ਵਿਗਿਆਨ ਪ੍ਰਦਰਸ਼ਨੀ ’ਚ ਵਿਦਿਆਰਥੀਆਂ ਨੇ ਮਾਰੀ ਬਾਜ਼ੀ ਰਾਏਪੁਰ ਸਕੂਲ ਦੀ ਵਿਗਿਆਨ ਪ੍ਰਦਰਸ਼ਨੀ ’ਚ ਵਿਦਿਆਰਥੀਆਂ ਨੇ ਮਾਰੀ ਬਾਜ਼ੀਹਾਸਲ ਕੀਤੀਆਂ 8 ਪਹਿਲੀਆਂ ਪੁਜ਼ੀਸ਼ਨਾਂ
Publish Date: Sat, 07 Nov 2026 03:04 PM (IST)
Updated Date: Sat, 07 Nov 2026 03:05 PM (IST)
ਹਾਸਲ ਕੀਤੀਆਂ 8 ਪਹਿਲੀਆਂ ਪੁਜ਼ੀਸ਼ਨਾਂ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸਰਕਾਰੀ ਹਾਈ ਸਕੂਲ ਰਾਏਪੁਰ ਵਿਖੇ ਰਾਸ਼ਟਰੀ ਆਵਿਸ਼ਕਾਰ ਅਭਿਆਨ ਤਹਿਤ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਕਰਵਾਈ ਗਈ। ਐੱਸਸੀਈਆਰਟੀ ਪੰਜਾਬ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਈ ਗਈ ਇਸ ਪ੍ਰਦਰਸ਼ਨੀ ’ਚ ਉਨ੍ਹਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬਲਾਕ ਤਖ਼ਤਗੜ੍ਹ ਦੇ ਲਗਭਗ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਮਿਡਲ ਵਿੰਗ ਦੇ ਕਰੀਬ 40 ਤੇ ਸੀਨੀਅਰ ਵਿੰਗ ਦੇ 35 ਵਿਗਿਆਨਕ ਮਾਡਲ ਪ੍ਰਦਰਸ਼ਿਤ ਕੀਤੇ। ਪ੍ਰਦਰਸ਼ਨੀ ਦਾ ਉਦਘਾਟਨ ਪਿੰਡ ਰਾਏਪੁਰ ਦੇ ਐੱਨ.ਆਰ.ਆਈ. ਕਰਨੈਲ ਸਿੰਘ ਵੱਲੋਂ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਸਕੂਲ ਦੀ ਬਿਹਤਰੀ ਤੇ ਵਿਦਿਆਰਥੀਆਂ ਦੀਆਂ ਸਿੱਖਿਆ ਸਬੰਧੀ ਲੋੜਾਂ ਲਈ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਵਿਗਿਆਨ ਦੇ ਖੇਤਰ ’ਚ ਵਿਦਿਆਰਥੀਆਂ ਨੂੰ ਤਿਆਰ ਕਰਨ ਤੇ ਕੌਮੀ ਪੱਧਰ ਦੀਆਂ ਪ੍ਰਾਪਤੀਆਂ ’ਚ ਅਹਿਮ ਯੋਗਦਾਨ ਪਾਉਣ ਵਾਲੇ ਸਾਇੰਸ ਅਧਿਆਪਕ ਜਗਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਜ਼ਿਕਰਯੋਗ ਹੈ ਕਿ ਕਰਨੈਲ ਸਿੰਘ ਪਹਿਲਾਂ ਵੀ ਸਕੂਲ ’ਚ ਪਾਣੀ ਦੀ ਸਹੂਲਤ ਲਈ ਇਕ ਲੱਖ ਰੁਪਏ ਦਾ ਯੋਗਦਾਨ ਪਾ ਚੁੱਕੇ ਹਨ। ਇਸ ਮੌਕੇ ਐਂਟੀ ਕਰੱਪਸ਼ਨ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਡਾ. ਅਵਿਨਾਸ਼ ਤੇ ਜਨਰਲ ਸਕੱਤਰ ਹੁਸਨ ਚੰਦ ਬਡਿਆਲ ਨੇ ਵੀ ਸ਼ਿਰਕਤ ਕੀਤੀ ਤੇ ਸਕੂਲ ਦੀਆਂ ਪ੍ਰਾਪਤੀਆਂ ਨੂੰ ਉਤਸ਼ਾਹਿਤ ਕਰਨ ਲਈ 3100 ਰੁਪਏ ਦੀ ਰਾਸ਼ੀ ਭੇਟ ਕੀਤੀ। ਮੁਕਾਬਲਿਆਂ ’ਚ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਿਡਲ ਵਿੰਗ ਦੀਆਂ ਛੇ ਥੀਮਾਂ ’ਚੋਂ ਚਾਰ ਤੇ ਸੀਨੀਅਰ ਵਿੰਗ ਦੀਆਂ ਚਾਰ ਥੀਮਾਂ ’ਚ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਇਕ ਥੀਮ ’ਚ ਤੀਜਾ ਸਥਾਨ ਵੀ ਪ੍ਰਾਪਤ ਕੀਤਾ। ਇਸ ਤਰ੍ਹਾਂ ਸਕੂਲ ਨੇ ਕੁੱਲ ਅੱਠ ਪਹਿਲੀਆਂ ਤੇ ਇਕ ਤੀਜੀ ਪੁਜ਼ੀਸ਼ਨ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਹੁਣ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ’ਚ ਬਲਾਕ ਦੀ ਨੁਮਾਇੰਦਗੀ ਕਰਨਗੇ। ਪ੍ਰਦਰਸ਼ਨੀ ਦੌਰਾਨ ਮਾਡਲਾਂ ਦਾ ਮੁਲਾਂਕਣ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਜੱਜਾਂ ਵਜੋਂ ਕੀਤਾ। ਇਸ ਮੌਕੇ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਜਗਤਾਰ ਸਿੰਘ ਧਮਾਣਾ, ਬਲਾਕ ਰਿਸੋਰਸ ਕੋਆਰਡੀਨੇਟਰ ਸੁਖਦੇਵ ਸਿੰਘ ਤੇ ਸਕੂਲ ਮੁਖੀ ਏਕਤਾ ਭਾਰਦਵਾਜ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਤੇ ਮਹਿਮਾਨ ਹਾਜ਼ਰ ਸਨ। ਸਕੂਲ ਮੁਖੀ ਏਕਤਾ ਭਾਰਦਵਾਜ ਨੇ ਮਹਿਮਾਨਾਂ, ਅਧਿਆਪਕਾਂ ਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਤੇ ਸਾਇੰਸ ਅਧਿਆਪਕ ਜਗਜੀਤ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਮਾਜ ਦੇ ਦਾਨੀ ਸੱਜਣਾਂ ਤੇ ਪੰਚਾਇਤਾਂ ਵੱਲੋਂ ਮਿਲ ਰਿਹਾ ਸਹਿਯੋਗ ਸਰਕਾਰੀ ਸਕੂਲਾਂ ਦੀ ਬਿਹਤਰੀ ਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪ੍ਰੇਰਣਾਦਾਇਕ ਹੈ।