ਇਸ ਵਾਰ ਵੀ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ’ਚ ਭਾਜਪਾ ਤੋਂ ਦੂਰ ਰਹੇਗੀ ਦਿੱਲੀ ਇਸ ਵਾਰ ਵੀ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਤੋਂ ਦੂਰ ਰਹੇਗੀ ਦਿੱਲੀ
Publish Date: Tue, 03 Nov 2026 05:41 PM (IST)
Updated Date: Tue, 03 Nov 2026 05:44 PM (IST)
ਭਾਜਪਾ ਦੀ ਆਪਣੀ ਗੁੱਟਬਾਜੀ ਦੁਹਰਾ ਸਕਦੀ ਹੈ 2022 ਦਾ ਇਤਿਹਾਸ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਵਿਧਾਨ ਸਭਾ ਦੀਆਂ ਚੋਣਾਂ ਸਿਰ ’ਤੇ ਆ ਗਈਆਂ ਹਨ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਇਸ ਗੱਲ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ’ਚ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਬਣਾਏਗੀ। ਪਰ ਜੇਕਰ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ’ਚ ਚੋਣ ਲੜਨ ਵਾਲਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਸੂਬੇ ’ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਜਾਂ ਨਾ ਬਣੇ, ਪਰ ਸ੍ਰੀ ਅਨੰਦਪੁਰ ਸਾਹਿਬ ਦੇ ’ਚੋਂ ਭਾਰਤੀ ਜਨਤਾ ਪਾਰਟੀ ਦਾ ਵਿਧਾਇਕ ਬਣਨਾ ਨਾਮੁਮਕਿਨ ਲੱਗ ਰਿਹਾ ਹੈ। ਵਿਸ਼ੇਸ਼ ਦੱਸਣ ਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਲਗਭਗ ਇੱਕ ਦਰਜਨ ਤੋਂ ਜ਼ਿਆਦਾ ਵਰਕਰ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਟਿਕਟ ਦੀ ਦਾਅਵੇਦਾਰੀ ਕਰ ਰਹੇ ਹਨ। ਇਨ੍ਹਾਂ ਦੇ ’ਚ ਮੁੱਖ ਤੌਰ ਤੇ ਡਾਕਟਰ ਸੁਭਾਸ਼ ਸ਼ਰਮਾ ਦਾ ਨਾਮ ਅੱਗੇ ਆ ਰਿਹਾ ਹੈ, ਦੂਸਰੇ ਪਾਸੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਂਗਰਸ ਤੋਂ ਭਾਰਤੀ ਜਨਤਾ ਪਾਰਟੀ ’ਚ ਸ਼ਾਮਿਲ ਹੋਏ ਤੇ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਰਹੇ ਰਜੇਸ਼ ਚੌਧਰੀ ਵੀ ਟਿਕਟ ਦੀ ਦਾਅਵੇਦਾਰੀ ਕਰ ਰਹੇ ਹਨ ਤੇ ਇਸ ਤੋਂ ਇਲਾਵਾ ਗੋਵਰਧਨ ਸੋਨੀ ਦੀਆਂ ਸਰਗਰਮੀਆਂ ਵੀ ਵਿਸ਼ੇਸ਼ ਰੋਲ ਅਦਾ ਕਰ ਰਹੀਆਂ ਹਨ। ਪ ਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਮੁੱਦੇ ਨੂੰ ਲੈ ਕੇ ਇੱਕ ਭਾਜਪਾ ਦੇ ਆਗੂ ਵੱਲੋਂ ਪੱਤਰਕਾਰ ਸੰਮੇਲਨ ਬੁਲਾਇਆ ਜਾਂਦਾ ਹੈ, ਤੁਰੰਤ ਦੂਸਰੇ ਆਗੂ ਵੱਲੋਂ ਵੀ ਉਸ ’ਤੇ ਕੋਈ ਨਾ ਕੋਈ ਬਿਆਨ ਦੇ ਦਿੱਤਾ ਜਾਂਦਾ ਹੈ ਤੇ ਅੱਜ ਵੀ ਇਸੇ ਤਰ੍ਹਾਂ ਹੀ ਹੋਇਆ ਜਦੋਂ ਦੁਪਹਿਰ ਸਮੇਂ ਡਾਕਟਰ ਸੁਭਾਸ਼ ਸ਼ਰਮਾ ਕਦੰਬਾ ਟੂਰਿਸਟ ਕੰਮਪਲੈਕਸ ਨੂੰ ਲੈ ਕੇ ਪੱਤਰਕਾਰ ਸੰਮੇਲਨ ਕਰ ਰਹੇ ਸਨ ਤਾਂ ਸ਼ੋਸ਼ਲ ਮੀਡੀਆ ਤੇ ਕਦੰਬਾ ਟੂਰਿਸਟ ਕੰਮਪਲੈਕਸ ਨੂੰ ਲੈ ਕੇ ਰਜੇਸ਼ ਚੌਧਰੀ ਦਾ ਬਿਆਨ ਵੀ ਗਿਆ ਤੇ ਕੁਝ ਹੀ ਦੇਰੀ ਬਾਅਦ ਗੋਵਰਧਨ ਸੋਨੀ ਵੱਲੋਂ ਵੀ 14 ਪਿੰਡਾਂ ਦੀ ਜਮੀਨ ਦੇ ਗੁਆਚੇ ਰਿਕਾਰਡ ’ਚ ਵਿਜੀਲੈਂਸ ਜਾਂਚ ਦਾ ਸਿਹਰਾ ਆਪਣੇ ਸਿਰ ਲੈ ਲਿਆ। ਦੱਸਣਾ ਬਣਦਾ ਹੈ ਕਿ ਇਸ ਤੋਂ ਇਲਾਵਾ ਬਾਕੀ ਆਗੂ ਵੀ ਆਪਣੇ ਪੱਧਰ ਤੇ ਟਿਕਟ ਦੀ ਦਾਵੇਦਾਰੀ ਦੱਸਦੇ ਹੋਏ ਹਲਕੇ ’ਚ ਸਰਗਰਮੀਆਂ ਦਿਖਾ ਰਹੇ ਹਨ, ਪਰ ਇੱਥੇ ਇਹ ਵੀ ਦੱਸਣਾ ਬਹੁਤ ਜਰੂਰੀ ਹੈ ਕਿ ਸਾਲ 2022 ਦੇ ’ਚ ਵੀ ਇਸੇ ਤਰ੍ਹਾਂ ਹੀ ਭਾਰਤੀ ਜਨਤਾ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਨਿਕਲੇ ਸਨ ਤੇ ਜਦੋਂ ਡਾਕਟਰ ਪਰਮਿੰਦਰ ਸ਼ਰਮਾ ਨੂੰ ਟਿਕਟ ਮਿਲੀ ਤਾਂ ਉਸ ਤੋਂ ਬਾਅਦ ਕੁਝ ਭਾਜਪਾ ਆਗੂ ਸ਼ਾਂਤ ਚਿੱਤ ਹੋ ਕੇ ਹੁਣ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਮਦਦ ’ਚ ਲੱਗ ਗਏ ਸਨ, ਜਿਸ ਦਾ ਨਤੀਜਾ ਇਹ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਕੁਝ ਕੁ ਹਜ਼ਾਰ ਵੋਟਾਂ ਤੇ ਸਿਮਟ ਕੇ ਰਹਿ ਗਈ ਸੀ ਤੇ ਸੂਤਰਾਂ ਦੇ ਅਨੁਸਾਰ ਇਸ ਵਾਰ ਵੀ ਉਕਤ ਵਿਅਕਤੀ ਟਿਕਟ ਦੀ ਦਾਅਵੇਦਾਰੀ ਵਿਖਾ ਰਹੇ ਹਨ ਤੇ ਇੱਕ ਭਾਜਪਾ ਆਗੂ ਤੋ ਇੰਨੇ ਕੁ ਖੌਫ ਜਦਾ ਹਨ ਕਿ ਉਸ ਨੂੰ ਬਾਹਰੀ ਦੱਸ ਕੇ ਲੋਕਲ ਟਿਕਟ ਦੇ ਦਾਅਵੇਦਾਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੀ ਕੋਸ਼ਿਸ਼ ’ਚ ਲੱਗੇ ਹਨ। ਕੁੱਲ ਮਿਲਾ ਕੇ ਜੋ ਹਾਲਾਤ ਭਾਰਤੀ ਜਨਤਾ ਪਾਰਟੀ ਦੀ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ’ਚ ਹਨ ਸ਼ਾਇਦ ਇਸ ਵਾਰ ਵੀ ਭਾਜਪਾ ਤੋਂ ਦਿੱਲੀ ਦੂਰ ਰਹੇਗੀ। ਹਾਈ ਕਮਾਂਡ ਸਭ ਜਾਣਦੀ: ਡਾਕਟਰ ਪਰਮਿੰਦਰ ਸ਼ਰਮਾ ਇਸ ਸੰਬੰਧ ’ਚ ਜਦੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂ ਡਾਕਟਰ ਪਰਮਿੰਦਰ ਸ਼ਰਮਾ ਜੋ ਕਿ 2017 ਤੇ 2022 ਦੀਆਂ ਵਿਧਾਨ ਸਭਾ ਚੋਣਾਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ ਲੜ ਚੁੱਕੇ ਹਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਵਾਰ ਸੋ ਫੀਸਦੀ ਭਾਰਤੀ ਜਨਤਾ ਪਾਰਟੀ ਸੂਬੇ ’ਚ ਆਪਣੀ ਸਰਕਾਰ ਬਣਾਏਗੀ ਤੇ ਇਸ ਨੂੰ ਕੋਈ ਨਹੀਂ ਰੋਕ ਸਕਦਾ । ਉਹਨਾਂ ਨੇ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੀ ਗੱਲ ਕਰਦਿਆਂ ਕਿਹਾ ਕਿ ਭਾਜਪਾ ਦੀ ਹਾਈ ਕਮਾਂਡ ਸਭ ਕੁਝ ਜਾਣਦੀ ਹੈ ਤੇ ਉਹ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਕਿਸੇ ਪੜੇ ਲਿਖੇ ਉਮੀਦਵਾਰ ਨੂੰ ਹੀ ਟਿਕਟ ਦੇਵੇਗੀ ਨਾ ਕਿ ਪਾਰਟੀ ਦੀ ਪਿੱਠ ’ਚ ਦੋ ਵਾਰ ਛੁਰਾ ਮਾਰਨ ਵਾਲੇ ਕਿਸੇ ਵਿਅਕਤੀ ਨੂੰ। ਉਹਨਾਂ ਨੇ ਕਿਹਾ ਕਿ ਭਾਜਪਾ ਹਾਈ ਕਮਾਂਡ ਕੋਲ ਇਕੱਲੇ ਇਕੱਲੇ ਵਿਅਕਤੀ ਦਾ ਰਿਕਾਰਡ ਹੈ ਤੇ ਉਹ ਜਾਣਦੇ ਹਨ ਕਿ ਕੌਣ ਕਿੰਨੇ ਪਾਣੀ ’ਚ ਹੈ।