ਤਿੰਨ ਮਹੀਨਿਆਂ ’ਚ 42 ਪਿੰਡਾਂ ਤੱਕ ਪੁੱਜੀ ਵਾਰਿਸ ਪੰਜਾਬ ਖੇਤਰੀ ਪਾਰਟੀ ਤਿੰਨ ਮਹੀਨਿਆਂ ’ਚ 42 ਪਿੰਡਾਂ ਤੱਕ ਪਹੁੰਚੀ ਵਾਰਿਸ ਪੰਜਾਬ ਖੇਤਰੀ ਪਾਰਟੀ
Publish Date: Wed, 04 Nov 2026 04:09 PM (IST)
Updated Date: Wed, 04 Nov 2026 04:11 PM (IST)
ਰੂਪਨਗਰ ਹਲਕੇ ’ਚ ਬਣਾਈਆਂ ਪਿੰਡ ਪੱਧਰੀ ਕਮੇਟੀਆਂ ਲੋਕਾਂ ਵੱਲੋਂ ਖੁਦ ਫੋਨ ਕਰਕੇ ਪ੍ਰੋਗਰਾਮ ਕਰਵਾਉਣ ਦੀ ਪਹਿਲਕਦਮੀ ਪਾਰਟੀ ਲਈ ਉਤਸ਼ਾਹਜਨਕ : ਸੁਖਵਿੰਦਰ ਸਿੰਘ ਬੜਵਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਰੂਪਨਗਰ ਵਿਧਾਨ ਸਭਾ ਹਲਕੇ ਅੰਦਰ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਵੱਲੋਂ ਪਿਛਲੇ ਤਿੰਨ ਮਹੀਨਿਆਂ ਦੌਰਾਨ ਕੀਤੀਆਂ ਜਾ ਰਹੀਆਂ ਸਰਗਰਮੀਆਂ ਤਹਿਤ ਹੁਣ ਤੱਕ 42 ਪਿੰਡਾਂ ’ਚ ਪਾਰਟੀ ਦੀਆਂ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ। ਪਾਰਟੀ ਵੱਲੋਂ ਪਿੰਡ ਪੱਧਰ ’ਤੇ ਜਥੇਬੰਦਕ ਢਾਂਚਾ ਮਜ਼ਬੂਤ ਕਰਨ ਤੇ ਲੋਕਾਂ ਨਾਲ ਸਿੱਧਾ ਸੰਪਰਕ ਸਥਾਪਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਬੜਵਾ ਨੇ ਦੱਸਿਆ ਕਿ ਥੋੜ੍ਹੇ ਸਮੇਂ ’ਚ ਪਾਰਟੀ ਨੂੰ ਮਿਲ ਰਿਹਾ ਹੁੰਗਾਰਾ ਉਨ੍ਹਾਂ ਲਈ ਉਤਸ਼ਾਹਜਨਕ ਹੈ ਤੇ ਆਉਣ ਵਾਲੇ ਦਿਨਾਂ ’ਚ ਇਸ ਮੁਹਿੰਮ ਨੂੰ ਹੋਰ ਵਿਸ਼ਾਲ ਪੱਧਰ ’ਤੇ ਚਲਾਇਆ ਜਾਵੇਗਾ। ਸੁਖਵਿੰਦਰ ਸਿੰਘ ਬੜਵਾ ਨੇ ਕਿਹਾ ਕਿ ਇਸ ਮੁਹਿੰਮ ਦੀ ਸਭ ਤੋਂ ਖ਼ਾਸ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਹੁਣ ਲੋਕ ਖੁਦ ਪਾਰਟੀ ਨਾਲ ਜੁੜਨ ਦੀ ਇੱਛਾ ਪ੍ਰਗਟ ਕਰਦਿਆਂ ਫੋਨ ਕਰ ਰਹੇ ਹਨ ਤੇ ਆਪਣੇ ਪਿੰਡਾਂ ’ਚ ਮੀਟਿੰਗਾਂ ਤੇ ਪ੍ਰੋਗਰਾਮ ਕਰਵਾਉਣ ਲਈ ਪਹਿਲਕਦਮੀ ਕਰ ਰਹੇ ਹਨ। ਉਨ੍ਹਾਂ ਅਨੁਸਾਰ ਇਹ ਸਿਰਫ਼ ਪਾਰਟੀ ਦੀਆਂ ਸਰਗਰਮੀਆਂ ਦਾ ਵਿਸਥਾਰ ਨਹੀਂ, ਸਗੋਂ ਪਿੰਡ ਪੱਧਰ ’ਤੇ ਲੋਕਾਂ ਨਾਲ ਸੰਪਰਕ ਤੇ ਜਥੇਬੰਦਕ ਪਹੁੰਚ ਵਧਾਉਣ ਦਾ ਇੱਕ ਮਹੱਤਵਪੂਰਨ ਪੜਾਅ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਪੰਜਾਬ ਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਹੈ। ਇਸ ਲਈ ਰਵਾਇਤੀ ਮੀਟਿੰਗਾਂ ਦੇ ਨਾਲ-ਨਾਲ ਸ਼ੋਸ਼ਲ ਮੀਡੀਆ ਤੇ ਹੋਰ ਸੰਚਾਰ ਮਾਧਿਅਮਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ, ਤਾਂ ਜੋ ਪਾਰਟੀ ਦੀ ਵਿਚਾਰਧਾਰਾ, ਨੀਤੀਆਂ ਤੇ ਉਦੇਸ਼ਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਹਲਕੇ ਦੇ ਵੱਖ-ਵੱਖ ਪਿੰਡਾਂ, ਮੁਹੱਲਿਆਂ ਤੇ ਬੂਥਾਂ ’ਚ ਪਾਰਟੀ ਨਾਲ ਜੁੜਨ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਬੜਵਾ ਨੇ ਕਿਹਾ ਕਿ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਸਿਰਫ਼ ਗਿਣਤੀ ਵਧਾਉਣਾ ਹੀ ਉਦੇਸ਼ ਨਹੀਂ, ਬਲਕਿ ਹਰ ਪਿੰਡ ’ਚ ਸਰਗਰਮ ਵਰਕਰਾਂ ਦੀ ਟੀਮ ਤਿਆਰ ਕਰਨਾ ਵੀ ਉਨ੍ਹਾਂ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਬਾਕੀ ਰਹਿੰਦੇ ਪਿੰਡਾਂ ਤੱਕ ਵੀ ਪਹੁੰਚ ਬਣਾਈ ਜਾਵੇਗੀ ਤੇ ਲੋਕਾਂ ਦੀਆਂ ਸਮੱਸਿਆਵਾਂ ’ਤੇ ਸੁਝਾਵਾਂ ਨੂੰ ਸੁਣਨ ਲਈ ਪਿੰਡ ਪੱਧਰ ’ਤੇ ਸੰਪਰਕ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਵਿਧਾਨ ਸਭਾ ਚੋਣਾਂ ਸਬੰਧੀ ਆਪਣੀ ਗੱਲ ਰੱਖਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦਾ ਟੀਚਾ ਹਲਕੇ ’ਚ ਮਜ਼ਬੂਤ ਜਥੇਬੰਦਕ ਆਧਾਰ ਤਿਆਰ ਕਰਨਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਮੌਜੂਦਾ ਸਰਗਰਮੀਆਂ ਨੂੰ ਅੱਗੇ ਵਧਾਉਂਦਿਆਂ ਪਾਰਟੀ ਆਉਣ ਵਾਲੀਆਂ ਚੋਣਾਂ ’ਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਉਣ ਲਈ ਯਤਨਸ਼ੀਲ ਰਹੇਗੀ।