- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਹਰਜੋਤ ਸਿੰਘ ਬੈਂਸ ਨੇ 12 ਘਰਾਂ ਦੇ ਮਾਲਕਾਂ ਨੂੰ ਵੰਡੇ 21 ਪ੍ਰਾਪਰਟੀ ਕਾਰਡ

ਲਾਲ ਲਕੀਰ ਅੰਦਰ ਆਉਂਦੇ ਘਰਾਂ ਦੇ ਮਾਲਕ ਹੁਣ ਵੇਚ-ਖਰੀਦ, ਲੋਨ ਅਤੇ ਵਾਰਸਾਂ ਦੇ ਨਾਮ ਕਰਵਾ ਸਕਣਗੇ ਜਾਇਦਾਦ: ਕੈਬਨਿਟ ਮੰਤਰੀ
ਸਰਕਾਰ ਦਾ ਉਪਰਾਲਾ ਲੋਕਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਕਾਨੂੰਨੀ ਹੱਕ ਦਿਵਾਉਣ ਵੱਲ ਅਹਿਮ ਕਦਮ : ਬੈਂਸ
ਪੰਜਾਬੀ ਜਾਗਰਣ ਟੀਮ, ਸ੍ਰੀ ਕੀਰਤਪੁਰ ਸਾਹਿਬ: ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਮਾਲਕੀ ਹੱਕ ਦਿਵਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡ ਨੌ ਲੱਖਾ (ਡਾਢੀ) ਵਿਖੇ ਲਾਲ ਲਕੀਰ ਦੇ ਦਾਇਰੇ ਅਧੀਨ ਆਉਂਦੇ ਘਰਾਂ ਦੇ ਮਾਲਕਾਂ ਨੂੰ ਮਾਲਕੀ ਹੱਕ ਦੇ ਪ੍ਰਾਪਰਟੀ ਕਾਰਡ ਵੰਡੇ। ਇਸ ਮੌਕੇ ਉਨ੍ਹਾਂ ਵੱਲੋਂ ਪਿੰਡ ਦੇ 12 ਘਰਾਂ ਦੇ ਮਾਲਕਾਂ ਨੂੰ ਕੁੱਲ 21 ਪ੍ਰਾਪਰਟੀ ਕਾਰਡ ਸੌਂਪੇ ਗਏ। ਪ੍ਰਾਪਰਟੀ ਕਾਰਡ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਵਿੱਚ ਇਸ ਉਪਰਾਲੇ ਨੂੰ ਲੈ ਕੇ ਖੁਸ਼ੀ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ।
ਮਾਲਕੀ ਹੱਕ ਮਿਲਣ ਤੋਂ ਬਾਅਦ ਹੁਣ ਇਹ ਜਾਇਦਾਦ ਮਾਲਕ ਆਪਣੀ ਪ੍ਰਾਪਰਟੀ ਨੂੰ ਕਾਨੂੰਨੀ ਤੌਰ ’ਤੇ ਵੇਚ ਅਤੇ ਖਰੀਦ ਸਕਣਗੇ। ਇਸ ਤੋਂ ਇਲਾਵਾ ਉਹ ਆਪਣੀ ਜਾਇਦਾਦ ਦੇ ਆਧਾਰ ’ਤੇ ਬੈਂਕ ਜਾਂ ਵਿੱਤੀ ਸੰਸਥਾਵਾਂ ਤੋਂ ਲੋਨ ਦੀ ਸਹੂਲਤ ਵੀ ਪ੍ਰਾਪਤ ਕਰ ਸਕਣਗੇ ਅਤੇ ਆਪਣੀ ਸੰਪਤੀ ਆਪਣੇ ਬੱਚਿਆਂ ਜਾਂ ਹੋਰ ਵਾਰਸਾਂ ਦੇ ਨਾਮ ’ਤੇ ਵੀ ਕਰਵਾ ਸਕਣਗੇ। ਇਸ ਤਰ੍ਹਾਂ ਪ੍ਰਾਪਰਟੀ ਕਾਰਡ ਮਿਲਣ ਨਾਲ ਲੋਕਾਂ ਨੂੰ ਆਪਣੀ ਸੰਪਤੀ ਦੀ ਵਰਤੋਂ ਕਰਨ ਅਤੇ ਭਵਿੱਖ ਲਈ ਇਸ ਨੂੰ ਸੁਰੱਖਿਅਤ ਕਰਨ ਦੇ ਵਧੇਰੇ ਅਧਿਕਾਰ ਮਿਲੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ‘ਮੇਰਾ ਘਰ ਮੇਰੇ ਨਾਮ’ ਸਕੀਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੀ ਮਾਲਕੀ ਦਾ ਅਧਿਕਾਰ ਦਿਵਾਉਣ ਲਈ ਪੰਜਾਬ ਸਰਕਾਰ ਦਾ ਇੱਕ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਲਾਲ ਲਕੀਰ ਦੇ ਅੰਦਰ ਆਉਂਦੇ ਘਰਾਂ ਵਿੱਚ ਰਹਿਣ ਵਾਲੇ ਬਹੁਤ ਸਾਰੇ ਪਰਿਵਾਰ ਲੰਮੇ ਸਮੇਂ ਤੋਂ ਆਪਣੇ ਘਰਾਂ ਦੇ ਮਾਲਕੀ ਹੱਕਾਂ ਸਬੰਧੀ ਦਸਤਾਵੇਜ਼ਾਂ ਦੀ ਉਡੀਕ ਕਰ ਰਹੇ ਸਨ। ਹੁਣ ਪ੍ਰਾਪਰਟੀ ਕਾਰਡ ਮਿਲਣ ਨਾਲ ਉਨ੍ਹਾਂ ਨੂੰ ਆਪਣੀ ਜਾਇਦਾਦ ਸਬੰਧੀ ਅਧਿਕਾਰਤ ਦਸਤਾਵੇਜ਼ ਪ੍ਰਾਪਤ ਹੋ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਭਵਿੱਖ ਵਿੱਚ ਜਾਇਦਾਦ ਨਾਲ ਸਬੰਧਤ ਕੰਮਾਂ ਲਈ ਸਹੂਲਤ ਮਿਲੇਗੀ।
ਉਨ੍ਹਾਂ ਕਿਹਾ ਕਿ ਕਿਸੇ ਵੀ ਪਰਿਵਾਰ ਲਈ ਆਪਣਾ ਘਰ ਸਿਰਫ਼ ਰਹਿਣ ਦੀ ਥਾਂ ਨਹੀਂ ਹੁੰਦਾ, ਸਗੋਂ ਇਹ ਉਸ ਦੀ ਜ਼ਿੰਦਗੀ ਦੀ ਪੂੰਜੀ ਅਤੇ ਸੁਰੱਖਿਆ ਦਾ ਅਹਿਮ ਆਧਾਰ ਹੁੰਦਾ ਹੈ। ਇਸ ਲਈ ਸਰਕਾਰ ਦੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਹੱਕਾਂ ਸਬੰਧੀ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਅਤੇ ਉਨ੍ਹਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਯੋਜਨਾਵਾਂ ਨਾਲ ਆਮ ਲੋਕਾਂ ਨੂੰ ਰਾਹਤ ਮਿਲਦੀ ਹੈ ਅਤੇ ਉਨ੍ਹਾਂ ਦਾ ਸਰਕਾਰੀ ਪ੍ਰਬੰਧ ਵਿੱਚ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਸਰਬਪੱਖੀ ਵਿਕਾਸ ਉਨ੍ਹਾਂ ਦੀ ਮੁੱਖ ਤਰਜੀਹ ਹੈ। ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜ ਕਰਵਾਉਣ ਦੇ ਨਾਲ-ਨਾਲ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਪੱਧਰ 'ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਨਾ ਅਤੇ ਹਰ ਯੋਗ ਪਰਿਵਾਰ ਨੂੰ ਸਰਕਾਰੀ ਯੋਜਨਾਵਾਂ ਨਾਲ ਜੋੜਨਾ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਨੇ ਪ੍ਰਾਪਰਟੀ ਕਾਰਡ ਪ੍ਰਾਪਤ ਕਰਨ ਵਾਲੇ ਸਾਰੇ ਪਰਿਵਾਰਾਂ ਨੂੰ ਵਧਾਈ ਵੀ ਦਿੱਤੀ।
ਇਸ ਮੌਕੇ ਕਮਿੱਕਰ ਸਿੰਘ ਡਾਢੀ ਮੈਂਬਰ ਐਸ.ਸੀ.ਕਮਿਸ਼ਨ, ਪਰਮਿੰਦਰ ਸਿੰਘ ਜਿੰਮੀ ਡਿਸਟ੍ਰਿਕ ਜਨਰਲ ਸਕੱਤਰ ਯੂਥ ਵਿੰਗ, ਕਰਨੈਲ ਸਿੰਘ, ਕੁਲਵੰਤ ਸਿੰਘ, ਬਖਤਾਵਰ ਸਿੰਘ, ਦਰਸ਼ਨ ਸਿੰਘ ਸਰਪੰਚ, ਚਰਨਜੀਤ ਸਿੰਘ ਚੰਨੀ ਨੰਬਰਦਾਰ, ਬੀਰ ਸਿੰਘ ਸਰਪੰਚ ਮੀਆਪੁਰ, ਮਹਿਮਾ ਸਿੰਘ, ਨਾਨਕ ਸਿੰਘ ਅਤੇ ਭਿੰਦਾ ਸਿੰਘ ਸਮੇਤ ਪਿੰਡ ਵਾਸੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।