ਬੜੀਵਾਲ ਦੇ ਨੌਜਵਾਨ ਦੀ ਹੋਈ ਬੱਲੇ-ਬੱਲੇ ਬੜੀਵਾਲ ਦੇ ਨੌਜਵਾਨ ਦੀ ਹੋਈ ਬੱਲੇ-ਬੱਲੇ, 140 ਰੁਪਏ ਦੀ ਲਾਟਰੀ ਬੁੱਕ ’ਚੋਂ ਨਿਕਲਿਆ ਇੱਕ ਲੱਖ ਦਾ ਇਨਾਮ
Publish Date: Thu, 05 Nov 2026 05:24 PM (IST)
Updated Date: Thu, 05 Nov 2026 05:26 PM (IST)
140 ਰੁਪਏ ਦੀ ਲਾਟਰੀ ਬੁੱਕ ’ਚੋਂ ਨਿਕਲਿਆ 1 ਲੱਖ ਦਾ ਇਨਾਮ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਦੀਵਾਲੀ ਦਾ ਤਿਉਹਾਰ ਜਿੱਥੇ ਹਰ ਕਿਸੇ ਦੇ ਜੀਵਨ ’ਚ ਖੁਸ਼ੀਆਂ ਤੇ ਉਮੀਦਾਂ ਦੇ ਰੰਗ ਭਰਦਾ ਹੈ, ਉੱਥੇ ਹੀ ਖੇਤਰ ਦੇ ਪਿੰਡ ਬੜੀਵਾਲ ਦੇ ਇੱਕ ਨੌਜਵਾਨ ਲਈ ਇਹ ਤਿਉਹਾਰ ਉਸ ਸਮੇਂ ਹੋਰ ਵੀ ਯਾਦਗਾਰ ਬਣ ਗਿਆ, ਜਦੋਂ ਉਸ ਦੀ ਕਿਸਮਤ ਨੇ ਅਜਿਹੀ ਪਲਟੀ ਮਾਰੀ ਕਿ ਮਹਿਜ਼ 140 ਰੁਪਏ ਦੀ ਲਾਟਰੀ ਬੁੱਕ ਨੇ ਉਸ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿਵਾ ਦਿੱਤਾ। ਇਸ ਖੁਸ਼ਖਬਰੀ ਤੋਂ ਬਾਅਦ ਨੌਜਵਾਨ ਹਰਵਿੰਦਰ ਸਿੰਘ ਦੀ ਇਲਾਕੇ ’ਚ ਖੂਬ ਚਰਚਾ ਹੋ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਬੜੀਵਾਲ ਦੇ ਵਸਨੀਕ ਹਰਵਿੰਦਰ ਸਿੰਘ ਨੇ ਬੀਤੇ ਦਿਨੀਂ ਮਹਿਤਾ ਲਾਟਰੀ ਏਜੰਸੀ ਮੋਰਿੰਡਾ ਦੀ ਨੂਰਪੁਰਬੇਦੀ ਸਥਿਤ ਬ੍ਰਾਂਚ ਨੈਣਾ ਦੇਵੀ ਲਾਟਰੀ ਸਟਾਲ ਤੋਂ ਨਾਗਾਲੈਂਡ ਸਟੇਟ ਲਾਟਰੀ ਦੀ 10 ਰੁਪਏ ਪ੍ਰਤੀ ਟਿਕਟ ਵਾਲੀ 14 ਮਿੰਨੀ ਲਾਟਰੀ ਟਿਕਟਾਂ ਦੀ ਬੁੱਕ ਖਰੀਦੀ ਸੀ। ਇਸ ਬੁੱਕ ਦੀ ਕੁੱਲ ਕੀਮਤ 140 ਰੁਪਏ ਸੀ। ਜਦੋਂ ਲਾਟਰੀ ਦਾ ਨਤੀਜਾ ਸਾਹਮਣੇ ਆਇਆ ਤਾਂ ਹਰਵਿੰਦਰ ਸਿੰਘ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਕਿਉਂਕਿ ਉਸ ਦੀ ਟਿਕਟ ’ਤੇ ਇੱਕ ਲੱਖ ਰੁਪਏ ਦਾ ਇਨਾਮ ਨਿਕਲਿਆ। ਛੋਟੀ ਜਿਹੀ ਰਕਮ ਨਾਲ ਖਰੀਦੀ ਲਾਟਰੀ ਨੇ ਉਸ ਦੀ ਦੀਵਾਲੀ ਦੀਆਂ ਖੁਸ਼ੀਆਂ ਨੂੰ ਹੋਰ ਵੀ ਦੁੱਗਣਾ ਕਰ ਦਿੱਤਾ। ਇਸ ਮੌਕੇ ਲਾਟਰੀ ਸਟਾਲ ਦੇ ਸੰਚਾਲਕ ਸਤਪਾਲ ਹੱਲਣ ਤੇ ਬਲਵਿੰਦਰ ਹੱਲਣ ਨੇ ਦੱਸਿਆ ਕਿ ਉਨ੍ਹਾਂ ਦੇ ਸਟਾਲ ’ਤੇ ਰੋਜ਼ਾਨਾ, ਹਫ਼ਤਾਵਾਰੀ ਤੇ ਦੀਵਾਲੀ ਸਮੇਤ ਹੋਰ ਵਿਸ਼ੇਸ਼ ਤਿਉਹਾਰਾਂ ਮੌਕੇ ਕੱਢੇ ਜਾਣ ਵਾਲੇ ਵੱਖ-ਵੱਖ ਸੂਬਿਆਂ ਦੇ ਲਾਟਰੀ ਡਰਾਅ ਦੀਆਂ ਟਿਕਟਾਂ ਉਪਲਬਧ ਹਨ। ਇਨ੍ਹਾਂ ਲਾਟਰੀਆਂ ’ਚ ਹਜ਼ਾਰਾਂ ਰੁਪਏ ਤੋਂ ਲੈ ਕੇ ਕਰੋੜਾਂ ਰੁਪਏ ਤੱਕ ਦੇ ਇਨਾਮ ਰੱਖੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਰਵਿੰਦਰ ਸਿੰਘ ਨੂੰ ਮਿਲਿਆ ਇਹ ਇਨਾਮ ਇਲਾਕੇ ਲਈ ਵੀ ਖੁਸ਼ੀ ਦੀ ਗੱਲ ਹੈ।