜਾਂਦਾ ਇਹ ਤਿਉਹਾਰ ਸਮਾਜ ’ਚ ਖੁਸ਼ੀਆਂ, ਭਾਈਚਾਰਾ ਤੇ ਪਿਆਰ ਦਾ ਸੰਦੇਸ਼ ਫੈਲਾਉਂਦਾ ਹੈ। ਪਰ ਬੀਤੇ ਕੁਝ ਸਮੇਂ ਤੋਂ ਦੀਵਾਲੀ ਮੌਕੇ ਚਲਣ ਵਾਲੇ ਪਟਾਕਿਆਂ ਨਾਲ ਜਿੱਥੇ ਪ੍ਰਦੂਸ਼ਣ ਦੀ ਦਰ ’ਚ ਵਾਧਾ ਹੋਇਆ ਹੈ, ਉਥੇ ਹੀ ਪ੍ਰਦੂਸ਼ਣ ਨੇ ਮਨੁੱਖੀ ਜੀਵਨ ਦੇ ਨਾਲ-ਨਾਲ ਪਸ਼ੂਆਂ ਪੰਛੀਆਂ ਦੇ ਜੀਵਨ ਨੂੰ ਵੀ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਦੀਵਾਲੀ ਨੂੰ ਪ੍ਰਦੂਸ਼ਣ ਮੁਕਤ ਮਨਾਉਣ ਲਈ ਵੱਖ-ਵੱਖ ਸਮਾਜ ਸੇਵੀ ਲੋਕਾਂ ਵਲੋਂ ਵਿਚਾਰ ਪ੍ਰਗਟ ਕੀਤੇ ਗਏ ਹਨ, ਜਿਨ੍ਹਾਂ ਨੂੰ ਅਸੀ ਪਾਠਕਾ ਦੇ ਸਨਮੁੱਖ ਰੱਖ ਰਹੇ ਹਾਂ। ਦੀਵਾਲੀ ਮੌਕੇ ਖੁਸ਼ੀਆਂ ਵੰਡੋਂ , ਬੀਮਾਰੀ ਨਹੀ : ਐਡਵੋਕੇਟ ਸੁਧੀਰ ਸਿੰਘ ਸਮਾਜ ਸੇਵੀ ਐਡਵੋਕੇਟ ਸੁਧੀਰ ਸਿੰਘ ਨੇ ਕਿਹਾ ਕਿ ਪ੍ਰਦੂਸ਼ਣ ਦੀ ਸਮੱਸਿਆ ਬਹੁਤ ਗੰਭੀਰ ਹੋ ਚੁੱਕੀ ਹੈ, ਜੋ ਸਮੁੱਚੇ ਜਨਜੀਵਨ ਨੂੰ ਬਹੁਤ ਪ੍ਰਭਾਵਤ ਕਰ ਰਹੀ ਹੈ। ਹਰ ਸਾਲ ਪੰਜ ਸਾਲ ਤੋਂ ਘੱਟ ਉਮਰ ਦੇ 1 ਲੱਖ ਦੇ ਕਰੀਬ ਬੱਚਿਆਂ ਦੀ ਮੌਤ ਜ਼ਹਿਰੀਲੀ ਹਵਾ ਕਾਰਨ ਹੋ ਜਾਂਦੀ ਹੈ। ਜਿਸ ਨੂੰ ਦੇਖਦੇ ਹੋਏ ਵਾਤਾਵਰਣ ਨੂੰ ਸੁਰੱਖਿਅਤ ਬਣਾਉਣ ਲਈ ਗਰੀਨ ਦੀਵਾਲੀ ਮਨਾਉਣ ਦੀ ਲੋੜ ਹੈ। ਉਨਾਂ ਕਿਹਾ ਕਿ ਪਟਾਕੇ ਚਲਾਉਣ ਦੀ ਥਾਂ ਪੌਦੇ ਲਗਾਏ ਜਾਣ। ਉਨ੍ਹਾਂ ਸਮਾਜਸੇਵੀ ਸੰਸਥਾਵਾਂ ਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਚੌਗਿਰਦੇ ਦੀ ਰੱਖਿਆ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤਾਂ ਜੋ ਅਸੀਂ ਸਾਫ਼ ਸੁਥਰਾ ਵਾਤਾਵਰਨ ਅਗਲੀਆਂ ਪੀੜ੍ਹੀਆਂ ਨੂੰ ਵਿਰਾਸਤ ’ਚ ਦੇ ਸਕੀਏ । ਗਰੀਨ ਦੀਵਾਲੀ ਮਨਾਈ ਜਾਵੇ : ਡਾ.ਸੰਜੀਵ ਗੌਤਮ ਵਾਤਾਵਰਣ ਪ੍ਰੇਮੀ ਅਤੇ ਸ਼੍ਰੀ ਗੁਰੂ ਰਵੀਦਾਸ ਅਯੁਵੈਦਿਕ ਯੁਨੀਵਰਸਿਟੀ ਦੇ ਚੇਅਰਮੈਨ ਡਾ.