ਛੋਟੇ ਦੁਕਾਨਦਾਰਾਂ ਤੋਂ ਖਰੀਦਦਾਰੀ ਕਰਕੇ ਉਨ੍ਹਾਂ ਦੇ ਘਰਾਂ ’ਚ ਵੀ ਜਗਾਓ ਖੁਸ਼ੀਆਂ ਦੇ ਦੀਵੇ ਦੀਵਾਲੀ ਮੌਕੇ ਛੋਟੇ ਦੁਕਾਨਦਾਰਾਂ ਤੋਂ ਖਰੀਦਦਾਰੀ ਕਰਕੇ ਉਨ੍ਹਾਂ ਦੇ ਘਰਾਂ ਵਿੱਚ ਵੀ ਜਗਾਓ ਖੁਸ਼ੀਆਂ ਦੇ ਦੀਵੇ
Publish Date: Thu, 05 Nov 2026 04:15 PM (IST)
Updated Date: Thu, 05 Nov 2026 04:17 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਦੀਵਾਲੀ ਦਾ ਤਿਉਹਾਰ ਖੁਸ਼ੀਆਂ, ਰੌਸ਼ਨੀਆਂ ਤੇ ਆਪਸੀ ਪਿਆਰ ਦਾ ਪ੍ਰਤੀਕ ਹੈ। ਇਸ ਮੌਕੇ ਬਾਜ਼ਾਰਾਂ ’ਚ ਰੌਣਕਾਂ ਲੱਗੀਆਂ ਹੋਈਆਂ ਹਨ ਤੇ ਲੋਕ ਦੀਵੇ, ਮੋਮਬੱਤੀਆਂ ਤੇ ਸਜਾਵਟੀ ਸਮਾਨ ਦੀ ਖਰੀਦਦਾਰੀ ਕਰ ਰਹੇ ਹਨ। ਅਜਿਹੇ ’ਚ ਸਮਾਜ ਦੇ ਪਤਵੰਤਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੇ ਮੌਲ ਜਾਂ ਸ਼ੋਰੂਮ ਦੀ ਬਜਾਏ ਛੋਟੀਆਂ ਦੁਕਾਨਾਂ ਤੇ ਫੜ੍ਹੀਆਂ-ਰੇਹੜੀਆਂ ਲਾ ਕੇ ਸਮਾਨ ਵੇਚਣ ਵਾਲੇ ਗਰੀਬ ਪਰਿਵਾਰਾਂ ਤੋਂ ਵੀ ਖਰੀਦਦਾਰੀ ਕਰਨ, ਤਾਂ ਜੋ ਉਨ੍ਹਾਂ ਦੀ ਦੀਵਾਲੀ ਵੀ ਖੁਸ਼ੀਆਂ ਨਾਲ ਮਨਾਈ ਜਾ ਸਕੇ। ਸਮਾਜ ਸੇਵੀ ਤੇ ਭਾਜਪਾ ਮੰਡਲ ਦੇ ਮੀਤ ਪ੍ਰਧਾਨ ਅਮਰ ਸੋਢੀ ਨੇ ਕਿਹਾ ਕਿ ਦੀਵਾਲੀ ਸਿਰਫ਼ ਆਪਣੇ ਘਰਾਂ ਨੂੰ ਰੌਸ਼ਨ ਕਰਨ ਦਾ ਤਿਉਹਾਰ ਨਹੀਂ, ਸਗੋਂ ਦੂਜਿਆਂ ਦੇ ਜੀਵਨ ’ਚ ਖੁਸ਼ੀਆਂ ਲਿਆਉਣ ਦਾ ਵੀ ਸੁਨੇਹਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਬਹੁਤ ਸਾਰੇ ਗਰੀਬ ਪਰਿਵਾਰ ਅਜਿਹੇ ਹਨ ਜੋ ਸਾਰਾ ਸਾਲ ਮਿਹਨਤ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਹਨ ਤੇ ਦੀਵਾਲੀ ਮੌਕੇ ਸੜਕਾਂ ਕਿਨਾਰੇ ਫੜ੍ਹੀਆਂ ਲਗਾ ਕੇ ਦੀਵੇ, ਮੋਮਬੱਤੀਆਂ ਤੇ ਸਜਾਵਟੀ ਸਮਾਨ ਵੇਚਦੇ ਹਨ। ਜੇਕਰ ਅਸੀਂ ਇਨ੍ਹਾਂ ਲੋਕਾਂ ਤੋਂ ਥੋੜ੍ਹੀ ਜਿਹੀ ਖਰੀਦਦਾਰੀ ਕਰ ਲਈਏ ਤਾਂ ਉਨ੍ਹਾਂ ਦੇ ਘਰਾਂ ’ਚ ਵੀ ਤਿਉਹਾਰ ਦੀਆਂ ਖੁਸ਼ੀਆਂ ਪਹੁੰਚ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਛੋਟੀ ਜਿਹੀ ਕੋਸ਼ਿਸ਼ ਕਿਸੇ ਗਰੀਬ ਪਰਿਵਾਰ ਲਈ ਵੱਡਾ ਸਹਾਰਾ ਬਣ ਸਕਦੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀਪਕ ਸੋਨੀ ਨੇ ਕਿਹਾ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਉਦੋਂ ਹੀ ਹੈ ਜਦੋਂ ਸਮਾਜ ਦਾ ਹਰ ਵਰਗ ਇਨ੍ਹਾਂ ਖੁਸ਼ੀਆਂ ’ਚ ਸ਼ਾਮਲ ਹੋਵੇ। ਉਨ੍ਹਾਂ ਕਿਹਾ ਕਿ ਵੱਡੇ ਵਪਾਰਕ ਅਦਾਰਿਆਂ ਤੋਂ ਖਰੀਦਦਾਰੀ ਕਰਨ ਦੇ ਨਾਲ-ਨਾਲ ਸਾਨੂੰ ਉਨ੍ਹਾਂ ਛੋਟੇ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ, ਜਿਨ੍ਹਾਂ ਦੀ ਸਾਰੀ ਕਮਾਈ ਇਨ੍ਹਾਂ ਤਿਉਹਾਰਾਂ ਉੱਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਬਹੁਤ ਉਮੀਦਾਂ ਨਾਲ ਆਪਣਾ ਸਮਾਨ ਲੈ ਕੇ ਬਾਜ਼ਾਰਾਂ ’ਚ ਬੈਠਦੇ ਹਨ। ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਦੀ ਮਿਹਨਤ ਦੀ ਕਦਰ ਕਰੀਏ ਤੇ ਉਨ੍ਹਾਂ ਨਾਲ ਭਾਅ-ਤਾਅ ਕਰਦੇ ਸਮੇਂ ਵੀ ਨਰਮੀ ਵਰਤੀਏ। ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਸਾਨੂੰ ਮਿਲਵਰਤਣ, ਸਾਂਝ ਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਘਰਾਂ ’ਚ ਮਹਿੰਗੀਆਂ ਸਜਾਵਟਾਂ ਕਰਨ ਦੀ ਬਜਾਏ ਜੇਕਰ ਅਸੀਂ ਕਿਸੇ ਗਰੀਬ ਪਰਿਵਾਰ ਤੋਂ ਮਿੱਟੀ ਦੇ ਦੀਵੇ ਜਾਂ ਹੋਰ ਸਜਾਵਟੀ ਸਮਾਨ ਖਰੀਦਦੇ ਹਾਂ ਤਾਂ ਇਸ ਨਾਲ ਸਥਾਨਕ ਕਾਰੀਗਰਾਂ ਤੇ ਛੋਟੇ ਵਪਾਰੀਆਂ ਨੂੰ ਆਰਥਿਕ ਮਦਦ ਮਿਲਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੀਵਾਲੀ ਉੱਤੇ ਕਿਸੇ ਗਰੀਬ ਦੇ ਚਿਹਰੇ ਉੱਤੇ ਮੁਸਕਰਾਹਟ ਲਿਆਉਣ ਦਾ ਯਤਨ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਖੁਸ਼ੀਆਂ ਦਾ ਇਹ ਤਿਉਹਾਰ ਹਰ ਘਰ ਤੱਕ ਪਹੁੰਚੇ ਤੇ ਕੋਈ ਵੀ ਪਰਿਵਾਰ ਆਰਥਿਕ ਤੰਗੀ ਕਾਰਨ ਤਿਉਹਾਰ ਮਨਾਉਣ ਤੋਂ ਵਾਂਝਾ ਨਾ ਰਹੇ।