ਸਟਾਫ ਤੇ ਵਿਦਿਆਰਥੀਆਂ ਵੱਲੋਂ ਗਰੀਨ ਦੀਵਾਲੀ ਮਨਾਉਣ ਦਾ ਪ੍ਰਣ ਬਾਬਾ ਗੁਰਦਿੱਤਾ ਪਬਲਿਕ ਸਕੂਲ ਡੂਮੇਵਾਲ ਦੇ ਸਟਾਫ ’ਤੇ ਵਿਦਿਆਰਥੀਆਂ ਨੇ ਗਰੀਨ ਦੀਵਾਲੀ ਮਨਾਉਣ ਦਾ ਲਿਆ ਪ੍ਰਣ
Publish Date: Sat, 07 Nov 2026 02:53 PM (IST)
Updated Date: Sat, 07 Nov 2026 02:53 PM (IST)
ਡਾਇਰੈਕਟਰ ਰਜਿੰਦਰ ਕਿਸਾਨਾ ਨੇ ਵਾਤਾਵਰਨ ਦੀ ਸੰਭਾਲ ਦਾ ਦਿੱਤਾ ਸੰਦੇਸ਼ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਬਾਬਾ ਗੁਰਦਿੱਤਾ ਪਬਲਿਕ ਸਕੂਲ ਡੂਮੇਵਾਲ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਵਾਤਾਵਰਨ ਪੱਖੀ ਢੰਗ ਨਾਲ ਮਨਾਉਣ ਲਈ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਸਕੂਲ ਦੇ ਸਮੁੱਚੇ ਸਟਾਫ ਤੇ ਵਿਦਿਆਰਥੀਆਂ ਨੇ ਗਰੀਨ ਦੀਵਾਲੀ ਮਨਾਉਣ ਦਾ ਪ੍ਰਣ ਲੈਂਦਿਆਂ ਵਾਤਾਵਰਨ ਦੀ ਸੰਭਾਲ ਅਤੇ ਪ੍ਰਦੂਸ਼ਣ ਰਹਿਤ ਸਮਾਜ ਸਿਰਜਣ ਦਾ ਸੰਦੇਸ਼ ਦਿੱਤਾ। ਸਕੂਲ ਦੀ ਵਿਸ਼ੇਸ਼ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਡਾਇਰੈਕਟਰ ਰਜਿੰਦਰ ਕਿਸਾਨਾ ਨੇ ਕਿਹਾ ਕਿ ਸਾਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਦਾ ਤਿਉਹਾਰ ਹਰਿਆਵਲ ਤੇ ਭਾਈਚਾਰਕ ਸਾਂਝ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਟਾਕਿਆਂ ਕਾਰਨ ਪੈਦਾ ਹੋਣ ਵਾਲਾ ਧੂੰਆਂ ਤੇ ਸ਼ੋਰ ਵਾਤਾਵਰਨ ਦੇ ਨਾਲ-ਨਾਲ ਮਨੁੱਖੀ ਸਿਹਤ ਲਈ ਵੀ ਨੁਕਸਾਨਦੇਹ ਹੈ। ਇੱਕ ਦਿਨ ਪਟਾਕੇ ਚਲਾਉਣ ਨਾਲ ਵਾਤਾਵਰਨ ਨੂੰ ਹੋਣ ਵਾਲਾ ਨੁਕਸਾਨ ਬੇਹੱਦ ਗੰਭੀਰ ਹੋ ਸਕਦਾ ਹੈ। ਇਸ ਲਈ ਸਾਨੂੰ ਖੁਸ਼ੀਆਂ ਦੇ ਇਸ ਤਿਉਹਾਰ ਮੌਕੇ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਕੁਦਰਤ ਦੀ ਸੰਭਾਲ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਦੀਵਾਲੀ ’ਤੇ ਬੰਦੀ ਛੋੜ ਦਿਵਸ ਦੀ ਵਧਾਈ ਵੀ ਦਿੱਤੀ। ਇਸ ਮੌਕੇ ਕੋਆਰਡੀਨੇਟਰ ਸੰਜੀਵ ਕੁਮਾਰ ਨੇ ਕਿਹਾ ਕਿ ਗਰੀਨ ਦੀਵਾਲੀ ਸਮੇਂ ਦੀ ਮੁੱਖ ਲੋੜ ਹੈ। ਪਟਾਕੇ ਚਲਾਉਣ ਕਾਰਨ ਜਿੱਥੇ ਕਈ ਵਾਰ ਅਣਸੁਖਾਵੇਂ ਹਾਦਸੇ ਵਾਪਰ ਜਾਂਦੇ ਹਨ, ਉੱਥੇ ਹੀ ਹਵਾ ਅਤੇ ਧੁਨੀ ਪ੍ਰਦੂਸ਼ਣ ’ਚ ਵੀ ਵਾਧਾ ਹੁੰਦਾ ਹੈ, ਜਿਸ ਦਾ ਸਿੱਧਾ ਅਸਰ ਸਾਡੇ ਵਾਤਾਵਰਨ ਅਤੇ ਸਿਹਤ ’ਤੇ ਪੈਂਦਾ ਹੈ। ਉਨ੍ਹਾਂ ਸਾਰਿਆਂ ਨੂੰ ਮਿਲ-ਜੁਲ ਕੇ ਸੁਰੱਖਿਅਤ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਕਿਸਮ ਦੀਆਂ ਆਕਰਸ਼ਕ ਰੰਗੋਲੀਆਂ ਤੇ ਕਲਾਕ੍ਰਿਤੀਆਂ ਤਿਆਰ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਲੋਕਾਂ ਨੂੰ ਪੌਦੇ ਲਗਾਉਣ, ਪ੍ਰਦੂਸ਼ਣ ਤੋਂ ਬਚਣ ਤੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਮੈਡਮ ਸਿਮਰਨ ਕਿਸਾਨਾ, ਸੁਖਬੀਰ ਸਿੰਘ, ਮਨਦੀਪ ਸਿੰਘ, ਹਰਸ਼ਦੀਪ ਕੌਰ, ਤਾਨਿਆ, ਰੁਪਿੰਦਰ ਕੌਰ, ਰਮਨਦੀਪ ਕੌਰ, ਮਨੀਸ਼ਾ, ਮੀਨਾ ਸੈਣੀ ਸਮੇਤ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।