ਸੰਜੀਵ ਗੌਤਮ ਨੇ ਕਿਹਾ ਕਿ ਪ੍ਰਦੂਸ਼ਣ ਦੀ ਸਮੱਸਿਆ ਬਹੁਤ ਗੰਭੀਰ ਹੋ ਚੁੱਕੀ ਹੈ ਜੋ ਸਮੁੱਚੇ ਜਨਜੀਵਨ ਨੂੰ ਬਹੁਤ ਪ੍ਰਭਾਵਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਧਰਤੀ ਹਵਾ ਤੇ ਪਣੀ ਨਾਲ ਚਲਦੀ ਹੈ, ਜਿਸ ’ਚ 98 ਫੀਸਦੀ ਖਾਰਾ ਪਾਣੀ ਅਤੇ 2 ਫੀਸਦੀ ਪੀਣ ਯੋਗ ਪਾਣੀ ਹੈ। ਹਵਾ ’ਚ ਆਕਸੀਜਨ ਦਾ ਪੱਧਰ 29 ਫੀਸਦੀ ਹੈ। ਜੇਕਰ ਆਕਸੀਜਨ ਦਾ ਪੱਧਰ 29 ਫੀਸਦੀ ਤੋਂ ਵੀ ਘਟ ਜਾਂਦਾ ਹੈ ਤਾ ਇਹ ਮਨੱਖੀ ਜੀਵਨ ਲਈ ਖਤਰਨਾਕ ਹੋ ਸਕਦਾ ਹੈ। ਇਸ ਲਈ ਸਾਨੂੰ ਗਰੀਨ ਦੀਵਾਲੀ ਮਨਾਉਣ ਦੀ ਲੋੜ ਹੈ। ਵਾਤਾਵਰਣ ਸ਼ੁੱਧਤਾ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਤਿਉਹਾਰਾਂ ਦੇ ਨਾਮ ’ਤੇ ਮਨੁੱਖੀ ਜੀਵਨ ਨਾਲ ਖਿਲਵਾੜ ਠੀਕ ਨਹੀਂ : ਪ੍ਰਿੰਸੀਪਲ ਜਸਵੀਰ ਸਿੰਘ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਡਾ.ਜਸਵੀਰ ਸਿੰਘ ਨੇ ਕਿਹਾ ਕਿ ਤਿਉਹਾਰਾ ਦੇ ਨਾਮ ’ਤੇ ਮਨੁੱਖੀ ਜੀਵਨ ਨਾਲ ਖਿਲਵਾੜ ਕਰਨਾ ਠੀਕ ਨਹੀ ਹੈ। ਮਨੁੱਖ ਦੀ ਪੈਸੇ ਕਮਾਉਣ ਦੀ ਲਾਲਸਾ ਨੇ ਰੌਸ਼ਨੀਆਂ ਦੇ ਤਿਓਹਾਰ ਨੂੰ ਪ੍ਰਦੂਸ਼ਣ ਦਾ ਤਿਓਹਾਰ ਬਣਾ ਕੇ ਰੱਖ ਦਿੱਤਾ ਹੈ। ਲੋਕ ਆਪਣੇ ਬੱਚਿਆਂ ਦੀ ਖੁਸ਼ੀ ਲਈ ਪਟਾਕੇ ਚਲਾਉਂਦੇ ਹਨ ਪਰ ਉਹ ਇਨ੍ਹਾਂ ਪਟਾਕਿਆਂ ਤੋਂ ਬਣਦੇ ਧੂੰਏ ਨਾਲ ਪੈਦਾ ਹੁੰਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੰਦੇ। ਪਟਾਕਿਆਂ ਤੋਂ ਪੈਦਾ ਹੁੰਦੇ ਅਵਾਜ਼ ਪ੍ਰਦੂਸ਼ਣ ਅਤੇ ਹਵਾ ਪ੍ਰਦੂਸ਼ਣ ਨਾਲ ਕਈ ਪ੍ਰਕਾਰ ਦੀਆਂ ਖਤਰਨਾਕ ਗੈਸਾਂ ਹਵਾ ’ਚ ਫੈਲਦੀਆਂ ਹਨ ਜੋ ਮਨੁੱਖ ਦੀ ਸਿਹਤ ’ਤੇ ਸਿੱਧਾ ਹਮਲਾ ਕਰਦੀਆਂ ਹਨ। ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਪਟਾਕਿਆਂ ਦਾ ਨਹੀਂ : ਪ੍ਰਵੇਸ਼ ਸੋਨੀ ਸਮਾਜ ਸੇਵੀ ਪ੍ਰਵੇਸ਼ ਸੋਨੀ ਨੇ ਕਿਹਾ ਕਿ ਸਰਕਾਰਾਂ ਵੱਲੋਂ ਇਸ ਤਿਉਹਾਰ ਨੂੰ ਲੈ ਕੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ ਜੋ ਸਮੇਂ ਦੀ ਲੋੜ ਅਨੁਸਾਰ ਜਾਇਜ਼ ਵੀ ਹਨ। ਪਰ ਜੇਕਰ ਸਰਕਾਰ ਪ੍ਰਦੂਸ਼ਨ ਰੋਕਣ ਲਈ ਗੰਭੀਰ ਹੈ ਤਾ ,ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਬੰਦ ਕਰੇ। ਉਨ੍ਹਾਂ ਕਿਹਾ ਨੇ ਕਿਹਾ ਕਿ ਦੀਵਾਲੀ ਖੁਸ਼ੀਆਂ ਦਾ ਤਿਓਹਾਰ ਹੈ ਇਸ ਨੂੰ ਖੁਸ਼ੀਆਂ, ਖੇੜਿਆਂ ਤੇ ਚਾਵਾਂ ਨਾਲ ਹੀ ਮਨਾਉਣਾ ਚਾਹੀਦਾ ਹੈ।