- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਨਤੇਰਸ ‘ਤੇ ਨੰਗਲ ਦੇ ਬਾਜ਼ਾਰਾਂ ‘ਚ ਲੱਗੀ ਰੌਣਕ ਵਪਾਰੀਆਂ ਦੇ ਚਿਹਰੇ ’ਤੇ ਨਜ਼ਰ ਆਈ ਖੁਸ਼ੀ

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ,
ਨੰਗਲ: ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਸ਼ੁਰੂਆਤ ਨਾਲ ਹੀ ਅੱਜ ਧਨਤੇਰਸ ਦਾ ਤਿਉਹਾਰ ਨੰਗਲ ’ਚ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਧਨਤੇਰਸ ਦੇ ਸ਼ੁਭ ਮੌਕੇ ਸੋਨਾ-ਚਾਂਦੀ, ਨਵੇਂ ਭਾਂਡੇ, ਵਾਹਨ ਤੇ ਇਲੈਕਟ੍ਰੌਨਿਕਸ ਦੀ ਖ਼ਦਦਾਰੀ ਲਈ ਬਾਜ਼ਾਰਾਂ ’ਚ ਖਾਸ ਰੌਣਕ ਦੇਖਣ ਨੂੰ ਮਿਲ ਰਹੀ ਹੈ। ਧਾਰਮਿਕ ਮਾਨਤਾ ਅਨੁਸਾਰ ਇਸ ਦਿਨ ਭਗਵਾਨ ਧਨਵੰਤਰੀ, ਮਾਤਾ ਲਕਸ਼ਮੀ, ਭਗਵਾਨ ਕੁਬੇਰ ਅਤੇ ਯਮਰਾਜ ਦੀ ਪੂਜਾ ਕੀਤੀ ਜਾਂਦੀ ਹੈ, ਜਿਸ ਨਾਲ ਘਰ ’ਚ ਸੁੱਖ-ਸਮਰਿੱਧੀ ਤੇ ਅਰੋਗਤਾ ਆਉਂਦੀ ਹੈ। ਜੋਤਿਸ਼ ਅਨੁਸਾਰ ਧਨਤੇਰਸ ’ਤੇ ਸ਼ੁਭ ਮਹੂਰਤ ’ਚ ਕੀਤੀ ਗਈ ਖ਼ਰੀਦਦਾਰੀ ਘਰ ’ਚ 13 ਗੁਣਾ ਸੁੱਖ-ਸਮਰਿੱਧੀ ’ਚ ਵਾਧਾ ਕਰਦੀ ਹੈ।
ਅੱਜ ਸਵੇਰ ਤੋਂ ਹੀ ਸ਼ਹਿਰ ਦੇ ’ਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਸਨ। ਜਿੱਥੇ ਭਾਂਡੇ ਖ਼ਰੀਦਣ ’ਚ ਲੋਕੀ ਉਤਸ਼ਾਹ ਵਿਖਾ ਰਹੇ ਸਨ, ਉੱਥੇ ਹੀ ਭਾਵੇਂ ਸੋਨੇ ਦੇ ਰੇਟ ਅਸਮਾਨੀ ਛੂਹ ਰਹੇ ਹਨ, ਫਿਰ ਵੀ ਸੋਨੇ ਦੀ ਖ਼ਰੀਦਦਾਰੀ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ ।
ਅੱਜ ਦੇ ਦਿਨ ਹੀ ਲੋਕਾਂ ਵੱਲੋਂ ਮਿੱਟੀ ਦੇ ਦੀਵੇ ਅਤੇ ਹਟੜੀਆਂ ਵੀ ਖ਼ਰੀਦੀਆਂ ਗਈਆਂ ਅਤੇ ਕਈ ਥਾਵਾਂ ਦੇ ਉੱਤੇ ਖੰਡ ਦੇ ਖਿਡੋਣਿਆਂ ਦੀ ਵਿਕਰੀ ਵੀ ਜੋਰਾਂ ’ਤੇ ਰਹੀ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਕੱਪੜਿਆਂ ਅਤੇ ਹੋਰ ਚੀਜ਼ਾਂ ਦੀ ਲੱਗੀ ਸੇਲ ਵਿੱਚ ਵੀ ਸ਼ਹਿਰ ਵਾਸੀਆਂ ਵੱਲੋਂ ਚੰਗੀ ਦਿਲਚਸਪੀ ਦਿਖਾਈ ਜਾ ਰਹੀ ਹੈ। ਇਸ ਸਬੰਧੀ ਸਰਦਾਰ ਟ੍ਰੇਡਿੰਗ ਕੰਪਨੀ ਦੇ ਮਾਲਕ ਜਸਪ੍ਰੀਤ ਸਿੰਘ ਭਾਟੀਆ ਨੇ ਗੱਲ ਕਰਦਿਆਂ ਦੱਸਿਆ ਕਿ ਧਨਤੇਰਸ ’ਤੇ ਜਿੱਥੇ ਲੋਕਾਂ ਵੱਲੋਂ ਹੋਰ ਖਰੀਦਾਰੀ ਕੀਤੀ ਜਾ ਰਹੀ ਹੈ, ਉੱਥੇ ਹੀ ਅੱਜ ਬਾਕੀ ਦਿਨਾਂ ਨਾਲੋਂ ਇਲੈਕਟਰੋਨਿਕ ਦਾ ਸਮਾਨ ਜਿਆਦਾ ਵਿਕ ਰਿਹਾ ਹੈ ਅਤੇ ਉਸਦੇ ਵਿੱਚ ਵੀ ਲੋਕਾਂ ਵੱਲੋਂ ਐੱਲਸੀਡੀ ਅਤੇ ਆਟੋਮੈਟਿਕ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਨੂੰ ਖ਼ਰੀਦਣ ਵਿੱਚ ਜਿਆਦਾ ਦਿਲਚਸਪੀ ਦਿਖਾਈ ਜਾ ਰਹੀ ਹੈ। ਮਿੱਟੀ ਦੇ ਦੀਵਿਆਂ ਅਤੇ ਹੱਟੜੀਆਂ ਨੂੰ ਵੇਚ ਰਹੀ ਰਾਜ ਨੇ ਦੱਸਿਆ ਭਾਵੇਂ ਕਿ ਆਨਲਾਈਨ ਦੀਵਿਆਂ ਦੀ ਸੇਲ ਨੇ ਮਿੱਟੀ ਦੇ ਦੀਵਿਆਂ ਦੀ ਸੇਲ ’ਤੇ ਫਰਕ ਪਾਇਆ ਹੈ ਪਰ ਫਿਰ ਵੀ ਲੋਕਾਂ ਵੱਲੋਂ ਅੱਜ ਵੀ ਮਿੱਟੀ ਦੇ ਦੀਵਿਆਂ ਦੀ ਖ਼ਰੀਦ ਹੀ ਕੀਤੀ ਜਾ ਰਹੀ ਹੈ।