18 ਲੱਖ ਦੀ ਲਾਗਤ ਨਾਲ ਬਣਿਆ 300 ਮੀਟਰ ਲੰਬਾ ਨਾਲਾ
ਲੋਕਾਂ ਨੂੰ ਮਿਲੇਗੀ ਵੱਡੀ ਰਾਹਤ ਨੂਰਪੁਰਬੇਦੀ-ਰੂਪਨਗਰ ਮੁੱਖ ਮਾਰਗ ’ਤੇ 18 ਲੱਖ ਦੀ ਲਾਗਤ ਨਾਲ ਬਣਿਆ 300 ਮੀਟਰ ਲੰਬਾ ਨਾਲਾਲੋਕਾਂ ਨੂੰ ਮਿਲੇਗੀ ਵੱਡੀ ਰਾਹਤ
Publish Date: Thu, 05 Nov 2026 06:09 PM (IST)
Updated Date: Thu, 05 Nov 2026 06:11 PM (IST)
ਲੋਕਾਂ ਨੂੰ ਮਿਲੇਗੀ ਵੱਡੀ ਰਾਹਤ ਪਿੰਡ ਭੱਟੋ ਦੀ ਪੰਚਾਇਤ ਤੇ ਲੋਕਾਂ ਨੇ ਵਿਧਾਇਕ ਦਿਨੇਸ਼ ਚੱਢਾ ਦਾ ਕੀਤਾ ਧੰਨਵਾਦ ਦਿਨੇਸ਼ ਹੱਲਣ , ਪੰਜਾਬੀ ਜਾਗਰਣ , ਨੂਰਪੁਰਬੇਦੀ : ਨੂਰਪੁਰ ਬੇਦੀ-ਰੂਪਨਗਰ ਮੁੱਖ ਮਾਰਗ ’ਤੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਹੁਣ ਵੱਡੀ ਰਾਹਤ ਮਿਲਣ ਜਾ ਰਹੀ ਹੈ। ਲੋਕ ਨਿਰਮਾਣ ਵਿਭਾਗ ਵੱਲੋਂ ਹਲਕਾ ਵਿਧਾਇਕ ਦਿਨੇਸ਼ ਚੱਢਾ ’ਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ.ਏ.ਵੀ. ਸਕੂਲ ਪੁਲੀ ਤੋਂ ਪਿੰਡ ਭੱਟੋ ਦੇ ਅੱਡੇ ਤੋਂ ਅੱਗੇ ਤੱਕ ਕਰੀਬ 300 ਮੀਟਰ ਲੰਬੇ ਨਾਲੇ ਦਾ ਨਿਰਮਾਣ 18 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕਰ ਦਿੱਤਾ ਗਿਆ ਹੈ। ਇਸ ਵਿਕਾਸ ਕਾਰਜ ਦੇ ਪੂਰਾ ਹੋਣ ਨਾਲ ਜਿੱਥੇ ਬਰਸਾਤੀ ਪਾਣੀ ਦੀ ਨਿਕਾਸੀ ਸੁਚਾਰੂ ਹੋਵੇਗੀ, ਉੱਥੇ ਹੀ ਨੇੜਲੇ ਰਿਹਾਇਸ਼ੀ ਇਲਾਕੇ ਦੇ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਵਿਭਾਗ ਦੇ ਜੇ .ਈ. ਗੁਰਦਿਆਲ ਸਿੰਘ ਗੋਲਡੀ ਨੇ ਦੱਸਿਆ ਕਿ ਇਸ ਸਥਾਨ ’ਤੇ ਪਹਿਲਾਂ ਪਾਣੀ ਦੀ ਨਿਕਾਸੀ ਦਾ ਕੋਈ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਬਰਸਾਤ ਦੇ ਮੌਸਮ ਦੌਰਾਨ ਸੜਕ ’ਤੇ ਪਾਣੀ ਇਕੱਠਾ ਹੋ ਜਾਂਦਾ ਸੀ। ਇਸ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਦੇ ਨਾਲ ਹੀ ਆਲੇ-ਦੁਆਲੇ ਦੇ ਘਰਾਂ ਦੇ ਪਾਣੀ ਦੀ ਨਿਕਾਸੀ ਵੀ ਪ੍ਰਭਾਵਿਤ ਹੁੰਦੀ ਸੀ, ਜਿਸ ਕਾਰਨ ਇਲਾਕਾ ਵਾਸੀ ਲੰਬੇ ਸਮੇਂ ਤੋਂ ਇਸ ਸਮੱਸਿਆ ਦੇ ਹੱਲ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ 300 ਮੀਟਰ ਲੰਬੇ ਨਾਲੇ ਦਾ ਕੰਮ ਪੂਰਾ ਹੋਣ ਨਾਲ ਪਾਣੀ ਦੀ ਨਿਕਾਸੀ ਲਈ ਸੁਚੱਜਾ ਪ੍ਰਬੰਧ ਹੋ ਗਿਆ ਹੈ। ਇਸ ਨਾਲ ਬਰਸਾਤ ਦੌਰਾਨ ਸੜਕ ’ਤੇ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਘਟੇਗੀ ਤੇ ਆਲੇ-ਦੁਆਲੇ ਦੇ ਵਸਨੀਕਾਂ ਨੂੰ ਵੀ ਰੋਜ਼ਾਨਾ ਦੀਆਂ ਮੁਸ਼ਕਲਾਂ ਤੋਂ ਰਾਹਤ ਮਿਲੇਗੀ। ਜੇ.ਈ. ਗੁਰਦਿਆਲ ਸਿੰਘ ਗੋਲਡੀ ਨੇ ਦੱਸਿਆ ਕਿ ਰੂਪਨਗਰ ਦੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਇਸ ਅਹਿਮ ਵਿਕਾਸ ਕਾਰਜ ਨੂੰ ਨੇਪਰੇ ਚਾੜ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਨਾ ਵਿਕਾਸ ਕਾਰਜਾਂ ਦੀ ਮੁੱਖ ਤਰਜੀਹ ਹੈ। ਉੱਧਰ, ਨਾਲੇ ਦਾ ਨਿਰਮਾਣ ਮੁਕੰਮਲ ਹੋਣ ’ਤੇ ਪਿੰਡ ਭੱਟੋ ਦੀ ਸਮੁੱਚੀ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲੇ ਦੇ ਬਣਨ ਨਾਲ ਇਲਾਕੇ ਦੀ ਲੰਬੇ ਸਮੇਂ ਤੋਂ ਚੱਲ ਰਹੀ ਨਿਕਾਸੀ ਦੀ ਸਮੱਸਿਆ ਦਾ ਹੱਲ ਹੋਵੇਗਾ ਤੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ।