ਗੁਰਦੁਆਰਾ ਸ੍ਰੀ ਕੋਟ ਸਾਹਿਬ ਦੇ ਦਰਬਾਰ ਹਾਲ ਦਾ ਲੈਂਟਰ ਪਾਇਆ ਗੁਰਦੁਆਰਾ ਸ੍ਰੀ ਕੋਟ ਸਾਹਿਬ ਦੇ ਦਰਬਾਰ ਹਾਲ ਦਾ ਲੈਂਟਰ ਪਾਇਆ
Publish Date: Thu, 05 Nov 2026 04:24 PM (IST)
Updated Date: Thu, 05 Nov 2026 04:26 PM (IST)
ਜਥੇਦਾਰ ਬਾਬਾ ਬਚਨ ਸਿੰਘ ਜੀ ਦਿੱਲੀ ਵਾਲਿਆਂ ਦੀ ਵਿਸ਼ੇਸ਼ ਹਾਜ਼ਰੀ ’ਚ ਸ਼ੁਰੂ ਹੋਈ ਸੇਵਾ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਦੀ ਰਹਿਨੁਮਾਈ ਤੇ ਮੌਜੂਦਾ ਜਥੇਦਾਰ ਬਾਬਾ ਬਚਨ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰੂ ਘਰਾਂ ’ਚ ਚੱਲ ਰਹੀਆਂ ਕਾਰ ਸੇਵਾ ਦੀਆਂ ਸੇਵਾਵਾਂ ਤਹਿਤ ਅੱਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੀਰੀ-ਮੀਰੀ ਤਖ਼ਤ ਗੁਰਦੁਆਰਾ ਸ੍ਰੀ ਕੋਟ ਸਾਹਿਬ ਦੇ ਦਰਬਾਰ ਹਾਲ ਦੀ ਇਮਾਰਤ ਦਾ ਪਹਿਲਾ ਲੈਂਟਰ ਪਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਜਥੇਦਾਰ ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ ਪਹੁੰਚੇ ਹੋਏ ਸਨ। ਸੇਵਾ ਦੀ ਆਰੰਭਤਾ ਮੌਕੇ ਸਵੇਰੇ ਗਿਆਨੀ ਜੋਗਿੰਦਰ ਸਿੰਘ ਜੀ ਹੈੱਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਲੈਂਟਰ ਪਾਉਣ ਦੇ ਕਾਰਜ ਦੀ ਆਰੰਭਤਾ ਲਈ ਅਰਦਾਸ ਕੀਤੀ ਗਈ। ਉਪਰੰਤ ਗੁਰਦੁਆਰਾ ਸ੍ਰੀ ਕੋਟ ਸਾਹਿਬ ਵਿਖੇ ਦਰਬਾਰ ਹਾਲ ਦੇ ਲੈਂਟਰ ਦੀ ਸੇਵਾ ਸ਼ੁਰੂ ਕੀਤੀ ਗਈ। ਇਸ ਮੌਕੇ ਸਰਬਦਿਆਲ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਜਥੇਦਾਰ ਬਾਬਾ ਬਚਨ ਸਿੰਘ ਦਾ ਗੁਰੂ ਘਰਾਂ ’ਚ ਕਰਵਾਈਆਂ ਜਾ ਰਹੀਆਂ ਸੇਵਾਵਾਂ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਕੁਲਦੀਪ ਸਿੰਘ ਨੇ ਦੱਸਿਆ ਕਿ ਕਾਰ ਸੇਵਾ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦੀ ਰਹਿਨੁਮਾਈ ਤੇ ਜਥੇਦਾਰ ਬਾਬਾ ਬਚਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰਦੁਆਰਾ ਸ੍ਰੀ ਕੋਟ ਸਾਹਿਬ ਦੇ ਨਵੀਨੀਕਰਨ ਦੀ ਸੇਵਾ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਦਰਬਾਰ ਹਾਲ ਦੀ ਇਮਾਰਤ ਦਾ ਪਹਿਲਾ ਲੈਂਟਰ ਪਾਇਆ ਗਿਆ ਹੈ। ਇਹ ਲੈਂਟਰ ਲਈ ਲਗਭਗ ਕਰੀਬ 1200 ਬੋਰੀਆਂ ਸੀਮਿੰਟ ਦੀ ਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸੇਵਾ ’ਚ ਵੱਖ-ਵੱਖ ਇਲਾਕਿਆਂ ਤੋਂ ਸੰਗਤਾਂ ਵੱਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਪਵਿੱਤਰ ਕਾਰਜ ’ਚ ਫਤਹਿਗੜ੍ਹ ਸਾਹਿਬ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਪਿੰਡ ਦੋ-ਤਾਲ ਪਾਤੜਾਂ ਤੋਂ ਇਲਾਵਾ ਦਿੱਲੀ ,ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਵੀ ਸੰਗਤਾਂ ਵਿਸ਼ੇਸ਼ ਤੌਰ ’ਤੇ ਪਹੁੰਚੀਆਂ ਹੋਈਆਂ ਸਨ। ਸੰਗਤਾਂ ਨੇ ਸੇਵਾ ਦੇ ਵੱਖ-ਵੱਖ ਕਾਰਜਾਂ ’ਚ ਹਿੱਸਾ ਲੈ ਕੇ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਜਥੇਦਾਰ ਬਾਬਾ ਗੁਲਜ਼ਾਰ ਸਿੰਘ , ਜਥੇਦਾਰ ਬਾਬਾ ਬਲਦੇਵ ਸਿੰਘ , ਐਡੀਸ਼ਨਲ ਮੈਨੇਜਰ ਹਰਦੇਵ ਸਿੰਘ , ਮੈਨੇਜਰ ਸੰਦੀਪ ਸਿੰਘ ਕਲੋਤਾ, ਮੈਨੇਜਰ ਸੁਖਬੀਰ ਸਿੰਘ ਕਲਮਾ, ਬਾਬਾ ਲੱਖਾ ਸਿੰਘ ਦਿੱਲੀ ਵਾਲੇ, ਬਾਬਾ ਗੁਰਵਿੰਦਰ ਸਿੰਘ ਛੰਨਾ ਵਾਲੇ, ਬਾਬਾ ਸਤਨਾਮ ਸਿੰਘ ਚਮਕੌਰ ਸਾਹਿਬ ਵਾਲੇ, ਗਿਆਨੀ ਬਖਸ਼ੀਸ਼ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਪਾਤਾਲਪੁਰੀ ਸਾਹਿਬ, ਸੁਖਦੇਵ ਸਿੰਘ ਰਾਣਾ, ਸੁਰਿੰਦਰ ਸਿੰਘ ਰਾਜਾ, ਭਾਈ ਕਮਲਜੀਤ ਸਿੰਘ ਗ੍ਰੰਥੀ ਗੁਰਦੁਆਰਾ ਹਰਿਮੰਦਰ ਸਾਹਿਬ ਤੇ ਗ੍ਰੰਥੀ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਹੋਰ ਧਾਰਮਿਕ ਸ਼ਖ਼ਸੀਅਤਾਂ ਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।