ਮੁਫ਼ਤ ਸਿਹਤ ਜਾਂਚ ਕੈਂਪ ਲਾਇਆ ਭਾਈ ਘਨ੍ਹੱਈਆ ਚੈਰੀਟੇਬਲ ਹਸਪਤਾਲ ਬ੍ਰਹਮਪੁਰ ਵੱਲੋਂ ਡੇਰਾ ਬਾਬਾ ਧਰਮ ਚੰਦ, ਉੱਪਰਲੇ ਬ੍ਰਹਮਪੁਰ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ
Publish Date: Wed, 04 Nov 2026 05:26 PM (IST)
Updated Date: Wed, 04 Nov 2026 05:29 PM (IST)
100 ਮਰੀਜ਼ਾਂ ਨੇ ਕਰਵਾਈ ਜਾਂਚ, ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ ਪੰਜਬੀ ਜਾਗਰਣ ਟੀਮ, ਨੰਗਲ : ਉੱਪਰਲੇ ਬ੍ਰਹਮਪੁਰ ਸਥਿਤ ਡੇਰਾ ਬਾਬਾ ਧਰਮ ਚੰਦ ਜੀ ਵਿਖੇ ਬਾਬਾ ਜੀ ਦੀ ਸਾਲਾਨਾ ਬਰਸੀ ਦੇ ਪਵਿੱਤਰ ਮੌਕੇ ’ਤੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਭਾਈ ਘਨ੍ਹੱਈਆ ਚੈਰੀਟੇਬਲ ਹਸਪਤਾਲ ਬ੍ਰਹਮਪੁਰ ਵੱਲੋਂ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤ ਨੇ ਸਮਾਗਮ ’ਚ ਸ਼ਮੂਲੀਅਤ ਕਰਕੇ ਆਪਣੀ ਹਾਜ਼ਰੀ ਲਗਵਾਈ। ਭਾਰਤ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ ਸ਼ਾਖਾ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਭਾਈ ਘਨ੍ਹੱਈਆ ਚੈਰੀਟੇਬਲ ਹਸਪਤਾਲ ਬ੍ਰਹਮਪੁਰ ਦੇ ਸੰਸਥਾਪਕ ਡਾਇਰੈਕਟਰ ਡਾ. ਯੋਗੇਸ਼ ਧਵਨ ਅਤੇ ਭਾਰਤ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ ਟਰੱਸਟ ਦੇ ਸੰਸਥਾਪਕ ਡਾਇਰੈਕਟਰ ਐਡਵੋਕੇਟ ਅਸ਼ੋਕ ਮਨੋਚਾ ਨੇ ਦੱਸਿਆ ਕਿ ਹਸਪਤਾਲ ਵੱਲੋਂ ਖਾਸ ਤੌਰ ’ਤੇ ਗੁਰਦਿਆਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਰਿਆਇਤੀ ਦਰਾਂ ’ਤੇ ਡਾਇਲਸਿਸ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਆਮ ਲੋਕਾਂ ਲਈ ਓ.ਪੀ.ਡੀ. ਅਤੇ ਹੋਰ ਸਿਹਤ ਸਹੂਲਤਾਂ ਵੀ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਦਾ ਮਕਸਦ ਸਿਰਫ਼ ਇਲਾਜ ਦੀਆਂ ਸਹੂਲਤਾਂ ਦੇਣਾ ਹੀ ਨਹੀਂ, ਸਗੋਂ ਸਮਾਜਿਕ ਤੇ ਧਾਰਮਿਕ ਸਮਾਗਮਾਂ ਰਾਹੀਂ ਆਮ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣਾ ਵੀ ਹੈ। ਇਸੇ ਲੜੀ ਤਹਿਤ ਅੱਜ ਡੇਰਾ ਬਾਬਾ ਧਰਮ ਚੰਦ ਜੀ ਦੀ ਸਾਲਾਨਾ ਬਰਸੀ ਦੇ ਪਵਿੱਤਰ ਮੌਕੇ ’ਤੇ ਸੰਗਤ ਦੀ ਸਹੂਲਤ ਲਈ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਤਕਰੀਬਨ 100 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਪਿੰਡ ਦੇ ਸਰਪੰਚ ਸੁੱਚਾ ਸਿੰਘ ਅਤੇ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਬਾਬਾ ਜੀ ਸਮੇਤ ਸਮੂਹ ਸੰਗਤ ਨੇ ਭਾਈ ਘਨ੍ਹੱਈਆ ਚੈਰੀਟੇਬਲ ਹਸਪਤਾਲ ਬ੍ਰਹਮਪੁਰ ਦੇ ਪ੍ਰਬੰਧਕਾਂ, ਹਾਜ਼ਰ ਡਾਕਟਰਾਂ ਅਤੇ ਸਮੁੱਚੇ ਸਟਾਫ਼ ਵੱਲੋਂ ਕੀਤੀ ਜਾ ਰਹੀ ਲੋਕ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ ਟਰੱਸਟ ਦੇ ਸੰਸਥਾਪਕ ਡਾਇਰੈਕਟਰ ਐਡਵੋਕੇਟ ਅਸ਼ੋਕ ਮਨੋਚਾ, ਸ਼ਾਖਾ ਪ੍ਰਧਾਨ ਜਗਮੋਹਨ ਸਿੰਘ ਵਾਲੀਆ ਅਤੇ ਸਕੱਤਰ ਇੰਜੀਨੀਅਰ ਰਾਜਨ ਸੋਨੀ ਨੇ ਡੇਰਾ ਬਾਬਾ ਧਰਮ ਚੰਦ ਜੀ ਦੇ ਸੰਚਾਲਕਾਂ ਅਤੇ ਪ੍ਰਬੰਧਕਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ’ਚ ਵੀ ਇਸੇ ਤਰ੍ਹਾਂ ਦੇ ਲੋਕ ਭਲਾਈ ਅਤੇ ਸਿਹਤ ਸਬੰਧੀ ਕਾਰਜ ਲਗਾਤਾਰ ਜਾਰੀ ਰੱਖੇ ਜਾਣਗੇ। ਇਸ ਮੌਕੇ ਐਡਵੋਕੇਟ ਅਸ਼ੋਕ ਮਨੋਚਾ, ਡਾ. ਯੋਗੇਸ਼ ਧਵਨ, ਜਗਮੋਹਨ ਸਿੰਘ ਵਾਲੀਆ, ਰਾਜਨ ਸੋਨੀ, ਡਾ. ਸ਼ਾਹਿਦ ਮਲਿਕ, ਡਾ. ਫਰਿਆਦ, ਡਾ. ਭ੍ਰਿਗੁਨੀ, ਗੌਰਵ ਕੋਂਡਲ ਅਤੇ ਨੀਰਜ ਆਦਿ ਹਾਜ਼ਰ ਸਨ।