ਈ-ਕੂੜਾ ਪ੍ਰਬੰਧਨ ਸਬੰਧੀ ਕੁਇੱਜ਼ ਮੁਕਾਬਲਾ ਕਰਵਾਇਆ ਕਾਂਗੜ ਸਕੂਲ ਵਿਖੇ ਈ-ਕੂੜਾ ਪ੍ਰਬੰਧਨ ਸਬੰਧੀ ਕੁਇਜ਼ ਮੁਕਾਬਲਾ ਕਰਵਾਇਆ
Publish Date: Tue, 03 Nov 2026 04:56 PM (IST)
Updated Date: Tue, 03 Nov 2026 04:59 PM (IST)
ਡਾ. ਭੀਮ ਰਾਓ ਅੰਬੇਡਕਰ ਹਾਊਸ ਨੇ ਪਹਿਲਾ ਤੇ ਸ਼ਹੀਦ ਭਗਤ ਸਿੰਘ ਹਾਊਸ ਨੇ ਹਾਸਲ ਕੀਤਾ ਦੂਜਾ ਸਥਾਨ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਂਗੜ ਵਿਖੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ‘ਈ-ਕੂੜਾ ਮੁਕਤ ਪੰਜਾਬ’ ਮੁਹਿੰਮ ਤਹਿਤ ਇਲੈਕਟ੍ਰਾਨਿਕ ਕੂੜੇ ਦੇ ਸੁਚੱਜੇ ਪ੍ਰਬੰਧਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਸਕੂਲ ਪ੍ਰਿੰਸੀਪਲ ਪਾਖਰ ਸਿੰਘ ਦੀ ਰਹਿਨੁਮਾਈ ਹੇਠ ਕੰਪਿਊਟਰ ਅਧਿਆਪਕ ਸ. ਅਰਪਨ ਕੁਮਾਰ ਅਤੇ ਨਵਨੀਤ ਕੁਮਾਰ ਦੀ ਅਗਵਾਈ ’ਚ ਕਰਵਾਇਆ ਗਿਆ। ਮੁਕਾਬਲੇ ਦੌਰਾਨ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਚਾਰ ਹਾਊਸਾਂ ਸ਼ਹੀਦ ਭਗਤ ਸਿੰਘ ਹਾਊਸ, ਸ਼ਹੀਦ ਊਧਮ ਸਿੰਘ ਹਾਊਸ, ਡਾ. ਭੀਮ ਰਾਓ ਅੰਬੇਡਕਰ ਹਾਊਸ ਅਤੇ ਮਹਾਤਮਾ ਗਾਂਧੀ ਹਾਊਸ ਰਾਹੀਂ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੂੰ ਇਲੈਕਟ੍ਰਾਨਿਕ ਕੂੜੇ ਦੀ ਪਛਾਣ, ਇਸ ਦੇ ਵਾਤਾਵਰਨ ਅਤੇ ਮਨੁੱਖੀ ਸਿਹਤ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ, ਕੂੜੇ ਦੀ ਮਾਤਰਾ ਘਟਾਉਣ, ਮੁੜ ਵਰਤੋਂ ਅਤੇ ਮੁੜ-ਚੱਕਰਣ ਸਮੇਤ ਇਸ ਦੇ ਪ੍ਰਬੰਧਨ ਨਾਲ ਜੁੜੇ ਵੱਖ-ਵੱਖ ਸਵਾਲ ਪੁੱਛੇ ਗਏ। ਮੁਕਾਬਲੇ ’ਚ ਡਾ. ਭੀਮ ਰਾਓ ਅੰਬੇਡਕਰ ਹਾਊਸ ਨੇ ਪਹਿਲਾ, ਸ਼ਹੀਦ ਭਗਤ ਸਿੰਘ ਹਾਊਸ ਨੇ ਦੂਜਾ ਅਤੇ ਮਹਾਤਮਾ ਗਾਂਧੀ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਜਮਾਤਾਂ ਦੇ ਆਧਾਰ ’ਤੇ ਕਰਵਾਏ ਗਏ ਮੁਕਾਬਲੇ ’ਚ ਅੱਠਵੀਂ ਜਮਾਤ ਪਹਿਲੇ, ਛੇਵੀਂ ਜਮਾਤ ਦੂਜੇ ਅਤੇ ਸੱਤਵੀਂ ਜਮਾਤ ਤੀਜੇ ਸਥਾਨ ’ਤੇ ਰਹੀ। ਸਵੇਰ ਦੀ ਸਭਾ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਪਾਖਰ ਸਿੰਘ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਉਨ੍ਹਾਂ ਅੰਦਰ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਘਰਾਂ ’ਚ ਖਰਾਬ ਪਏ ਮੋਬਾਈਲ ਫੋਨ, ਚਾਰਜਰ, ਬੈਟਰੀਆਂ ਅਤੇ ਹੋਰ ਇਲੈਕਟ੍ਰਾਨਿਕ ਉਪਕਰਨ ਇੱਧਰ-ਉੱਧਰ ਸੁੱਟਣ ਦੀ ਬਜਾਏ ਸਕੂਲ ’ਚ ਸਥਾਪਤ ਕੀਤੇ ਗਏ ਇਲੈਕਟ੍ਰਾਨਿਕ ਕੂੜਾ ਇਕੱਠਾ ਕਰਨ ਵਾਲੇ ਡੱਬੇ ’ਚ ਜਮ੍ਹਾਂ ਕਰਵਾਉਣ, ਤਾਂ ਜੋ ਇਨ੍ਹਾਂ ਦਾ ਸਹੀ ਢੰਗ ਨਾਲ ਨਿਪਟਾਰਾ ਅਤੇ ਮੁੜ-ਚੱਕਰਣ ਕੀਤਾ ਜਾ ਸਕੇ। ਅੰਤ ’ਚ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਲੈਕਟ੍ਰਾਨਿਕ ਕੂੜੇ ਦਾ ਸੁਚੱਜਾ ਪ੍ਰਬੰਧਨ ਕਰਨ ਅਤੇ ਵਾਤਾਵਰਨ ਦੀ ਸੰਭਾਲ ’ਚ ਆਪਣਾ ਯੋਗਦਾਨ ਪਾਉਣ ਦੀ ਸਹੁੰ ਚੁਕਾਈ ਗਈ। ਇਸ ਮੌਕੇ ਦਿਪੰਕਰ ਕੌਸ਼ਲ, ਸੁਖਦੇਵ ਸਿੰਘ ਰੰਧਾਵਾ, ਅਰਪਨ ਕੁਮਾਰ, ਨਵਨੀਤ ਕੁਮਾਰ, ਦਵਿੰਦਰ ਕਲਰਕ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਰਾਮ ਪਾਲ, ਭੁਵਨੇਸ਼ ਰਾਣਾ, ਮਮਤਾ ਰਾਣੀ, ਸੁਮਨ ਦੇਵੀ, ਹਿਨਾ, ਕੈਂਪਸ ਮੈਨੇਜਰ ਬਲਵੰਤ ਸਿੰਘ, ਮਾਸਟਰ ਦਵਿੰਦਰ ਬਾਲੇਵਾਲ, ਆਰਤੀ, ਮਨੀਸ਼ਾ, ਹਰਦੀਪ, ਕਮਲੇਸ਼ ਰਾਣੀ, ਸਿਮਰਨ ਅਤੇ ਜੋਨੀ ਰਾਣਾ ਸਮੇਤ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।