ਸਾਢੇ ਚਾਰ ਸਾਲਾਂ ’ਚ ਵੀ ਕਦੰਬਾ ਟੂਰਿਸਟ ਕੰਪਲੈਕਸ ਦੀ ਨਹੀਂ ਬਦਲੀ ਨੁਹਾਰ ਸਾਢੇ ਚਾਰ ਸਾਲਾਂ ਵਿੱਚ ਵੀ ਕਦੰਬਾ ਟੂਰਿਸਟ ਕੰਪਲੈਕਸ ਦੀ ਨਹੀਂ ਬਦਲੀ ਨੁਹਾਰ
Publish Date: Tue, 03 Nov 2026 06:04 PM (IST)
Updated Date: Tue, 03 Nov 2026 06:05 PM (IST)
ਅੱਜ ਵੀ ਵੀਰਾਨ ਪਿਆ ਹੈ ਕੰਪਲੈਕਸ: ਡਾ. ਸੁਭਾਸ਼ ਸ਼ਰਮਾ ਕਦੰਬਾ ਟੂਰਿਸਟ ਕੰਪਲੈਕਸ ਨਸ਼ੇੜੀਆਂ ਦਾ ਅੱਡਾ ਬਣਿਆ, 14 ਪਿੰਡਾਂ ਦੇ ਗੁੰਮ ਹੋਏ ਮਾਲ ਰਿਕਾਰਡ ਬਾਰੇ ਵੀ ਸਰਕਾਰ ਜਵਾਬ ਦੇਵੇ ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ: ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਅੱਜ ਨੰਗਲ ਸਥਿਤ ਕਦੰਬਾ ਟੂਰਿਸਟ ਕੰਪਲੈਕਸ ਦਾ ਦੌਰਾ ਕੀਤਾ ਤੇ ਮੌਕੇ ’ਤੇ ਪ੍ਰੈੱਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਉਨ੍ਹਾਂ ਦੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਦੀ ਯਾਦ ਦਿਵਾਉਂਦਿਆਂ ਕਈ ਗੰਭੀਰ ਸਵਾਲ ਉਠਾਏ। ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਕਰੀਬ ਪੰਜ ਸਾਲ ਪਹਿਲਾਂ ਜਦੋਂ ਹਰਜੋਤ ਸਿੰਘ ਬੈਂਸ ਵਿਰੋਧੀ ਧਿਰ ’ਚ ਸਨ, ਉਸ ਸਮੇਂ ਉਨ੍ਹਾਂ ਨੇ ਇਸੇ ਕਦੰਬਾ ਟੂਰਿਸਟ ਕੰਪਲੈਕਸ ’ਚ ਖੜ੍ਹੇ ਹੋ ਕੇ ਪ੍ਰੈੱਸ ਕਾਨਫਰੰਸ ਕੀਤੀ ਸੀ ਤੇ ਦੋਸ਼ ਲਾਇਆ ਸੀ ਕਿ ਇਹ ਸੈਰ-ਸਪਾਟਾ ਸਥਾਨ ਪੂਰੀ ਤਰ੍ਹਾਂ ਉਜੜ ਚੁੱਕਾ ਹੈ ਤੇ ਇੱਥੇ ਤਾਲੇ ਲੱਗੇ ਹੋਏ ਹਨ। ਉਸ ਸਮੇਂ ਉਨ੍ਹਾਂ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਇਸ ਸਥਾਨ ਨੂੰ ਸ਼ਾਨਦਾਰ ਟੂਰਿਸਟ ਕੰਪਲੈਕਸ ਵਜੋਂ ਵਿਕਸਤ ਕੀਤਾ ਜਾਵੇਗਾ। ਇੱਥੇ ਆਧੁਨਿਕ ਹੋਟਲ ਤੇ ਰੈਸਟੋਰੈਂਟ ਬਣਾਏ ਜਾਣਗੇ ਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਸਵਾਲ ਕੀਤਾ ਕਿ ਸਾਢੇ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਸ ਕੰਪਲੈਕਸ ਦੀ ਹਾਲਤ ’ਚ ਕੋਈ ਸੁਧਾਰ ਕਿਉਂ ਨਹੀਂ ਹੋਇਆ? ਜਿਸ ਸਥਾਨ ਨੂੰ ਸ਼ਾਨਦਾਰ ਸੈਰ-ਸਪਾਟਾ ਕੇਂਦਰ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਉਹ ਅੱਜ ਵੀ ਵੀਰਾਨ ਤੇ ਬਦਹਾਲ ਪਿਆ ਹੈ ਤੇ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਹੈ। ਹਰਜੋਤ ਸਿੰਘ ਬੈਂਸ ਨੂੰ ਨੰਗਲ ਦੀ ਜਨਤਾ ਨੂੰ ਦੱਸਣਾ ਚਾਹੀਦਾ ਹੈ ਕਿ ਇਨ੍ਹਾਂ ਸਾਢੇ ਚਾਰ ਸਾਲਾਂ ਦੌਰਾਨ ਇਸ ਪ੍ਰਾਜੈਕਟ ਲਈ ਉਨ੍ਹਾਂ ਨੇ ਕੀ ਉਪਰਾਲੇ ਕੀਤੇ ਹਨ ਤੇ ਸਰਕਾਰ ਵੱਲੋਂ ਇਸ ਦਿਸ਼ਾ ’ਚ ਕਿੰਨਾ ਕੰਮ ਕੀਤਾ ਗਿਆ ਹੈ। ਡਾ. ਸ਼ਰਮਾ ਨੇ ਕਦੰਬਾ ਟੂਰਿਸਟ ਕੰਪਲੈਕਸ ਨਾਲ ਸਬੰਧਤ ਜ਼ਮੀਨ ਦੇ ਮਾਲ ਰਿਕਾਰਡ ਦਾ ਮੁੱਦਾ ਉਠਾਉਂਦਿਆਂ 14 ਪਿੰਡਾਂ ਦੇ ਗੁੰਮ ਹੋਏ ਮੂਲ ਮਾਲ ਰਿਕਾਰਡ ਬਾਰੇ ਵੀ ਸਰਕਾਰ ਤੋਂ ਜਵਾਬ ਮੰਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਰਿਕਾਰਡ ਦੇ ਗੁੰਮ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਸਬੰਧੀ ਸਾਲ 2018 ’ਚ ਐੱਫ.ਆਈ.ਆਰ. ਵੀ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਕਰੀਬ ਤਿੰਨ ਮਹੀਨੇ ਪਹਿਲਾਂ ਇਸ ਮਾਮਲੇ ’ਚ ਮੁੜ ਐੱਫ.ਆਈ.ਆਰ. ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਉਨ੍ਹਾਂ ਸਵਾਲ ਕੀਤਾ ਕਿ ਇਸ ਮਾਮਲੇ ’ਚ ਹੁਣ ਤੱਕ ਕੀ ਕਾਰਵਾਈ ਹੋਈ ਹੈ? ਰਿਕਾਰਡ ਗਾਇਬ ਹੋਣ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਨ ਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਸਬੰਧੀ ਸਰਕਾਰ ਤੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੀ ਭੂਮਿਕਾ ਰਹੀ ਹੈ? ਡਾ. ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਨੰਗਲ ਤੇ ਸ੍ਰੀ ਅਨੰਦਪੁਰ ਸਾਹਿਬ ਹਲਕੇ ’ਚ ਵਿਕਾਸ ਦੇ ਨਾਂ ’ਤੇ ਲੋਕਾਂ ਨੂੰ ਨਿਰਾਸ਼ਾ ਹੀ ਮਿਲੀ ਹੈ। ਸੈਰ-ਸਪਾਟੇ, ਰੁਜ਼ਗਾਰ ਤੇ ਸਥਾਨਕ ਵਿਕਾਸ ਦੇ ਨਾਂ ’ਤੇ ਕੀਤੇ ਗਏ ਵਾਅਦਿਆਂ ਦਾ ਹਿਸਾਬ ਦੇਣ ਦਾ ਸਮਾਂ ਆ ਗਿਆ ਹੈ। ਭਾਜਪਾ ਲੋਕਾਂ ਨਾਲ ਜੁੜੇ ਇਨ੍ਹਾਂ ਮੁੱਦਿਆਂ ਨੂੰ ਲਗਾਤਾਰ ਉਠਾਉਂਦੀ ਰਹੇਗੀ ਤੇ ਸਰਕਾਰ ਦੀ ਜਵਾਬਦੇਹੀ ਤੈਅ ਕਰਵਾਉਣ ਲਈ ਸੰਘਰਸ਼ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮਕਸਦ ਸਿਰਫ਼ ਸਰਕਾਰ ਦੀ ਆਲੋਚਨਾ ਕਰਨਾ ਨਹੀਂ, ਸਗੋਂ ਇਲਾਕੇ ਦੀਆਂ ਜਾਇਦਾਦਾਂ, ਵਿਕਾਸ ਤੇ ਲੋਕਾਂ ਦੇ ਹਿੱਤਾਂ ਨਾਲ ਜੁੜੇ ਮੁੱਦਿਆਂ ’ਤੇ ਜਵਾਬਦੇਹੀ ਯਕੀਨੀ ਬਣਾਉਣਾ ਹੈ। ਕਦੰਬਾ ਟੂਰਿਸਟ ਕੰਪਲੈਕਸ ਵਰਗੀ ਮਹੱਤਵਪੂਰਨ ਜਾਇਦਾਦ ਨੂੰ ਮੁੜ ਵਿਕਸਤ ਕਰਕੇ ਸੈਰ-ਸਪਾਟੇ ਤੇ ਰੁਜ਼ਗਾਰ ਦਾ ਕੇਂਦਰ ਬਣਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਡਾ. ਪਰਮਿੰਦਰ ਸ਼ਰਮਾ, ਸਰਦਾਰ ਜਤਿੰਦਰ ਸਿੰਘ ਅਟਵਾਲ, ਰਾਕੇਸ਼ ਸ਼ਰਮਾ ਪਿੰਕੀ, ਡਾ. ਰਜਿੰਦਰ ਕੁਮਾਰ (ਕੌਂਸਲਰ), ਹਰਮਨ ਪ੍ਰਿੰਸ, ਵਿਵੇਕ ਸ਼ਰਮਾ, ਅਲਕਾ ਐਰੀ, ਰਵੀ ਸ਼ਰਮਾ, ਅਨਿਲ ਸ਼ਰਮਾ, ਸਤਪਾਲ ਪਾਲੀ, ਸੁਭਾਸ਼ ਚੰਦਰ, ਰਜਿੰਦਰ ਸ਼ਰਮਾ, ਪਾਰਥ ਮਿੱਤਲ, ਸ਼ਿਵ ਮਹੇਨ, ਕੁਲਵੰਤ ਸਿੰਘ, ਕਸ਼ਮਾ ਸ਼ਰਮਾ, ਸੁਪਨਾ ਗੁਪਤਾ, ਅਨੀਤਾ, ਜਸਬੀਰ ਕੌਰ, ਸੁਲੇਖਾ ਤੇ ਸ਼ਿਵਾਨੀ ਸਿੰਘ ਸਮੇਤ ਵੱਡੀ ਗਿਣਤੀ ’ਚ ਭਾਜਪਾ ਵਰਕਰ ਹਾਜ਼ਰ ਸਨ।