ਟਿੱਪਰ ਦੀ ਟੱਕਰ ਨਾਲ ਨੌਜਵਾਨ ਦੀ ਮੌਤ, 2 ਜਖ਼ਮੀ ਟਿੱਪਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
Publish Date: Thu, 05 Nov 2026 06:15 PM (IST)
Updated Date: Thu, 05 Nov 2026 06:17 PM (IST)
ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਪਿੰਡ ਪਲਾਟਾ ਨੇੜੇ ਤੇਜ਼ ਰਫ਼ਤਾਰ ਟਿੱਪਰ ਦੀ ਲਪੇਟ ’ਚ ਆਉਣ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਸ ਹਾਦਸੇ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਪੀਜੀਆਈ. ਚੰਡੀਗੜ੍ਹ ਵਿਖੇ ਇਲਾਜ ਅਧੀਨ ਹੈ। ਤੀਜੇ ਜ਼ਖ਼ਮੀ ਦਾ ਇਲਾਜ ਕਲਵਾਂ ਸਥਿਤ ਸੁਖਮਨੀ ਹਸਪਤਾਲ ’ਚ ਚੱਲ ਰਿਹਾ ਹੈ। ਪੁਲਿਸ ਨੇ ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਅਜੈ ਸਿੰਘ ਵਾਸੀ ਪਿੰਡ ਜੰਡਲਾ, ਥਾਣਾ ਨੰਗਲ ਨੇ ਦੱਸਿਆ ਕਿ 4 ਨਵੰਬਰ ਨੂੰ ਉਹ ਆਪਣੇ ਸਾਥੀਆਂ ਪ੍ਰਵੀਨ ਕੁਮਾਰ ਵਾਸੀ ਤਰਫ਼ ਮਜਾਰੀ ਅਤੇ ਬਲਵਿੰਦਰ ਸਿੰਘ ਵਾਸੀ ਸਪਾਲਵਾ ਨਾਲ ਮੋਟਰਸਾਈਕਲ ਨੰਬਰ ਪੀ ਬੀ 16 ਸੀ 5287 ’ਤੇ ਸਵਾਰ ਹੋ ਕੇ ਡਿਊਟੀ ਖ਼ਤਮ ਕਰਨ ਉਪਰੰਤ ਘਰ ਪਰਤ ਰਹੇ ਸਨ। ਸ਼ਾਮ ਕਰੀਬ 6:30 ਵਜੇ ਜਦੋਂ ਉਹ ਪਿੰਡ ਪਲਾਟਾ ਨੇੜੇ ਪਹੁੰਚੇ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੇ ਇੱਕ ਟਿੱਪਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਤਿੰਨੇ ਸੜਕ ’ਤੇ ਡਿੱਗ ਪਏ ਅਤੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਸ਼ਿਕਾਇਤਕਰਤਾ ਅਨੁਸਾਰ ਟਿੱਪਰ ਦਾ ਚਾਲਕ ਜਤਿੰਦਰ ਸਿੰਘ ਵਾਸੀ ਮਾਛੀਵਾੜਾ ਜ਼ਖ਼ਮੀਆਂ ਦੀ ਹਾਲਤ ਦੇਖ ਕੇ ਆਪਣਾ ਵਾਹਨ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਿਆ। ਆਸ-ਪਾਸ ਦੇ ਲੋਕਾਂ ਨੇ ਤਿੰਨਾਂ ਜ਼ਖ਼ਮੀਆਂ ਨੂੰ ਕਲਵਾਂ ਸਥਿਤ ਸੁਖਮਨੀ ਹਸਪਤਾਲ ਪਹੁੰਚਾਇਆ। ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪ੍ਰਵੀਨ ਕੁਮਾਰ ਤੇ ਬਲਵਿੰਦਰ ਸਿੰਘ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਪੀ.ਜੀ.ਆਈ. ਚੰਡੀਗੜ੍ਹ ਲਈ ਭੇਜ ਦਿੱਤਾ ਗਿਆ। ਪਰੰਤੂ ਰੂਪਨਗਰ ਨੇੜੇ ਰਸਤੇ ’ਚ ਹੀ ਪ੍ਰਵੀਨ ਕੁਮਾਰ ਦੀ ਮੌਤ ਹੋ ਗਈ, ਜਦਕਿ ਬਲਵਿੰਦਰ ਸਿੰਘ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਅਧੀਨ ਹੈ। ਪੁਲਿਸ ਚੌਕੀ ਕਲਵਾਂ ਦੇ ਇੰਚਾਰਜ ਸਹਾਇਕ ਥਾਣੇਦਾਰ ਧਰਮਪਾਲ ਨੇ ਦੱਸਿਆ ਕਿ ਅਜੈ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਟਿੱਪਰ ਚਾਲਕ ਜਤਿੰਦਰ ਸਿੰਘ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਧਾਰਾਵਾਂ 281, 106(1), 125(ਏ) ਅਤੇ 125(ਬੀ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।