ਨੰਗਲ ਦੀ ਮੇਨ ਮਾਰਕੀਟ ਦੇ ਦੁਕਾਨਦਾਰਾਂ ਦਾ ਸਖ਼ਤ ਫੈਸਲਾ ਨੰਗਲ ਦੀ ਮੇਨ ਮਾਰਕੀਟ ਦੇ ਦੁਕਾਨਦਾਰਾਂ ਦਾ ਸਖ਼ਤ ਫੈਸਲਾ
Publish Date: Tue, 03 Nov 2026 06:06 PM (IST)
Updated Date: Tue, 03 Nov 2026 06:08 PM (IST)
ਤਿਉਹਾਰਾਂ ਮੌਕੇ ਬਾਹਰੀ ਵਿਅਕਤੀਆਂ ਨੂੰ ਸਟਾਲ ਲਾਉਣ ਨਹੀਂ ਮਿਲੇਗੀ ਇਜਾਜ਼ਤ ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਨੰਗਲ ਦੀ ਮੇਨ ਮਾਰਕੀਟ ਦੇ ਦੁਕਾਨਦਾਰਾਂ ਨੇ ਸਰਬਸੰਮਤੀ ਨਾਲ ਇੱਕ ਸਖ਼ਤ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਦੀਵਾਲੀ ਜਾਂ ਹੋਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਿਸੇ ਵੀ ਬਾਹਰੀ ਵਿਅਕਤੀ ਨੂੰ ਮੇਨ ਮਾਰਕੀਟ ’ਚ ਸਟਾਲ ਲਗਾ ਕੇ ਸਾਮਾਨ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੁਕਾਨਦਾਰਾਂ ਨੇ ਸਪੱਸ਼ਟ ਕੀਤਾ ਕਿ ਬਾਹਰੋਂ ਆਉਣ ਵਾਲੇ ਲੋਕ ਮਾਰਕੀਟ ਤੋਂ ਬਾਹਰ ਆਪਣੀਆਂ ਸਟਾਲਾਂ ਲਗਾ ਕੇ ਸਾਮਾਨ ਵੇਚ ਸਕਦੇ ਹਨ, ਪਰ ਬਾਜ਼ਾਰ ਦੇ ਅੰਦਰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਜੇਕਰ ਕੋਈ ਵਿਅਕਤੀ ਇਸ ਫੈਸਲੇ ਦੇ ਬਾਵਜੂਦ ਸਟਾਲ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦਾ ਸਾਮਾਨ ਜ਼ਬਤ ਕਰ ਲਿਆ ਜਾਵੇਗਾ ਤੇ ਇਸ ਦੀ ਜਿੰਮੇਵਾਰੀ ਸਬੰਧਤ ਵਿਅਕਤੀ ਦੀ ਖੁਦ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰੋਹਿਤ ਸੰਦਲ ਤੇ ਸਾਗਰ ਸੋਬਤੀ ਨੇ ਦੱਸਿਆ ਕਿ ਬਾਜ਼ਾਰ ਦੇ ਦੁਕਾਨਦਾਰ ਪਿਛਲੇ ਸਮੇਂ ਤੋਂ ਮੰਦੀ ਦੀ ਮਾਰ ਝੱਲ ਰਹੇ ਹਨ। ਇਸ ਲਈ ਦੁਕਾਨਦਾਰਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਦੀਆਂ ਸਾਰੀਆਂ ਦੁਕਾਨਾਂ `ਤੇ ਜਾ ਕੇ ਦੁਕਾਨਦਾਰਾਂ ਨੂੰ ਇਸ ਫੈਸਲੇ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੂਰਾ ਸ਼ਹਿਰ ਤਿਉਹਾਰਾਂ ਦੇ ਸੀਜ਼ਨ ਦੀ ਉਡੀਕ ਕਰਦਾ ਹੈ, ਪਰ ਇਸ ਦੌਰਾਨ ਬਾਹਰੋਂ ਆਉਣ ਵਾਲੇ ਕੁਝ ਲੋਕ ਸਸਤਾ ਤੇ ਘਟੀਆ ਕਿਸਮ ਦਾ ਸਾਮਾਨ ਵੇਚ ਕੇ ਚਲੇ ਜਾਂਦੇ ਹਨ, ਜਦਕਿ ਸਥਾਨਕ ਦੁਕਾਨਦਾਰਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਥਾਨਕ ਦੁਕਾਨਦਾਰ ਸਾਲ ਭਰ ਆਪਣੀਆਂ ਦੁਕਾਨਾਂ ਦੇ ਖਰਚੇ ਚੁੱਕਦੇ ਹਨ ਤੇ ਤਿਉਹਾਰਾਂ ਦੇ ਸਮੇਂ ਉਨ੍ਹਾਂ ਦੇ ਕਾਰੋਬਾਰ `ਤੇ ਇਸ ਦਾ ਅਸਰ ਪੈਂਦਾ ਹੈ।ਇਸ ਮੌਕੇ ਓਂਕਾਰ ਸਿੰਘ ਰਾਣਾ, ਲਲਿਤ ਚੌਧਰੀ, ਨਵੀਨ ਪੁਰੀ, ਅੰਕੁਸ਼ ਸੂਦ, ਸਵੀਕਾਰ ਅਰੋੜਾ, ਨਵੀਨ ਛਾਬੜਾ, ਪਵਲ ਸੈਣੀ, ਪਾਲਸਨ ਸਮੇਤ ਹੋਰ ਦੁਕਾਨਦਾਰ ਵੀ ਹਾਜ਼ਰ ਸਨ।