ਗੁਰਦੁਆਰਾ ਸ੍ਰੀ ਕੋਟ ਸਾਹਿਬ ਦੀ ਨਵੀਨੀਕਰਨ ਸੇਵਾ ਜ਼ੋਰਾਂ ’ਤੇ ਗੁਰਦੁਆਰਾ ਸ੍ਰੀ ਕੋਟ ਸਾਹਿਬ ਦੀ ਨਵੀਨੀਕਰਨ ਸੇਵਾ ਜ਼ੋਰਾਂ ’ਤੇ
Publish Date: Tue, 03 Nov 2026 05:07 PM (IST)
Updated Date: Tue, 03 Nov 2026 05:08 PM (IST)
ਬਾਬਾ ਕੁਲਦੀਪ ਸਿੰਘ ਵੱਲੋਂ ਸੰਗਤ ਨੂੰ ਸੇਵਾ ’ਚ ਯੋਗਦਾਨ ਪਾਉਣ ਦੀ ਅਪੀਲ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਦੀ ਰਹਿਨੁਮਾਈ ਤੇ ਮੌਜੂਦਾ ਜਥੇਦਾਰ ਬਾਬਾ ਬਚਨ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰੂ ਘਰਾਂ ’ਚ ਵੱਡੇ ਪੱਧਰ ’ਤੇ ਕਾਰ ਸੇਵਾ ਦੀਆਂ ਸੇਵਾਵਾਂ ਜਾਰੀ ਹਨ। ਇਸੇ ਲੜੀ ਤਹਿਤ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੀਰੀ-ਮੀਰੀ ਤਖ਼ਤ ਗੁਰਦੁਆਰਾ ਸ੍ਰੀ ਕੋਟ ਸਾਹਿਬ ਵਿਖੇ ਨਵੀਨੀਕਰਨ ਦੀ ਸੇਵਾ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਕੁਲਦੀਪ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਨਵੀਨੀਕਰਨ ਦਾ ਕੰਮ ਤੇਜ਼ੀ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੇਵਾ ਤਹਿਤ ਮਿਤੀ 5 ਨਵੰਬਰ 2026 ਨੂੰ ਗੁਰਦੁਆਰਾ ਸ੍ਰੀ ਕੋਟ ਸਾਹਿਬ ਦੇ ਦਰਬਾਰ ਹਾਲ ਦੀ ਇਮਾਰਤ ਦਾ ਪਹਿਲਾ ਲੈਂਟਰ ਪਾਇਆ ਜਾਵੇਗਾ। ਇਸ ਪਵਿੱਤਰ ਕਾਰਜ ਨੂੰ ਲੈ ਕੇ ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਵੱਡੀ ਗਿਣਤੀ ’ਚ ਸੰਗਤ ਗੁਰੂ ਘਰ ਦੀ ਸੇਵਾ ’ਚ ਆਪਣਾ ਯੋਗਦਾਨ ਪਾਉਣ ਲਈ ਪਹੁੰਚ ਰਹੀ ਹੈ। ਬਾਬਾ ਕੁਲਦੀਪ ਸਿੰਘ ਨੇ ਨਾਨਕ ਨਾਮ ਲੇਵਾ ਸੰਗਤ ਨੂੰ ਵਿਸ਼ੇਸ਼ ਅਪੀਲ ਕਰਦਿਆਂ ਕਿਹਾ ਕਿ 5 ਨਵੰਬਰ ਨੂੰ ਵੱਡੀ ਗਿਣਤੀ ’ਚ ਗੁਰਦੁਆਰਾ ਸ੍ਰੀ ਕੋਟ ਸਾਹਿਬ ਵਿਖੇ ਪਹੁੰਚ ਕੇ ਦਰਬਾਰ ਹਾਲ ਦੇ ਲੈਂਟਰ ਦੀ ਸੇਵਾ ’ਚ ਆਪਣਾ ਬਣਦਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੀ ਸੇਵਾ ਕਰਨਾ ਬਹੁਤ ਵੱਡੇ ਭਾਗਾਂ ਵਾਲੀ ਗੱਲ ਹੈ ਤੇ ਅਜਿਹੇ ਪਵਿੱਤਰ ਕਾਰਜਾਂ ’ਚ ਸ਼ਮੂਲੀਅਤ ਕਰਕੇ ਸੰਗਤ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪੰਥ ਰਤਨ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦੀ ਰਹਿਨੁਮਾਈ ਤੇ ਮੌਜੂਦਾ ਜਥੇਦਾਰ ਬਾਬਾ ਬਚਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੰਗਤ ਲਈ ਵਿਸ਼ੇਸ਼ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਇਸ ਸੇਵਾ ਦੇ ਮੌਕੇ ਗੁਰੂ ਘਰ ਵਿਖੇ ਪਹੁੰਚ ਕੇ ਤਨ, ਮਨ ਤੇ ਧਨ ਨਾਲ ਸੇਵਾ ’ਚ ਹਿੱਸਾ ਪਾਉਣ ਤੇ ਇਸ ਪਵਿੱਤਰ ਕਾਰਜ ਨੂੰ ਸਫ਼ਲ ਬਣਾਉਣ ’ਚ ਸਹਿਯੋਗ ਦੇਣ।