ਸਕੂਲਾਂ ’ਚ ਹਿੰਸਾ ਤੇ ਧੱਕੇਸ਼ਾਹੀ ਨੂੰ ਰੋਕਣ ਲਈ ਮਿਲ ਕੇ ਹੰਭਲਾ ਮਾਰਨ ਦੀ ਲੋੜ : ਸੁਖਪਾਲ ਕੌਰ ਵਾਲੀਆ ਸਕੂਲਾਂ ਵਿੱਚ ਹਿੰਸਾ ਅਤੇ ਧੱਕੇਸ਼ਾਹੀ ਨੂੰ ਰੋਕਣ ਲਈ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ
Publish Date: Wed, 04 Nov 2026 04:27 PM (IST)
Updated Date: Wed, 04 Nov 2026 04:29 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਸਕੂਲ ਸਿਰਫ਼ ਵਿੱਦਿਆ ਹਾਸਲ ਕਰਨ ਦੇ ਕੇਂਦਰ ਹੀ ਨਹੀਂ ਹੁੰਦੇ, ਸਗੋਂ ਇਹ ਬੱਚਿਆਂ ਦੇ ਸਰਵਪੱਖੀ ਵਿਕਾਸ, ਚੰਗੇ ਸੰਸਕਾਰਾਂ ਤੇ ਸ਼ਖ਼ਸੀਅਤ ਨਿਰਮਾਣ ਦੀਆਂ ਮਹੱਤਵਪੂਰਨ ਸੰਸਥਾਵਾਂ ਵੀ ਹਨ। ਇਸ ਲਈ ਸਕੂਲਾਂ ’ਚ ਵਿਦਿਆਰਥੀਆਂ ਲਈ ਸੁਰੱਖਿਅਤ, ਸਿਹਤਮੰਦ ਤੇ ਡਰ ਮੁਕਤ ਮਾਹੌਲ ਸਿਰਜਣਾ ਬੇਹੱਦ ਜ਼ਰੂਰੀ ਹੈ। ਸਕੂਲਾਂ ’ਚ ਹਿੰਸਾ ਤੇ ਧੱਕੇਸ਼ਾਹੀ ਦੀਆਂ ਘਟਨਾਵਾਂ ਬੱਚਿਆਂ ਦੇ ਮਾਨਸਿਕ ਵਿਕਾਸ, ਆਤਮ ਵਿਸ਼ਵਾਸ ਤੇ ਪੜ੍ਹਾਈ ਉੱਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਹਿਰ ਦੇ ਸਭ ਤੋਂ ਪੁਰਾਣੇ ਵਿੱਦਿਅਕ ਅਦਾਰੇ ਐੱਸਜੀਐੱਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਨੇ ਸਕੂਲਾਂ ’ਚ ਹਿੰਸਾ ਅਤੇ ਧੱਕੇਸ਼ਾਹੀ ਵਿਰੋਧੀ ਅੰਤਰਰਾਸ਼ਟਰੀ ਦਿਵਸ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨਾਲ ਸਰੀਰਕ ਜਾਂ ਮਾਨਸਿਕ ਤੌਰ ’ਤੇ ਕੀਤੀ ਜਾਣ ਵਾਲੀ ਧੱਕੇਸ਼ਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ। ਕਈ ਵਾਰ ਬੱਚਿਆਂ ਨੂੰ ਉਨ੍ਹਾਂ ਦੇ ਰੰਗ, ਕੱਦ, ਆਰਥਿਕ ਸਥਿਤੀ, ਪੜ੍ਹਾਈ ਜਾਂ ਕਿਸੇ ਹੋਰ ਨਿੱਜੀ ਗੱਲ ਨੂੰ ਲੈ ਕੇ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ, ਜਿਸ ਕਾਰਨ ਉਹ ਅੰਦਰੋਂ ਟੁੱਟ ਜਾਂਦੇ ਹਨ ਅਤੇ ਇਕੱਲਾਪਣ ਮਹਿਸੂਸ ਕਰਨ ਲੱਗਦੇ ਹਨ। ਪ੍ਰਿੰਸੀਪਲ ਵਾਲੀਆ ਨੇ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ’ਚ ਸਾਈਬਰ ਧੱਕੇਸ਼ਾਹੀ ਵੀ ਇੱਕ ਗੰਭੀਰ ਚੁਣੌਤੀ ਬਣ ਕੇ ਸਾਹਮਣੇ ਆ ਰਹੀ ਹੈ। ਸੋਸ਼ਲ ਮੀਡੀਆ ਰਾਹੀਂ ਕਿਸੇ ਵਿਦਿਆਰਥੀ ਦੀ ਤਸਵੀਰ, ਵੀਡੀਓ ਜਾਂ ਨਿੱਜੀ ਜਾਣਕਾਰੀ ਦਾ ਮਜ਼ਾਕ ਉਡਾਉਣਾ ਵੀ ਮਾਨਸਿਕ ਹਿੰਸਾ ਦਾ ਹੀ ਇੱਕ ਰੂਪ ਹੈ। ਇਸ ਲਈ ਬੱਚਿਆਂ ਨੂੰ ਇੰਟਰਨੈੱਟ ਅਤੇ ਸ਼ੋਸ਼ਲ ਮੀਡੀਆ ਦੀ ਸਹੀ ਵਰਤੋਂ ਬਾਰੇ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਜ਼ਿੰਮੇਵਾਰੀ ਸਿਰਫ਼ ਪਾਠਕ੍ਰਮ ਪੜ੍ਹਾਉਣ ਤੱਕ ਸੀਮਤ ਨਹੀਂ ਹੈ, ਸਗੋਂ ਬੱਚਿਆਂ ਦੇ ਵਿਹਾਰ, ਭਾਵਨਾਵਾਂ ਅਤੇ ਆਪਸੀ ਸਬੰਧਾਂ ਉੱਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ। ਜੇਕਰ ਕੋਈ ਵਿਦਿਆਰਥੀ ਕਿਸੇ ਦੂਜੇ ਬੱਚੇ ਨਾਲ ਧੱਕੇਸ਼ਾਹੀ ਕਰਦਾ ਹੈ ਤਾਂ ਉਸ ਨੂੰ ਸਜ਼ਾ ਦੇਣ ਦੇ ਨਾਲ-ਨਾਲ ਪਿਆਰ ਅਤੇ ਸਮਝਦਾਰੀ ਨਾਲ ਉਸ ਦੇ ਵਿਹਾਰ ’ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨਾਲ ਦੋਸਤਾਨਾ ਮਾਹੌਲ ’ਚ ਗੱਲਬਾਤ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਇੱਕ-ਦੂਜੇ ਦਾ ਸਤਿਕਾਰ ਕਰਨ, ਸਹਿਣਸ਼ੀਲਤਾ ਅਪਣਾਉਣ ਅਤੇ ਲੋੜ ਪੈਣ ’ਤੇ ਆਪਣੇ ਸਾਥੀਆਂ ਦੀ ਮਦਦ ਕਰਨ ਦੀ ਸਿੱਖਿਆ ਦੇਣੀ ਚਾਹੀਦੀ ਹੈ। ਅਜਿਹੇ ਉਪਰਾਲਿਆਂ ਨਾਲ ਹੀ ਸਕੂਲਾਂ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਵਿੱਦਿਅਕ ਕੇਂਦਰ ਬਣਾਇਆ ਜਾ ਸਕਦਾ ਹੈ।