- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਰੱਖਿਅਤ ਬਚਪਨ ਅਭਿਆਨ ਤਹਿਤ ਪੋਕਸੋ ਐਕਟ 2012 ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਸੁਰੱਖਿਅਤ ਬਚਪਨ ਅਭਿਆਨ ਤਹਿਤ ਸੇਂਟ ਮੈਰੀ ਸਕੂਲ, ਜਿੰਦਵੜੀ ਵਿਖੇ ਬੱਚਿਆਂ ਦੇ ਅਧਿਕਾਰਾਂ, ਸੁਰੱਖਿਆ ਤੇ ਜਿਨਸੀ ਸ਼ੋਸ਼ਣ ਤੋਂ ਬਚਾਅ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਪੋਕਸੋ ਐਕਟ, 2012 ਬਾਰੇ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਗਵਾਈ ਹੇਠ ਕਰਵਾਇਆ ਗਿਆ।
ਇਸ ਮੌਕੇ ਮਾਣਯੋਗ ਪ੍ਰਭਜੋਤ ਕੌਰ ਵਿਰਦੀ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਸ੍ਰੀ ਅਨੰਦਪੁਰ ਸਾਹਿਬ ਐਡਵੋਕੇਟ ਨਵਨੀਤ ਕੌਰ, ਪੈਨਲ ਐਡਵੋਕੇਟ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੋਕਸੋ ਐਕਟ, 2012 ਦੇ ਮਹੱਤਵਪੂਰਨ ਕਾਨੂੰਨੀ ਪ੍ਰਬੰਧਾਂ ਬਾਰੇ ਸਰਲ ਤੇ ਆਸਾਨ ਭਾਸ਼ਾ ’ਚ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਦੱਸਿਆ ਕਿ ਹਰ ਬੱਚੇ ਨੂੰ ਸਨਮਾਨ, ਸੁਰੱਖਿਆ, ਸਮਾਨਤਾ ਤੇ ਸਿੱਖਿਆ ਦਾ ਅਧਿਕਾਰ ਪ੍ਰਾਪਤ ਹੈ। ਪੋਕਸੋ ਐਕਟ ਅਧੀਨ 18 ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਨੂੰ ਜਿਨਸੀ ਹਮਲੇ, ਜਿਨਸੀ ਪਰੇਸ਼ਾਨੀ ਤੇ ਬੱਚਿਆਂ ਨਾਲ ਸਬੰਧਤ ਅਸ਼ਲੀਲ ਸਮੱਗਰੀ ਤੋਂ ਕਾਨੂੰਨੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।
ਬੱਚਿਆਂ ਨੂੰ ਚੰਗੇ ਤੇ ਮਾੜੇ ਸਪਰਸ਼ ਦੀ ਪਛਾਣ ਕਰਨ, ਗਲਤ ਵਿਵਹਾਰ ਨੂੰ ਸਮਝਣ, ਆਪਣੀ ਨਿੱਜੀ ਸੁਰੱਖਿਆ ਪ੍ਰਤੀ ਜਾਗਰੂਕ ਰਹਿਣ ਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਨ 'ਤੇ ਬਿਨਾਂ ਡਰ ਤੇ ਝਿਜਕ ਦੇ ਆਪਣੇ ਮਾਪਿਆਂ, ਅਧਿਆਪਕਾਂ ਜਾਂ ਭਰੋਸੇਯੋਗ ਵਿਅਕਤੀਆਂ ਨੂੰ ਦੱਸਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਬੱਚਿਆਂ ਨੂੰ ਚਾਈਲਡ ਹੈਲਪਲਾਈਨ ਨੰਬਰ 1098 ਬਾਰੇ ਵੀ ਜਾਣਕਾਰੀ ਦਿੱਤੀ ਗਈ ਤੇ ਲੋੜ ਪੈਣ 'ਤੇ ਇਸ ਸਹੂਲਤ ਦਾ ਲਾਭ ਲੈਣ ਲਈ ਉਤਸ਼ਾਹਿਤ ਕੀਤਾ ਗਿਆ।
ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨਾਲ ਇੱਕ ਇੰਟਰਐਕਟਿਵ ਸ਼ੈਸ਼ਨ ਵੀ ਕਰਵਾਇਆ ਗਿਆ, ਜਿਸ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੇ ਅਧਿਕਾਰਾਂ, ਨਿੱਜੀ ਸੁਰੱਖਿਆ ਤੇ ਕਾਨੂੰਨੀ ਸਹਾਇਤਾ ਸਬੰਧੀ ਸਵਾਲ ਪੁੱਛੇ। ਅੰਤ ’ਚ ਇਹ ਸੰਦੇਸ਼ ਦਿੱਤਾ ਗਿਆ ਕਿ ਬੱਚਿਆਂ ਦੀ ਸੁਰੱਖਿਆ ਸਿਰਫ਼ ਕਾਨੂੰਨੀ ਜ਼ਿੰਮੇਵਾਰੀ ਹੀ ਨਹੀਂ, ਸਗੋਂ ਸਮਾਜ ਦੇ ਹਰ ਵਿਅਕਤੀ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਹਰ ਬੱਚੇ ਲਈ ਸੁਰੱਖਿਅਤ, ਭੈਅ-ਮੁਕਤ ਤੇ ਸੁਖਾਵਾਂ ਵਾਤਾਵਰਣ ਯਕੀਨੀ ਬਣਾਉਣਾ ਹੈ।
ਇਸ ਪ੍ਰੋਗਰਾਮ ’ਚ ਪੀਐਲਬੀ ਗੁਰਪ੍ਰਸਾਦ ਤੇ ਪੀਐਲਬੀ ਗੁਰਦੇਵ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਕੂਲ ਦੀ ਚੇਅਰਪਰਸਨ ਸ਼ੋਭਨਾ ਤੇ ਪ੍ਰਿੰਸੀਪਲ ਅੰਜਨਾ ਸ਼ਰਮਾ ਦੀ ਮੌਜੂਦਗੀ ਤੇ ਸਹਿਯੋਗ ਨਾਲ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਕੋਆਰਡੀਨੇਟਰ ਮੋਨਿਕਾ ਸ਼ਰਮਾ, ਨੀਲਮ, ਅਨੁਰਾਧਾ,ਰੀਨਾ ਕੁਮਾਰੀ ਤੇ ਸ਼ੁਭਰਾ ਸ਼ਰਮਾ ਵੀ ਹਾਜ਼ਰ ਸਨ।