ਬੈਂਸ ਨੇ ਆਊਟਸੋਰਸ ਮੁਲਾਜਮਾਂ ਦੇ ਆਗੂਆਂ ਨਾਲ ਦੁਹਰਾਈ ਆਪਣੀ ਵਚਨਬੱਧਤਾ ਮੰਤਰੀ ਬੈਂਸ ਨੇ ਆਊਟਸੋਰਸ ਮੁਲਾਜਮਾਂ ਦੇ ਆਗੂਆਂ ਨਾਲ ਦੁਹਰਾਈ ਆਪਣੀ ਵਚਨ ਵੱਧਤਾ
Publish Date: Thu, 05 Nov 2026 04:34 PM (IST)
Updated Date: Thu, 05 Nov 2026 04:35 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਆਪਣੀ ਜੱਦੀ ਰਿਹਾਇਸ਼ ਸ਼੍ਰੀ ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਸ਼੍ਰੀ ਅਨੰਦਪੁਰ ਸਾਹਿਬ ਦੇ ਆਊਟਸੋਰਸ ਮੁਲਾਜਮਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ। ਇਸ ਤੋਂ ਬਾਅਦ ਸ਼ਾਮ ਨੂੰ ਜਲ ਸਪਲਾਈ ਵਿਭਾਗ ਪੰਜਾਬ ਦੇ ਆਊਟਸੋਰਸ ਮੁਲਾਜਮਾਂ ਦੇ ਨੁਮਾਇੰਦੇ ਮੱਖਣ ਕਾਲਸ, ਕਪਿਲ ਮਹਿੰਦਲੀ ਦਾ ਵਫ਼ਦ ਗੁਰਜੀਤ ਸਿੰਘ ਲਮਲੈਹੜੀ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਕੋਲ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਵੀ ਨਿਯੁਕਤੀ ਪੱਤਰ ਜਾਰੀ ਕਰਵਾਉਣ ਦੀ ਅਪੀਲ ਕਰਨ ਪਹੁੰਚਿਆ। ਇਸ ਮੌਕੇ ’ਤੇ ਕੈਬਨਿਟ ਮੰਤਰੀ ਸਰਦਾਰ ਬੈਂਸ ਨੇ ਆਗੂਆਂ ਨੂੰ ਕਿਹਾ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਮਾਣਯੋਗ ਮੁੱਖ ਮੰਤਰੀ ਜੀ ਵਲੋਂ ਜਲਦ ਹੀ ਰਹਿੰਦੇ ਆਊਟਸੋਰਸ ਮੁਲਾਜਮਾਂ ਨੂੰ ਵੀ ਨਿਯੁਕਤੀ ਪੱਤਰ ਜਾਰੀ ਕਰਕੇ ਆਊਟਸੋਰਸ ਪ੍ਰਨਾਲੀ ਨੂੰ ਪੰਜਾਬ ’ਚੋਂ ਖਤਮ ਕਰਨ ਦੀ ਪੁਲਾਂਘ ਪੁੱਟੀ ਜਾਵੇਗੀ। ਆਗੂਆਂ ਨੇ ਕਿਹਾ ਕਿ ਅਤਿ ਜਲਦੀ ਸਾਰੇ ਆਊਟਸੋਰਸ ਇੰਨਲਿਸਟਮੈਂਟ ਮੁਲਾਜਮਾਂ ਨੂੰ ਨਿਯੁਕਤੀ ਪੱਤਰ ਦੇ ਕੇ ਤਿਓਹਾਰੀ ਸੀਜ਼ਨ ’ਚ ਰਾਹਤ ਦਿੱਤੀ ਜਾਵੇ। ਇਸ ਤੋਂ ਇਲਾਵਾ ਗੁਰਜੀਤ ਲਮਲੈਹੜੀ ਨੇ ਮੰਤਰੀ ਅੱਗੇ ਫ਼ਰਿਆਦ ਰੱਖੀ ਸ਼੍ਰੀ ਅਨੰਦਪੁਰ ਸਾਹਿਬ ਦੇ ਸਮੂਹ ਆਊਟਸੋਰਸ ਤੇ ਇੰਨਲਿਸਟਮੈਂਟ ਮੁਲਾਜਮਾਂ ਨੂੰ ਬਿਨਾਂ ਕਿਸੇ ਅਹੁਦੇ, ਉਮਰ ਮੱਦ, ਤਕਨੀਕੀ ਸਿੱਖਿਆ, ਵਿੱਦਿਅਕ ਯੋਗਤਾ ਦੇ ਭੇਦਭਾਵ ਕੀਤਿਆਂ ਸੋ ਪ੍ਰਤੀਸ਼ਤ ਵਰਕਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ। ਇਸ ਲਈ ਤਿੰਨ ਸਾਲ ਤੇ ਪੰਜ ਸਾਲ ਦੇ ਸੇਵਾ ਸ਼ਰਤ ਨੂੰ ਮਨਜ਼ੂਰ ਕੀਤਾ ਜਾਵੇ। ਮੀਟਿੰਗ ਉਪਰੰਤ ਆਗੂਆਂ ਵਲੋਂ ਗਵਰਨਰ ਨਾਲ ਹੋਣ ਵਾਲੀ ਮੀਟਿੰਗ ਨੂੰ ਕੁਝ ਦਿਨ ਅੱਗੇ ਪਾਓਣ ਦੀ ਬੇਨਤੀ ਉਨਾਂ ਦੇ ਦਫਤਰ ਨੂੰ ਭੇਜ ਦਿੱਤੀ ਗਈ। ਆਗੂਆਂ ਨੇ ਕਿਹਾ ਕਿ ਜੇਕਰ ਹੁਣ ਵੀ ਨਿਯੁਕਤੀ ਪੱਤਰ ਜਾਰੀ ਕਰਕੇ ਵਰਕਰਾਂ ਦੇ ਸੰਘਰਸ਼ ਨੂੰ ਬੂਰ ਨਾਂ ਪਿਆ ਤਾਂ 14 ਨਵੰਬਰ ਨੂੰ ਸੂਬਾ ਕਮੇਟੀ ਦੇ ਸੱਦੇ ’ਤੇ ਧੂਰੀ ਪ੍ਰੋਗਰਾਮ ’ਚ ਪੂਰੇ ਜੋਸ਼ ਤੇ ਜ਼ਾਬਤੇ ਨਾਲ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ’ਤੇ ਓਐੱਸਡੀ ਟੂ ਕੈਬਨਿਟ ਮੰਤਰੀ ਗੁਰਭਾਗ ਸਿੰਘ, ਉਨ੍ਹਾਂ ਦੇ ਨਿਜੀ ਸਹਾਇਕ ਨਿਤਿਨ ਬਾਸੋਵਾਲ, ਅੰਕੂਸ ਪਾਠਕ, ਕਾਕਾ ਭਲਾਣ ਹਾਜ਼ਰ ਸਨ।