14 ਪਿੰਡਾਂ ਦੇ ਜ਼ਮੀਨੀ ਰਿਕਾਰਡ ਗੁੰਮ ਹੋਣ ਦੇ ਮਾਮਲੇ ’ਚ ਵਿਜੀਲੈਂਸ ਜਾਂਚ ਸ਼ੁਰੂ : ਗੋਵਰਧਨ ਸੋਨੀ ਜੀ.ਡੀ. ਨੰਗਲ ਤਹਿਸੀਲ ਦੇ 14 ਪਿੰਡਾਂ ਦੇ ਜ਼ਮੀਨੀ ਰਿਕਾਰਡ ਗੁੰਮ ਹੋਣ ਦੇ ਮਾਮਲੇ ਵਿੱਚ ਵਿਜੀਲੈਂਸ ਜਾਂਚ ਸ਼ੁਰੂ: ਗੋਵਰਧਨ ਸੋਨੀ ਜੀ.ਡੀ.
Publish Date: Tue, 03 Nov 2026 04:51 PM (IST)
Updated Date: Tue, 03 Nov 2026 04:53 PM (IST)
ਐਨ.ਐਚ.-503 ਨੰਗਲ-ਕੀਰਤਪੁਰ ਸਾਹਿਬ ਫੋਰਲੇਨ ਪ੍ਰਾਜੈਕਟ ਦਾ ਕੰਮ ਵੀ ਹੋ ਰਿਹਾ ਪ੍ਰਭਾਵਿਤ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ: ਨੰਗਲ ਤਹਿਸੀਲ ਅਧੀਨ ਆਉਂਦੇ 14 ਪਿੰਡਾਂ ਦਾ ਜ਼ਮੀਨ ਨਾਲ ਸਬੰਧਤ ਅਸਲ ਸਰਕਾਰੀ ਰਿਕਾਰਡ ਗੁੰਮ ਹੋਣ ਦਾ ਮਾਮਲਾ ਹੁਣ ਵਿਜੀਲੈਂਸ ਵਿਭਾਗ ਤੱਕ ਪਹੁੰਚ ਗਿਆ ਹੈ। ਭਾਜਪਾ ਆਗੂ ਗੋਵਰਧਨ ਸੋਨੀ ਜੀ.ਡੀ. ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ 14 ਪਿੰਡਾਂ ਦਾ ਮਹੱਤਵਪੂਰਨ ਜ਼ਮੀਨੀ ਰਿਕਾਰਡ ਉਪਲਬਧ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਅਸਰ ਕੌਮੀ ਮਾਰਗ ਐਨ.ਐਚ.-503 (ਈ) ਦੇ ਨੰਗਲ-ਕੀਰਤਪੁਰ ਸਾਹਿਬ ਫੋਰਲੇਨ ਪ੍ਰਾਜੈਕਟ ਨਾਲ ਸਬੰਧਤ ਕੰਮਾਂ ’ਤੇ ਵੀ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਰਿਕਾਰਡ ਦਾ ਇਸ ਤਰ੍ਹਾਂ ਗੁੰਮ ਹੋਣਾ ਗੰਭੀਰ ਪ੍ਰਸ਼ਾਸਨਿਕ ਮਾਮਲਾ ਹੈ। ਜਾਂਚ ਰਾਹੀਂ ਇਹ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ 14 ਪਿੰਡਾਂ ਦਾ ਜ਼ਮੀਨੀ ਰਿਕਾਰਡ ਕਿੱਥੇ ਗਿਆ, ਕਿਹੜੇ ਹਾਲਾਤਾਂ ਵਿੱਚ ਗੁੰਮ ਹੋਇਆ ਅਤੇ ਇਸ ਲਈ ਕਿਹੜੇ ਅਧਿਕਾਰੀ ਜਾਂ ਕਰਮਚਾਰੀ ਜ਼ਿੰਮੇਵਾਰ ਹਨ। ਉਨ੍ਹਾਂ ਮੰਗ ਕੀਤੀ ਕਿ ਵਿਜੀਲੈਂਸ ਜਾਂਚ ਨਿਰਪੱਖ ਅਤੇ ਸਮਾਂਬੱਧ ਢੰਗ ਨਾਲ ਪੂਰੀ ਕੀਤੀ ਜਾਵੇ। ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਲਾਪਰਵਾਹੀ ਜਾਂ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਗੁੰਮ ਹੋਏ ਰਿਕਾਰਡ ਦੀ ਭਾਲ ਕਰਕੇ ਜਾਂ ਹੋਰ ਸਰਕਾਰੀ ਦਸਤਾਵੇਜ਼ਾਂ ਦੇ ਆਧਾਰ ’ਤੇ ਇਸ ਨੂੰ ਮੁੜ ਤਿਆਰ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇ, ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕਿਸੇ ਵਿਅਕਤੀ ਵਿਸ਼ੇਸ਼ ਵਿਰੁੱਧ ਨਹੀਂ, ਸਗੋਂ ਸਰਕਾਰੀ ਪ੍ਰਬੰਧ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਲੋਕਾਂ ਦੇ ਜ਼ਮੀਨੀ ਹੱਕਾਂ ਦੀ ਰਾਖੀ ਨਾਲ ਜੁੜਿਆ ਹੋਇਆ ਹੈ। ਜਦੋਂ ਤੱਕ ਇਸ ਮਾਮਲੇ ਦੀ ਸੱਚਾਈ ਸਾਹਮਣੇ ਨਹੀਂ ਆਉਂਦੀ ਅਤੇ ਜ਼ਿੰਮੇਵਾਰ ਵਿਅਕਤੀਆਂ ਦੀ ਜਵਾਬਦੇਹੀ ਤੈਅ ਨਹੀਂ ਹੁੰਦੀ, ਉਹ ਇਸ ਮੁੱਦੇ ਨੂੰ ਉਠਾਉਂਦੇ ਰਹਿਣਗੇ।