ਕਦੰਬਾ ਟੂਰਿਸਟ ਕੰਪਲੈਕਸ ਦੀ ਬਦਹਾਲੀ ਨੂੰ ਲੈ ਕੇ ਰਾਜੇਸ਼ ਚੌਧਰੀ ਨੇ ਸਰਕਾਰ ਨੂੰ ਘੇਰਿਆ ਕਦੰਬਾ ਟੂਰਿਸਟ ਕੰਪਲੈਕਸ ਦੀ ਬਦਹਾਲੀ ਨੂੰ ਲੈ ਕੇ ਭਾਜਪਾ ਆਗੂ ਰਾਜੇਸ਼ ਚੌਧਰੀ ਨੇ ਪੰਜਾਬ ਸਰਕਾਰ ਨੂੰ ਘੇਰਿਆ
Publish Date: Tue, 03 Nov 2026 05:49 PM (IST)
Updated Date: Tue, 03 Nov 2026 05:50 PM (IST)
ਦਹਾਕਿਆਂ ਤੋਂ ਵਿਕਾਸ ਦੀ ਉਡੀਕ ਕਰ ਰਿਹਾ ਅੱਜ ਵੀ ਬਦਹਾਲੀ ਦੇ ਹੰਝੂ ਵਹਾ ਰਿਹੈ ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਅੱਜ ਭਾਰਤੀ ਜਨਤਾ ਪਾਰਟੀ ਦੇ ਉਪ ਪ੍ਰਧਾਨ ਰਾਜੇਸ਼ ਚੌਧਰੀ ਵੱਲੋਂ ਨੰਗਲ ਦੇ ਕਦੰਬਾ ਟੂਰਿਸਟ ਕੰਪਲੈਕਸ ਦੀ ਇਮਾਰਤ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕੰਪਲੈਕਸ ਦੀ ਮੌਜੂਦਾ ਖਸਤਾ ਹਾਲਤ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਇਮਾਰਤ ਪਿਛਲੇ ਕਈ ਦਹਾਕਿਆਂ ਤੋਂ ਆਪਣੇ ਪੁਨਰ-ਨਿਰਮਾਣ ਤੇ ਵਿਕਾਸ ਦੀ ਉਡੀਕ ਕਰ ਰਹੀ ਹੈ। ਕਦੇ ਨੰਗਲ ਦੀ ਪਹਿਚਾਣ ਰਹੀ ਇਹ ਇਮਾਰਤ ਅੱਜ ਅਣਦੇਖੀ ਦਾ ਸ਼ਿਕਾਰ ਹੋ ਕੇ ਰਹਿ ਗਈ ਹੈ। ਰਾਜੇਸ਼ ਚੌਧਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨੰਗਲ ਦੇ ਵਿਕਾਸ ਤੇ ਇਸ ਨੂੰ ਟੂਰਿਜ਼ਮ ਹੱਬ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ। ਪੰਜਾਬ ਸਰਕਾਰ ਦੇ ਮੰਤਰੀ ਹਰਜੋਤ ਸਿੰਘ ਬੈਂਸ ਤੇ ਡਾ. ਸੰਜੀਵ ਗੌਤਮ ਵੱਲੋਂ ਵੀ ਕਦੰਬਾ ਟੂਰਿਸਟ ਕੰਪਲੈਕਸ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਇਸ ਦੀ ਹਾਲਤ ਸੁਧਾਰਨ, ਇੱਥੇ ਮਾਲ ਤੇ ਸ਼ਾਪਿੰਗ ਕੰਪਲੈਕਸ ਬਣਾਉਣ ਵਰਗੇ ਵਾਅਦੇ ਕੀਤੇ ਗਏ ਸਨ। ਪਰ ਅੱਜ ਤੱਕ ਇਨ੍ਹਾਂ ਵਾਅਦਿਆਂ ਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਸਕਿਆ। ਸਰਕਾਰ ਦੇ ਕਾਰਜਕਾਲ ਦੇ ਲਗਭਗ ਪੰਜ ਸਾਲ ਬੀਤਣ ਦੇ ਬਾਵਜੂਦ ਕਦੰਬਾ ਟੂਰਿਸਟ ਕੰਪਲੈਕਸ ਦੀ ਹਾਲਤ ’ਚ ਕੋਈ ਜ਼ਿਕਰਯੋਗ ਸੁਧਾਰ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਨੰਗਲ ਦੇ ਲੋਕਾਂ ਨੂੰ ਵਿਕਾਸ ਦੇ ਸੁਪਨੇ ਦਿਖਾ ਕੇ ਸਿਰਫ਼ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੈਮਰਿਆਂ ਸਾਹਮਣੇ ਐਲਾਨ ਤੇ ਪ੍ਰੈੱਸ ਕਾਨਫਰੰਸਾਂ ਤਾਂ ਹੋਈਆਂ, ਪਰ ਜ਼ਮੀਨੀ ਪੱਧਰ ਤੇ ਕੰਮ ਨਜ਼ਰ ਨਹੀਂ ਆਇਆ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਸਰਕਾਰ ਦੇ ਮੰਤਰੀਆਂ ਕੋਲ ਵਿਕਾਸ ਕਾਰਜ ਕਰਵਾਉਣ ਦੇ ਅਧਿਕਾਰ ਤੇ ਮੌਕੇ ਸਨ ਤਾਂ ਫਿਰ ਨੰਗਲ ’ਚ ਕੋਈ ਅਜਿਹਾ ਵੱਡਾ ਕੰਮ ਕਿਉਂ ਨਹੀਂ ਹੋ ਸਕਿਆ, ਜਿਸ ਤੇ ਸ਼ਹਿਰ ਵਾਸੀ ਮਾਣ ਮਹਿਸੂਸ ਕਰ ਸਕਣ? ਚੌਧਰੀ ਨੇ ਕਿਹਾ ਕਿ ਕਦੰਬਾ ਟੂਰਿਸਟ ਕੰਪਲੈਕਸ ਦੀ ਮੌਜੂਦਾ ਹਾਲਤ ਨੰਗਲ ਦੇ ਵਿਕਾਸ ਸਬੰਧੀ ਕੀਤੇ ਗਏ ਦਾਅਵਿਆਂ ਦੀ ਹਕੀਕਤ ਬਿਆਨ ਕਰ ਰਹੀ ਹੈ। ਇਸ ਇਮਾਰਤ ਦੀਆਂ ਖਸਤਾ ਹਾਲਤ ਕੰਧਾਂ ਤੇ ਉਜੜਿਆ ਹੋਇਆ ਸਰੂਪ ਅੱਜ ਵੀ ਵਿਕਾਸ ਦੀ ਉਡੀਕ ’ਚ ਹਨ। ਇੰਝ ਲੱਗਦਾ ਹੈ ਜਿਵੇਂ ਇਹ ਇਮਾਰਤ ਆਪਣੇ ਹਾਲਾਤ ਬਿਆਨ ਕਰਦਿਆਂ ਹੰਝੂ ਵਹਾ ਰਹੀ ਹੋਵੇ। ਅੰਤ ’ਚ ਰਾਜੇਸ਼ ਚੌਧਰੀ ਨੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ’ਚ ਭਾਰਤੀ ਜਨਤਾ ਪਾਰਟੀ ਨੰਗਲ ਦੇ ਵਿਕਾਸ ਨੂੰ ਤਰਜੀਹ ਦਿੰਦਿਆਂ ਕਦੰਬਾ ਟੂਰਿਸਟ ਕੰਪਲੈਕਸ ਦੀ ਮੁੜ ਸੁਰਜੀਤੀ ਲਈ ਯਤਨ ਕਰੇਗੀ, ਤਾਂ ਜੋ ਇਸ ਇਮਾਰਤ ਨੂੰ ਮੁੜ ਇਸ ਦੀ ਪੁਰਾਣੀ ਪਹਿਚਾਣ ਦਿਵਾਈ ਜਾ ਸਕੇ ਤੇ ਨੰਗਲ ਨੂੰ ਸੈਰ-ਸਪਾਟੇ ਦੇ ਨਕਸ਼ੇ ਤੇ ਨਵੀਂ ਪਹਿਚਾਣ ਮਿਲ ਸਕੇ।