ਨਵੀਂ ਸੂਬਾ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਛੇਵੇਂ ਸੂਬਾ ਪੱਧਰੀ ਅਜਲਾਸ ਵਿੱਚ ਨਵੀਂ ਸੂਬਾ ਕਮੇਟੀ ਦੀ ਸਰਬਸੰਮਤੀ ਨਾਲ ਚੋਣ
Publish Date: Thu, 05 Nov 2026 05:19 PM (IST)
Updated Date: Thu, 05 Nov 2026 05:20 PM (IST)
ਜਗਜੀਤ ਸਿੰਘ ਸਾਹਨੇਵਾਲ ਬਣੇ ਸੂਬਾ ਪ੍ਰਧਾਨ ਪ੍ਰਿਤਪਾਲ ਸਿੰਘ ਰਾਣਾ ਅੰਗਮਪੁਰ ਨੂੰ ਮਿਲੀ ਸਕੱਤਰ ਜਨਰਲ ਦੀ ਜ਼ਿੰਮੇਵਾਰੀ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਛੇਵਾਂ ਸੂਬਾ ਪੱਧਰੀ ਇਜਲਾਸ ਜਥੇਬੰਦੀ ਦੇ ਫਾਊਂਡਰ ਮੈਂਬਰਾਂ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਜਥੇਬੰਦੀ ਦੀ ਨਵੀਂ ਸੂਬਾ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ’ਚ ਜਗਜੀਤ ਸਿੰਘ ਸਾਹਨੇਵਾਲ ਨੂੰ ਸੂਬਾ ਪ੍ਰਧਾਨ ਤੇ ਪ੍ਰਿਤਪਾਲ ਸਿੰਘ ਰਾਣਾ ਅੰਗਮਪੁਰ ਨੂੰ ਸਕੱਤਰ ਜਨਰਲ ਚੁਣਿਆ ਗਿਆ। ਇਜਲਾਸ ਦੀ ਅਗਵਾਈ ਜਥੇਬੰਦੀ ਦੇ ਫਾਊਂਡਰ ਮੈਂਬਰਾਂ ਸਾਥੀ ਰਣਜੀਤ ਸਿੰਘ, ਗੁਰਿੰਦਰਜੀਤ ਸਿੰਘ ਮਜੀਠਾ, ਪ੍ਰਭਜਿੰਦਰ ਸਿੰਘ ਅੰਮ੍ਰਿਤਸਰ, ਦਲਵਿੰਦਰ ਸਿੰਘ ਗਿੱਲ, ਵਾਸ਼ਿੰਗਟਨ ਸਿੰਘ ਸਮੀਰੋਵਾਲ ਤੇ ਸਾਬਕਾ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਨੇ ਕੀਤੀ। ਸਮੁੱਚੇ ਪ੍ਰੋਗਰਾਮ ਦੇ ਪ੍ਰਬੰਧਾਂ ’ਚ ਜਥੇਬੰਦੀ ਦੇ ਸੀਨੀਅਰ ਆਗੂ ਹਰਭਜਨ ਸਿੰਘ ਮੰਡ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਜਲਾਸ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਆਗੂਆਂ ਨੇ ਅਧਿਆਪਕਾਂ ਤੇ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਸਰਬਸੰਮਤੀ ਨਾਲ ਚੁਣੀ ਗਈ ਨਵੀਂ ਕਮੇਟੀ ’ਚ ਹਰਭਜਨ ਸਿੰਘ ਨੂੰ ਸਰਪ੍ਰਸਤ, ਜਗਜੀਤ ਸਿੰਘ ਸਾਹਨੇਵਾਲ ਨੂੰ ਸੂਬਾ ਪ੍ਰਧਾਨ, ਅਰਜਿੰਦਰ ਸਿੰਘ ਕਲੇਰ ਨੂੰ ਜਨਰਲ ਸਕੱਤਰ, ਰਮਨ ਕੁਮਾਰ ਨੂੰ ਉਪ ਪ੍ਰਧਾਨ, ਬਲਵਿੰਦਰ ਸਿੰਘ ਨੂੰ ਵਿੱਤ ਸਕੱਤਰ, ਸੰਦੀਪ ਕੁਮਾਰ ਨੂੰ ਸੂਬਾ ਪ੍ਰੈੱਸ ਸਕੱਤਰ, ਪਰਵਿੰਦਰ ਸਿੰਘ ਗੋਤਰਾ ਨੂੰ ਪ੍ਰੈੱਸ ਸਕੱਤਰ ਤੇ ਪ੍ਰਿਤਪਾਲ ਸਿੰਘ ਰਾਣਾ ਅੰਗਮਪੁਰ ਨੂੰ ਸਕੱਤਰ ਜਨਰਲ ਚੁਣਿਆ ਗਿਆ। ਇਸੇ ਤਰ੍ਹਾਂ ਲਖਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਮੋਹਾਲੀ ਨੂੰ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਬਾਜਵਾ ਤੇ ਬਰਿੰਦਰ ਸਿੰਘ ਨੂੰ ਮੀਤ ਪ੍ਰਧਾਨ, ਜਸਵੀਰ ਸਿੰਘ ਸਿੱਧੂ ਨੂੰ ਸਕੱਤਰ ਜਨਰਲ, ਸੁਖਵਿੰਦਰ ਸਿੰਘ ਤੇ ਕੁਲਦੀਪ ਸਿੰਘ ਨੂੰ ਜਥੇਬੰਦਕ ਸਕੱਤਰ ਤੇ ਪਰਮਿੰਦਰ ਸਿੰਘ ਪੰਗਲ ਨੂੰ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਆਗੂਆਂ ਨੇ ਦੱਸਿਆ ਕਿ ਜਥੇਬੰਦੀ ਦੇ ਵਿਸਥਾਰ ਤੇ ਮਜ਼ਬੂਤੀ ਲਈ ਰਹਿੰਦੇ ਸਾਥੀਆਂ ਨੂੰ ਵੀ ਆਉਣ ਵਾਲੇ ਸਮੇਂ ’ਚ ਸੂਬਾ ਕਮੇਟੀ ’ਚ ਸ਼ਾਮਲ ਕੀਤਾ ਜਾਵੇਗਾ। ਇਜਲਾਸ ’ਚ ਮੁਲਾਜ਼ਮਾਂ ਦੀਆਂ ਪ੍ਰਮੁੱਖ ਮੰਗਾਂ ਸਬੰਧੀ ਵਿਸਥਾਰਪੂਰਵਕ ਮੰਗ ਪੱਤਰ ਤਿਆਰ ਕਰਕੇ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਗਿਆ। ਇਸ ਦੌਰਾਨ ਨਵੀਂ ਪੈਨਸ਼ਨ ਸਕੀਮ (ਐੱਨ.ਪੀ.ਐੱਸ.) ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ (ਓ.ਪੀ.ਐੱਸ.) ਬਹਾਲ ਕਰਨ ਦੀ ਮੰਗ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ। ਇਸ ਤੋਂ ਇਲਾਵਾ 253 ਅਧਿਆਪਕਾਂ ਦੀਆਂ ਟਰਮੀਨੇਸ਼ਨ ਸਬੰਧੀ ਕਾਰਵਾਈਆਂ ਦੀ ਸਖ਼ਤ ਨਿਖੇਧੀ ਕਰਦਿਆਂ ਰੋਸ ਮਤਾ ਵੀ ਪਾਸ ਕੀਤਾ ਗਿਆ। ਆਗੂਆਂ ਨੇ ਮਾਸਟਰ ਕੇਡਰ ਤੋਂ ਲੈਕਚਰਾਰ ਤੇ ਹੋਰ ਉੱਚ ਅਹੁਦਿਆਂ ਤੱਕ ਸਮਾਂਬੱਧ ਤਰੱਕੀਆਂ ਯਕੀਨੀ ਬਣਾਉਣ ਲਈ ਢੁੱਕਵੀਂ ਪ੍ਰਮੋਸ਼ਨ ਨੀਤੀ ਬਣਾਉਣ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਤੇ ਏਰੀਅਰ ਜਾਰੀ ਕਰਨ, ਏ.ਸੀ.ਪੀ. ਸਕੀਮ ਲਾਗੂ ਕਰਨ ਤੇ 15 ਜਨਵਰੀ 2015 ਤੇ 17 ਜੁਲਾਈ 2020 ਨਾਲ ਸਬੰਧਤ ਮੁਲਾਜ਼ਮ ਵਿਰੋਧੀ ਪੱਤਰ ਰੱਦ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲੰਬੇ ਸਮੇਂ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿਸ ਕਾਰਨ ਅਧਿਆਪਕਾਂ ਤੇ ਮੁਲਾਜ਼ਮਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਮੰਗ ਪੱਤਰ ਦੇ ਆਧਾਰ ’ਤੇ ਆਉਣ ਵਾਲੇ ਦਿਨਾਂ ’ਚ ਲੰਬਾ ਤੇ ਯੋਜਨਾਬੱਧ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਅੰਤ ’ਚ ਨਵੀਂ ਚੁਣੀ ਗਈ ਸੂਬਾ ਕਮੇਟੀ ਨੇ ਭਰੋਸਾ ਦਿੱਤਾ ਕਿ ਮਾਸਟਰ ਕੇਡਰ ਯੂਨੀਅਨ ਪੰਜਾਬ ਅਧਿਆਪਕਾਂ ਤੇ ਸਮੁੱਚੇ ਮੁਲਾਜ਼ਮ ਵਰਗ ਦੇ ਹੱਕਾਂ ਦੀ ਰਾਖੀ ਲਈ ਪੂਰੀ ਦ੍ਰਿੜ੍ਹਤਾ ਨਾਲ ਕੰਮ ਕਰੇਗੀ ਤੇ ਜਥੇਬੰਦੀ ਨੂੰ ਸੂਬੇ ਦੇ ਹਰ ਜ਼ਿਲ੍ਹੇ ਤੇ ਬਲਾਕ ਪੱਧਰ ਤੱਕ ਮਜ਼ਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।