ਨੰਨ੍ਹੇ ਕਲਾਕਾਰਾਂ ਨੇ ਰਾਮਲੀਲਾ ਰਾਹੀਂ ਜੀਵੰਤ ਕੀਤੀ ਰਾਮਾਇਣ
ਕੋਈ ਬਣਿਆ ਸ੍ਰੀ ਰਾਮ, ਕੋਈ ਮਾਤਾ ਸੀਤਾ ’ਤੇ ਕੋਈ ਹਨੂੰਮਾਨ, ਬੱਚਿਆਂ ਦੀਆਂ ਮਨਮੋਹਕ ਅਦਾਵਾਂ ਨੇ ਦਰਸ਼ਕਾਂ ਦਾ ਮੋਹਿਆ ਮਨ ਮਧੂਵਨ ਵਾਟਿਕਾ ਸਕੂਲ ਵਿੱਚ ਦੀਵਾਲੀ ਦੀ ਰੌਸ਼ਨੀ ਨਾਲ ਰੁਸ਼ਨਾਇਆ ਮਾਹੌਲ ਨੰਨ੍ਹੇ ਕਲਾਕਾਰਾਂ ਨੇ ਰਾਮਲੀਲਾ ਰਾਹੀਂ ਜੀਵੰਤ ਕੀਤੀ
Publish Date: Sat, 07 Nov 2026 02:59 PM (IST)
Updated Date: Sat, 07 Nov 2026 03:02 PM (IST)
ਬੱਚਿਆਂ ਦੀਆਂ ਮਨਮੋਹਕ ਅਦਾਵਾਂ ਨੇ ਦਰਸ਼ਕਾਂ ਦਾ ਮੋਹਿਆ ਮਨ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਦੀਵਾਲੀ ਦੇ ਪਾਵਨ ਤਿਉਹਾਰ ਦੀ ਆਮਦ ਨੂੰ ਲੈ ਕੇ ਮਧੂਵਨ ਵਾਟਿਕਾ ਪਬਲਿਕ ਸਕੂਲ, ਅਸਮਾਨਪੁਰ ਵਿਖੇ ਖੁਸ਼ੀ, ਉਤਸ਼ਾਹ ਤੇ ਧਾਰਮਿਕ ਸ਼ਰਧਾ ਦਾ ਮਨਮੋਹਕ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਸਕੂਲ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਵੱਲੋਂ ਰਾਮਲੀਲਾ ਦਾ ਸ਼ਾਨਦਾਰ ਮੰਚਨ ਕਰਕੇ ਸਭ ਦਾ ਮਨ ਮੋਹ ਲਿਆ ਗਿਆ। ਕਿਸੇ ਬੱਚੇ ਨੇ ਭਗਵਾਨ ਸ੍ਰੀ ਰਾਮ, ਕਿਸੇ ਨੇ ਮਾਤਾ ਸੀਤਾ, ਕਿਸੇ ਨੇ ਲਕਸ਼ਮਣ ’ਤੇ ਕਿਸੇ ਨੇ ਪਵਨਪੁੱਤਰ ਹਨੂੰਮਾਨ ਦਾ ਰੂਪ ਧਾਰਨ ਕਰਕੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। ਰੰਗ-ਬਿਰੰਗੇ ਤੇ ਆਕਰਸ਼ਕ ਪਹਿਰਾਵਿਆਂ ’ਚ ਸਜੇ ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਸਕੂਲ ਦੇ ਮਾਹੌਲ ਨੂੰ ਤਿਉਹਾਰੀ ਰੰਗਤ ਨਾਲ ਭਰ ਦਿੱਤਾ। ਰਾਮਾਇਣ ਦੇ ਵੱਖ-ਵੱਖ ਪ੍ਰਸੰਗਾਂ ਨੂੰ ਬੜੀ ਮਾਸੂਮੀਅਤ ਤੇ ਉਤਸ਼ਾਹ ਨਾਲ ਪੇਸ਼ ਕਰਦਿਆਂ ਵਿਦਿਆਰਥੀਆਂ ਨੇ ਸੱਚਾਈ ਦੇ ਮਾਰਗ ’ਤੇ ਚੱਲਣ ਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸੁਨੇਹਾ ਦਿੱਤਾ। ਨੰਨ੍ਹੇ ਕਲਾਕਾਰਾਂ ਦੀਆਂ ਭਾਵਪੂਰਤ ਅਦਾਵਾਂ ਤੇ ਆਤਮ-ਵਿਸ਼ਵਾਸ ਨੇ ਹਾਜ਼ਰ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਖੂਬ ਪ੍ਰਭਾਵਿਤ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਅਮਿਤ ਚੱਢਾ ਨੇ ਕਿਹਾ ਕਿ ਦੀਵਾਲੀ ਸਿਰਫ਼ ਦੀਵਿਆਂ ਤੇ ਰੌਸ਼ਨੀਆਂ ਦਾ ਤਿਉਹਾਰ ਨਹੀਂ, ਸਗੋਂ ਇਹ ਨੇਕੀ ਦੀ ਬਦੀ ਉੱਤੇ ਜਿੱਤ ਤੇ ਸੱਚਾਈ ਦੇ ਰਾਹ ’ਤੇ ਚੱਲਣ ਦਾ ਪ੍ਰਤੀਕ ਵੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਤਿਉਹਾਰਾਂ ਦੇ ਇਤਿਹਾਸਕ ਤੇ ਧਾਰਮਿਕ ਮਹੱਤਵ ਤੋਂ ਜਾਣੂ ਕਰਵਾਉਣ ਦੇ ਨਾਲ ਆਪਣੀ ਅਮੀਰ ਵਿਰਾਸਤ ਤੇ ਸੱਭਿਆਚਾਰ ਨਾਲ ਜੋੜਨਾ ਅਜਿਹੇ ਸਮਾਗਮਾਂ ਦਾ ਮੁੱਖ ਉਦੇਸ਼ ਹੈ। ਇਸ ਨਾਲ ਬੱਚਿਆਂ ਅੰਦਰ ਆਤਮ-ਵਿਸ਼ਵਾਸ ਤੇ ਨੈਤਿਕ ਕਦਰਾਂ-ਕੀਮਤਾਂ ਦਾ ਵਿਕਾਸ ਹੁੰਦਾ ਹੈ। ਸਮਾਗਮ ਦੌਰਾਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ, ਪ੍ਰਿੰਸੀਪਲ ਦੀਪਿਕਾ ਪੁਰੀ, ਅਨੂ ਕੌਸ਼ਲ, ਅਵਿਨਾਸ਼ ਕੁਮਾਰ, ਭੋਲਾ ਸ਼ੰਕਰ ਤੇ ਆਦੀ ਸਮੇਤ ਸਮੂਹ ਸਟਾਫ਼ ਮੌਜੂਦ ਰਿਹਾ।