- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀ.ਐਮ. ਸ਼੍ਰੀ ਸਕੂਲ ਨੂਰਪੁਰਬੇਦੀ ਵਿਖੇ ਪੁਰਾਣੇ ਅਧਿਆਪਕਾਂ ’ਤੇ ਹੋਣਹਾਰ ਸਾਬਕਾ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਸਕੂਲ ਦੀ ਤਰੱਕੀ ’ਚ ਸਾਬਕਾ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਭੂਮਿਕਾ ਅਹਿਮ : ਪ੍ਰਿੰ. ਅਨਿਲ ਕੁਮਾਰ
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂਰਪੁਰਬੇਦੀ ਵਿਖੇ ਸਕੂਲ ਦੇ ਪੁਰਾਣੇ ਅਧਿਆਪਕਾਂ ਤੇ ਸਾਬਕਾ ਵਿਦਿਆਰਥੀਆਂ ਨਾਲ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਪ੍ਰਿੰਸੀਪਲ ਅਨਿਲ ਕੁਮਾਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਸਕੂਲ ’ਚ ਲੰਮਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਸਾਬਕਾ ਅਧਿਆਪਕਾਂ ਤੇ ਇੱਥੋਂ ਪੜ੍ਹਾਈ ਕਰਕੇ ਵੱਖ-ਵੱਖ ਖੇਤਰਾਂ ’ਚ ਮੁਕਾਮ ਹਾਸਲ ਕਰਨ ਵਾਲੇ ਪੁਰਾਣੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ।
ਸਮਾਗਮ ’ਚ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜ ਕੁਮਾਰ ਖੋਸਲਾ, ਨੂਰਪੁਰਬੇਦੀ ਦੀ ਸਰਪੰਚ ਨਿਰਮਲਾ ਦੇਵੀ ਤੇ ਐਨ.ਆਰ.ਆਈ. ਜਰਨੈਲ ਸਿੰਘ ਲਾਲੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਸਨਮਾਨਿਤ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ। ਇਸ ਮੌਕੇ ਪ੍ਰਿੰਸੀਪਲ ਅਨਿਲ ਕੁਮਾਰ ਨੇ ਕਿਹਾ ਕਿ ਕਿਸੇ ਵੀ ਸਕੂਲ ਦੀ ਅਸਲ ਪਛਾਣ ਉਸ ਨਾਲ ਜੁੜੇ ਅਧਿਆਪਕਾਂ ਦੀ ਘਾਲਣਾ ਤੇ ਇੱਥੋਂ ਪੜ੍ਹ ਕੇ ਅੱਗੇ ਵਧਣ ਵਾਲੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨਾਲ ਬਣਦੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਅਧਿਆਪਕਾਂ ਵੱਲੋਂ ਦਿੱਤੀਆਂ ਸੇਵਾਵਾਂ ਸਕੂਲ ਦੇ ਇਤਿਹਾਸ ਦਾ ਅਹਿਮ ਹਿੱਸਾ ਹਨ, ਜਦਕਿ ਪੁਰਾਣੇ ਵਿਦਿਆਰਥੀਆਂ ਦੀ ਸਫ਼ਲਤਾ ਮੌਜੂਦਾ ਵਿਦਿਆਰਥੀਆਂ ਨੂੰ ਜ਼ਿੰਦਗੀ ’ਚ ਅੱਗੇ ਵਧਣ ਲਈ ਹੌਂਸਲਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਦੇ ਨਾਲ-ਨਾਲ ਸਕੂਲ ਤੇ ਇਸ ਨਾਲ ਜੁੜੇ ਪਰਿਵਾਰ ਦਰਮਿਆਨ ਸਾਂਝ ਨੂੰ ਵੀ ਮਜ਼ਬੂਤ ਕਰਦੇ ਹਨ।
ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜ ਕੁਮਾਰ ਖੋਸਲਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਧਿਆਪਕ ਸਮਾਜ ਦੀ ਨੀਂਹ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਸਿੱਖਿਆ, ਅਨੁਸ਼ਾਸਨ ਤੇ ਸੰਸਕਾਰ ਸਾਰੀ ਉਮਰ ਉਨ੍ਹਾਂ ਦੇ ਕੰਮ ਆਉਂਦੇ ਹਨ। ਉਨ੍ਹਾਂ ਸਕੂਲ ਵੱਲੋਂ ਆਪਣੇ ਪੁਰਾਣੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਨਮਾਨ ਦੇਣ ਦੀ ਪਹਿਲ ਦੀ ਭਰਪੂਰ ਸ਼ਲਾਘਾ ਕੀਤੀ।
ਸਰਪੰਚ ਨਿਰਮਲਾ ਦੇਵੀ ਨੇ ਕਿਹਾ ਕਿ ਆਪਣੇ ਸਕੂਲ ਦੀ ਬਿਹਤਰੀ ਲਈ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਯਾਦ ਕਰਨਾ ਤੇ ਉਨ੍ਹਾਂ ਦਾ ਮਾਣ-ਸਤਿਕਾਰ ਕਰਨਾ ਇੱਕ ਚੰਗੀ ਪਰੰਪਰਾ ਹੈ। ਉੱਧਰ ਐਨ.ਆਰ.ਆਈ. ਜਰਨੈਲ ਸਿੰਘ ਲਾਲੀ ਨੇ ਕਿਹਾ ਕਿ ਸਕੂਲ ਨਾਲ ਬਿਤਾਇਆ ਸਮਾਂ ਤੇ ਅਧਿਆਪਕਾਂ ਵੱਲੋਂ ਦਿੱਤੀ ਸਿੱਖਿਆ ਮਨੁੱਖ ਦੇ ਜੀਵਨ ’ਚ ਹਮੇਸ਼ਾ ਵਿਸ਼ੇਸ਼ ਸਥਾਨ ਰੱਖਦੀ ਹੈ। ਉਨ੍ਹਾਂ ਸਕੂਲ ਦੀ ਤਰੱਕੀ ਤੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਅਜਿਹੇ ਸਮਾਗਮ ਲਗਾਤਾਰ ਕਰਵਾਉਣ ਦੀ ਲੋੜ ਦੱਸੀ।
ਇਸ ਮੌਕੇ ਸਕੂਲ ਦੇ ਸਾਬਕਾ ਅਧਿਆਪਕਾਂ ਤੇ ਪੁਰਾਣੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਅਨਿਲ ਕੁਮਾਰ, ਸਮੂਹ ਸਟਾਫ਼ ਤੇ ਮਹਿਮਾਨਾਂ ਵੱਲੋਂ ਸਾਂਝੇ ਤੌਰ 'ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਗੁਰਪਾਲ ਕੌਰ, ਬਰਿੰਦਰ ਕੁਮਾਰ, ਰਮਨਦੀਪ ਕੌਰ, ਅਰਜੁਨ ਸਿੰਘ, ਅਮਰਦੀਪ ਸਿੰਘ, ਧਰਮਿੰਦਰ, ਜੇ.ਪੀ. ਸਿੰਘ, ਰਜਨੀਸ਼ ਸ਼ਰਮਾ, ਹਰਜੀਤ ਸੈਣੀ, ਗੁਰਦੀਪ ਕੌਰ, ਅਸ਼ਵਨੀ ਕੁਮਾਰ, ਛਿੰਦਾ ਭਟਨਾਗਰ, ਸੁਨੀਤਾ ਦੇਵੀ, ਸੰਗੀਤਾ ਭੰਡਾਰੀ, ਪੂਜਾ ਚੱਢਾ, ਅਜਮੇਰ ਖੇੜੀ, ਗੁਰਿੰਦਰ ਕੌਰ, ਨੀਰਜ ਬਾਲਾ, ਮੇਘਨਾ, ਰਜਨੀ ਬਾਲਾ, ਜਸਵੰਤ ਕੌਰ ਤੇ ਦਰਸ਼ਨ ਸਿੰਘ ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਮੌਜੂਦ ਸੀ।