ਸ਼ਹਿਰ ਦੇ ਵਿਕਾਸ ਲਈ ਹਰਜੋਤ ਬੈਂਸ ਦੀ ਹਰ ਪਾਸਿਓਂ ਹੋ ਰਹੀ ਹੈ ਤਾਰੀਫ ਸ਼ਹਿਰ ਦੇ ਵਿਕਾਸ ਲਈ ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਹਰ ਪਾਸਿਓਂ ਹੋ ਰਹੀ ਹੈ ਤਾਰੀਫ
Publish Date: Tue, 03 Nov 2026 05:45 PM (IST)
Updated Date: Tue, 03 Nov 2026 05:47 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਸ਼ਹਿਰ ਦੇ ’ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਚੁਫੇਰਿਓ ਪ੍ਰਸੰਸਾ ਹੋ ਰਹੀ ਹੈ। ਇਹ ਕੰਮ ਸਿਰਫ ਕਿਸੇ ਇੱਕ ਵਾਰਡ ਜਾਂ ਇੱਕ ਖਿੱਤੇ ਤੱਕ ਸੀਮਤ ਨਾ ਰਹਿ ਕੇ ਹਰੇਕ ਵਾਰਡ ’ਚ ਕੰਮਾਂ ਦੀ ਝੜੀ ਲੱਗੀ ਹੋਈ ਹੈ। ਇਸ ਸਬੰਧੀ ਹੋਰ ਗੱਲ ਕਰਦੇ ਇਮਰਾਨ ਖਾਨ ਨੇ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵਾਰਡ ਨੰਬਰ 10 ’ਚ ਖਵਾਜਾ ਮੰਦਰ ਰੋਡ ਦੀ ਨੁਹਾਰ ਬਦਲ ਦਿੱਤੀ ਹੈ ’ਤੇ ਇਕ ਵੀਆਈਪੀ ਰੋਡ ਵਜੋਂ ਵਿਕਸਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖਵਾਜਾ ਮੰਦਰ ਰੋਡ ਨੰਗਲ ਸ਼ਹਿਰ ਦੇ ਨਾਲ ਨਾਲ ਦਸ ਪਿੰਡਾਂ ਨੂੰ ਜੋੜਦਾ ਹੈ ਤੇ ਇਸ ਸੜਕ ਦੀ ਨਾ ਸਿਰਫ਼ ਹਾਲਤ ਹੀ ਖਸਤਾ ਸੀ, ਸਗੋਂ ਰਾਤ ਸਮੇਂ ਲਾਈਟਾਂ ਵੀ ਨਹੀਂ ਚੱਲਦੀਆਂ ਸਨ। ਉਨ੍ਹਾਂ ਨੇ ਕਿਹਾ ਕਿ ਹੁਣ ਨਾ ਸਿਰਫ ਸੜਕ ਹੀ ਨਵੀਂ ਬਣੀ ਹੈ, ਸਗੋਂ ਇਸ ਤੇ ਲੱਗੀਆਂ ਰੰਗ ਬਿਰੰਗੀਆਂ ਲਾਈਟਾਂ ਇਸ ਸੜਕ ਨੂੰ ਹੋਰ ਸੁੰਦਰ ਕਰਦੀਆਂ ਹਨ। ਉਨ੍ਹਾਂ ਨੇ ਵਾਰਡ ਨੰਬਰ 10 ’ਚ ਚੱਲ ਰਹੇ ਵਿਕਾਸ ਕਾਰਜਾਂ ਲਈ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਵੀ ਕੀਤਾ। ਇਸੇ ਤਰ੍ਹਾਂ ਮੋਨਿਕਾ ਨੇ ਗੱਲ ਕਰਦਿਆਂ ਕਿਹਾ ਕਿ ਚੀਫ ਰੈਸਟੋਰੈਂਟ ਦੀ ਪਿਛਲੀ ਸੜਕ ਜੋ ਕਿ ਲਗਭਗ 10-15 ਸਾਲ ਤੋਂ ਕਦੇ ਬਣੀ ਹੀ ਨਹੀਂ ਸੀ ਤੇ ਸੜਕ ਦਾ ਬੁਰਾ ਹਾਲ ਸੀ ਨੂੰ ਨਾ ਸਿਰਫ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਬਣਾਇਆ ਗਿਆ, ਸਗੋਂ ਇਹ ਸੜਕ ਚੌੜੀ ਕਰਕੇ 20 ਫੁੱਟ ਦੀ ਕੀਤੀ ਗਈ । ਇਸ ਦੇ ਨਾਲ ਹੀ ਨੰਗਲ ਡੈਮ ਨੂੰ ਜਾਣ ਵਾਲੀ ਸੜਕ ਜੋ ਕਿ ਨੰਗਲ ਸ਼ਹਿਰ ਨੂੰ ਨਵਾਂ ਨੰਗਲ ਦੇ ਨਾਲ ਜੋੜਦੀ ਹੈ ਨੂੰ ਵੀ 20 ਫੁੱਟ ਕੀਤਾ ਜੋ ਕਿ ਪਹਿਲੀ ਵਾਰ ਹੋਇਆ ਹੈ ਅਤੇ ਇਸ ਤੋਂ ਪਹਿਲਾਂ ਇਹ ਸੜਕ ਸਿਰਫ 10 ਫੁੱਟ ਦੀ ਹੀ ਸੀ। ਇਸ ਸੜਕ ਤੋ ਦੋ ਵਾਹਨਾਂ ਦਾ ਇੱਕ ਪਾਸੇ ਲੰਘਣਾ ਮੁਸ਼ਕਿਲ ਸੀ। ਯੁੱਧ ਨਸ਼ਿਆਂ ਵਿਰੁੱਧ ਦੇ ਕੋਆਰਡੀਨੇਟਰ ਵਿੱਕੀ ਮਹਿਤਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਦੇ ਰਾਜ ’ਚ ਨੰਗਲ ਸ਼ਹਿਰ ਦਾ ਵਿਕਾਸ ਰੁਕਿਆ ਪਿਆ ਸੀ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨਾ ਸਿਰਫ ਵਿਕਾਸ ਨੂੰ ਲੀਹਾਂ ਤੇ ਲੈ ਕੇ ਆਉਂਦਾ ਸਗੋਂ ਸ਼ਹਿਰ ਨੂੰ ਇੱਕ ਨਵੀਂ ਨੁਹਾਰ ਦਿੱਤੀ ਹੈ, ਜਿਸ ’ਚ ਐੱਮਪੀ ਦੀ ਕੋਠੀ ਤੋਂ ਲੈ ਕੇ ਫਲਾਈ ਓਵਰ ਤੱਕ ਚੱਲ ਰਹੇ ਸੁੰਦਰੀ ਕਰਨ ਦੇ ਕੰਮ ਅਤੇ ਪੇਂਟਿੰਗ ਦੇ ਕੰਮ ਆਪ ਮੁਹਾਰੇ ਆਪਣੀ ਕਹਾਣੀ ਬੋਲਦੇ ਹਨ। ਉਨ੍ਹਾਂ ਕਿਹਾ ਕਿ ਫਲਾਈ ਓਵਰ ਦਾ ਚੱਲਣਾ ਵੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਦੇਣ ਹੈ, ਜਿਨਾਂ ਨੇ ਦਿਨ ਰਾਤ ਇੱਕ ਕਰਕੇ ਨਾ ਸਿਰਫ ਇਸ ਫਲਾਈ ਓਵਰ ਨੂੰ ਚਲਾਇਆ ਸਗੋਂ ਇਸ ਦਾ ਸੁੰਦਰੀਕਰਨ ਵੀ ਕਰਵਾਇਆ।