ਭਾਖੜਾ ਨਹਿਰ ਕੰਢੇ ਬਣੇ ਇਸ਼ਨਾਨ ਘਾਟਾਂ ਦੀ ਹਾਲਤ ਖਸਤਾ ਭਾਖੜਾ ਨਹਿਰ ਕੰਢੇ ਬਣੇ ਇਸ਼ਨਾਨ ਘਾਟਾਂ ਦੀ ਹਾਲਤ ਖਸਤਾ
Publish Date: Thu, 05 Nov 2026 05:32 PM (IST)
Updated Date: Thu, 05 Nov 2026 05:35 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਇਤਿਹਾਸਿਕ ਨਗਰੀ ਸ਼੍ਰੀ ਕੀਰਤਪੁਰ ਸਾਹਿਬ ਸ਼ਹਿਰ ’ਚੋਂ ਲੰਘਦੀ ਭਾਖੜਾ ਨਦੀ ’ਤੇ ਪਹਿਲੀ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਚਰਨ ਕੰਵਲ ਨਜਦੀਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਸਥਾਨਕ ਲੋਕਾਂ ਤੇ ਸੰਗਤਾਂ ਲਈ ਬਣਾਏ ਇਸ਼ਨਾਨ ਘਰਾਂ ਦੀ ਇਨ੍ਹੀਂ ਦਿਨੀਂ ਦੁਰਦਸ਼ਾ ਹੋਈ ਪਈ ਹੈ। ਇਨ੍ਹਾਂ ਇਸ਼ਨਾਨ ਘਰਾਂ ’ਚ ਪਾਣੀ ’ਤੇ ਗੰਦਗੀ, ਝਾੜੀਆਂ ਤੇ ਪਾਣੀ ਉੱਪਰ ਫੈਲੀ ਬੂਟੀ ਕਾਰਨ ਗੰਦਾ ਟੋਭਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਮਹਿਲਾਵਾਂ ਲਈ ਬਣਾਇਆ ਗਿਆ ਇਸ਼ਨਾਨ ਘਰ ਚਾਰ ਦੀਵਾਰੀ ਹੋਣ ਕਰਕੇ ਨਸ਼ੇੜੀਆਂ ਦੇ ਨਸ਼ਾ ਕਰਨ ਦਾ ਅੱਡਾ ਬਣਿਆ ਹੋਇਆ ਹੈ। ਕਈ ਪ੍ਰਵਾਸੀ ਨਸ਼ਾ ਕਰਕੇ ਇੱਥੇ ਹੀ ਪਖਾਨਾ ਕਰ ਦਿੰਦੇ ਹਨ ਤੇ ਪਿਛਲੇ ਕਈ ਸਾਲਾਂ ਤੋਂ ਇਸ਼ਨਾਨ ਘਰਾਂ ਦੀ ਸਫ਼ਾਈ ਨਹੀਂ ਹੋ ਸਕੀ। ਔਰਤਾਂ ਲਈ ਬਣਾਏ ਇਸ਼ਨਾਨ ਘਰ ’ਚ ਝੂੰਡ ਝਾੜੀਆਂ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਦੋਂ ਕਿ ਇਲਾਕਾ ਨਿਵਾਸੀ ਮਰਦ ਤੇ ਔਰਤਾਂ ਪਰਿਵਾਰਿਕ ਮੈਂਬਰ ਦੀ ਮੌਤ ਤੋਂ ਬਾਅਦ ਇੱਥੇ ਦਸਨੋਣ ਕਰਨ ਆਉਂਦੇ ਹਨ ਮਜਬੂਰੀ ਬਸ ਉਨ੍ਹਾਂ ਨੂੰ ਗੰਦਗੀ ’ਚ ਹੀ ਨਹਾਉਣਾ ਤੇ ਕੱਪੜੇ ਧੋਣੇ ਪੈਂਦੇ ਹਨ। ਇਤਿਹਾਸਿਕ ਨਗਰੀ ’ਚ ਰੋਜ਼ਾਨਾ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਗੁਰੂ ਘਰਾਂ ’ਚ ਨਤਮਸਤਕ ਹੋਣ ਲਈ ਆਉਂਦੀਆਂ ਹਨ ਤੇ ਕਈ ਵਾਰ ਸੰਗਤਾਂ ਨਹਾਉਣ ਲਈ ਇਨ੍ਹਾਂ ਇਸ਼ਨਾਨ ਕਰਾਂ ਦਾ ਇਸਤੇਮਾਲ ਕਰਦੀਆਂ ਹਨ ਪਰ ਗੰਦਗੀ ਦੇ ਕਾਰਨ ਬਾਹਰੋਂ ਆਈ ਸੰਗਤ ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਬਾਹਰੋਂ ਆਈ ਸੰਗਤ ਜਦੋਂ ਬਸ ਅੱਡੇ ਤੋਂ ਸ਼ਹਿਰ ਵੱਲ ਜਾਂਦੀ ਹੈ ਤਾਂ ਛੋਟੀ ਪੂਲੀ ਪਾਰ ਕਰਦੇ ਸਮੇਂ ਸਭ ਤੋਂ ਪਹਿਲਾਂ ਨਜ਼ਰ ਇਸ ਗੰਦਗੀ ਦੇ ਉੱਪਰ ਹੀ ਪੈਂਦੀ ਹੈ। ਇਸ ਸਬੰਧੀ ਨਗਰ ਪੰਚਾਇਤ ਦੇ ਪ੍ਰਧਾਨ ਗੁਰਮੀਤ ਸਿੰਘ ਟੀਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਭਾਖੜਾ ਬਿਆਸ ਮੈਨੇਜਮੈਂਟ ਦੇ ਅਧੀਨ ਹੈ ਬਾਹਰ ਦੀ ਸਫ਼ਾਈ ਤਾਂ ਨਗਰ ਪੰਚਾਇਤ ਕਰਵਾ ਸਕਦੀ ਹੈ ਪਰ ਅੰਦਰ ਦੀ ਸਫ਼ਾਈ ਬੀਬੀਐੱਮਬੀ ਹੀ ਕਰਵਾ ਸਕਦੀ ਹੈ। ਸਥਾਨਕ ਇਲਾਕਾ ਨਿਵਾਸੀਆਂ ਨੇ ਬੀਬੀਐੱਮਬੀ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਇਸ਼ਨਾਨ ਘਰਾਂ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਵਾਟਰ ਸਪਲਾਈ ’ਚ ਪੀਣ ਵਾਲੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਬੀਤੇ ਕਈ ਸਾਲਾਂ ਤੋਂ ਬੀਬੀਐੱਮਬੀ ਵੱਲੋਂ ਨਹੀਂ ਕਰਵਾਈ ਸਫ਼ਾਈ ਕਿਸੇ ਸਮੇਂ ਇਹ ਇਸ਼ਨਾਨ ਕਰ ਸਥਾਨਕ ਲੋਕਾਂ ਦੀ ਲਾਈਫ ਲਾਈਨ ਮੰਨੀ ਜਾਂਦੀ ਸੀ ਤੇ ਸਾਰੇ ਸ਼ਹਿਰ ਵਾਸੀ ਇਨ੍ਹਾਂ ਇਸ਼ਨਾਨ ਘਰਾਂ ’ਚ ਨਹਾਉਂਦੇ ਤੇ ਕੱਪੜੇ ਧੋਂਦੇ ਸਨ ਇਥੋਂ ਤੱਕ ਕਿ ਗਰਮੀਆਂ ’ਚ ਪੀਣ ਲਈ ਠੰਡਾ ਪਾਣੀ ਇਸੇ ਨਹਿਰ ’ਚੋਂ ਲੈ ਕੇ ਜਾਂਦੇ ਸਨ। ਇਸ ਦੇ ਨਾਲ ਹੀ ਕੁਝ ਮੀਟਰ ਦੀ ਦੂਰੀ ’ਤੇ ਜਲ ਸਪਲਾਈ ਵਿਭਾਗ ਵੱਲੋਂ ਇਸੇ ਨਹਿਰ ’ਚੋਂ ਸਪਲਾਈ ਦਿੱਤੀ ਗਈ ਹੈ, ਜੋ ਕਿ ਪੂਰੇ ਸ਼ਹਿਰ ਦੇ ਨਾਲ-ਨਾਲ ਨੂਰਪੁਰ ਬੇਦੀ ਇਲਾਕੇ ਦੇ ਕਈ ਪਿੰਡਾਂ ਤੇ ਚੰਗਰ ਨੂੰ ਸਪਲਾਈ ਜਾਂਦੀ ਹੈ। ਪਹਿਲਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਹਰ ਸਾਲ ਇਨ੍ਹਾਂ ਘਾਟਾਂ ਦੀ ਸਫ਼ਾਈ ਕੀਤੀ ਜਾਂਦੀ ਸੀ, ਪਰ ਹੁਣ ਕਈ ਸਾਲ ਬੀਤ ਚੁੱਕੇ ਹਨ ਇਨ੍ਹਾਂ ਦੀ ਸਫ਼ਾਈ ਨਹੀਂ ਹੋਈ। ਨਸ਼ੇੜੀ ਪ੍ਰਵਾਸੀਆਂ ਵਲੋਂ ਪਾਇਆ ਜਾ ਰਿਹਾ ਗੰਦ ਪਰਵਾਸੀਆਂ ਵੱਲੋਂ ਪਾਈ ਗਈ ਗੰਦਗੀ ਅੱਗੇ ਨਹਿਰ ’ਚ ਜਾ ਮਿਲਦੀ ਹੈ ਤੇ ਉਹ ਹੀ ਪਾਣੀ ਪੀਣ ਲਈ ਵਰਤਿਆ ਜਾਂਦਾ ਹੈ। ਸਥਾਨਕ ਲੋਕਾਂ ਵੱਲੋਂ ਵੀ ਇਹ ਮੁੱਦਾ ਕਈ ਵਾਰ ਸੋਸ਼ਲ ਮੀਡੀਆ ਤੇ ਚੱਕਿਆ ਗਿਆ ਪਰ ਅਧਿਕਾਰੀਆਂ ਵੱਲੋਂ ਅਣਸੁਣਿਆ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹਰ ਸਾਲ ਜਦੋਂ ਨਹਿਰ ਦੇ ਕੰਢਿਆਂ ਦੀ ਸਫ਼ਾਈ ਕੀਤੀ ਜਾਂਦੀ ਸੀ ਤਾਂ ਇਨ੍ਹਾਂ ਘਾਟਾਂ ਦੀ ਵੀ ਸਫ਼ਾਈ ਹੋ ਜਾਂਦੀ ਸੀ ਪਰ ਹੁਣ ਲੰਮੇ ਸਮੇਂ ਤੋਂ ਨਾ ਤਾਂ ਨਹਿਰ ਦੀਆਂ ਪਟੜੀਆਂ ਦੀ ਸਫ਼ਾਈ ਹੋ ਸਕੀ ਤੇ ਨਾ ਹੀ ਇਸ਼ਨਾਨ ਘਰਾਂ ਦੀ। ਔਰਤਾਂ ਲਈ ਬਣੇ ਇਸ਼ਨਾਨ ਘਰ ’ਚ ਨੌਜਵਾਨ ਕਈ ਤਰ੍ਹਾਂ ਦੇ ਨਸ਼ੇ ਕਰਦੇ ਹਨ।