ਨੂਰਪੁਰਬੇਦੀ ਸਕੂਲ ਵਿਖੇ ਅੱਜ ਹੋਵੇਗਾ ਦੀਵਾਲੀ ਫੈਸਟ ਨੂਰਪੁਰਬੇਦੀ ਸਕੂਲ ਵਿਖੇ ਅੱਜ ਹੋਵੇਗਾ ਦਿਵਾਲੀ ਫੈਸਟ
Publish Date: Tue, 03 Nov 2026 04:47 PM (IST)
Updated Date: Tue, 03 Nov 2026 04:50 PM (IST)
ਪੁਰਾਣੇ ਵਿਦਿਆਰਥੀਆਂ ਤੇ ਸਾਬਕਾ ਅਧਿਆਪਕਾਂ ਦੀ ਮਿਲਣੀ ਬਣੇਗੀ ਖਿੱਚ ਦਾ ਕੇਂਦਰ ਖਾਣ-ਪੀਣ ਤੇ ਵਪਾਰਕ ਵਸਤਾਂ ਦੇ ਲੱਗਣਗੇ ਸਟਾਲ, ਰੱਸਾਕਸ਼ੀ ਮੁਕਾਬਲੇ ਸਮੇਤ ਕਈ ਮਨੋਰੰਜਕ ਗਤੀਵਿਧੀਆਂ ਹੋਣਗੀਆਂ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਨੂਰਪੁਰਬੇਦੀ ਵਿਖੇ 4 ਨਵੰਬਰ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਨੂੰ ਸਾਂਝਾ ਕਰਨ ਲਈ ਵਿਸ਼ੇਸ਼ ‘ਦਿਵਾਲੀ ਫੈਸਟ’ ਕਰਵਾਇਆ ਜਾ ਰਿਹਾ ਹੈ। ਸਕੂਲ ਪ੍ਰਿੰਸੀਪਲ ਅਨਿਲ ਕੁਮਾਰ ਦੀ ਦੇਖ-ਰੇਖ ਹੇਠ ਅਧਿਆਪਕਾਂ ਤੇ ਸਮੂਹ ਸਟਾਫ ਵੱਲੋਂ ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵਾਰ ਦੇ ਫੈਸਟ ਨੂੰ ਹੋਰ ਖ਼ਾਸ ਬਣਾਉਣ ਲਈ ਸਕੂਲ ਪ੍ਰਬੰਧਕਾਂ ਵੱਲੋਂ ਸਾਬਕਾ ਅਧਿਆਪਕਾਂ ਤੇ ਪੁਰਾਣੇ ਵਿਦਿਆਰਥੀਆਂ ਨੂੰ ਵੀ ਸੱਦਾ ਭੇਜਿਆ ਗਿਆ ਹੈ। ਸਕੂਲ ਤੋਂ ਸਿੱਖਿਆ ਪ੍ਰਾਪਤ ਕਰਕੇ ਅੱਜ ਵੱਖ-ਵੱਖ ਕਿੱਤਿਆਂ ਤੇ ਖੇਤਰਾਂ ’ਚ ਆਪਣੀ ਵੱਖਰੀ ਪਛਾਣ ਸਥਾਪਿਤ ਕਰ ਚੁੱਕੇ ਸਾਬਕਾ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਇਹ ਸਮਾਗਮ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਦਾ ਮੌਕਾ ਵੀ ਬਣੇਗਾ। ਪ੍ਰਿੰਸੀਪਲ ਅਨਿਲ ਕੁਮਾਰ ਨੇ ਦੱਸਿਆ ਕਿ ਸਕੂਲ ਸਿਰਫ਼ ਸਿੱਖਿਆ ਪ੍ਰਦਾਨ ਕਰਨ ਵਾਲੀ ਸੰਸਥਾ ਹੀ ਨਹੀਂ ਹੁੰਦਾ, ਸਗੋਂ ਇਹ ਵਿਦਿਆਰਥੀਆਂ ਦੇ ਜੀਵਨ ਦੀਆਂ ਅਨੇਕਾਂ ਯਾਦਾਂ ਤੇ ਸਫ਼ਲਤਾ ਦੀ ਨੀਂਹ ਨਾਲ ਜੁੜਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਵਿਦਿਆਰਥੀਆਂ ਦੀਆਂ ਕਾਮਯਾਬੀਆਂ ਸਕੂਲ ਦੀ ਪਛਾਣ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਇਸੇ ਭਾਵਨਾ ਤਹਿਤ ਪੁਰਾਣੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇੱਕ ਮੰਚ ਤੇ ਇਕੱਠੇ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੀਵਾਲੀ ਫੈਸਟ ਦੌਰਾਨ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੇ ਪਕਵਾਨਾਂ ਤੋਂ ਇਲਾਵਾ ਕਈ ਵਪਾਰਕ ਸਟਾਲ ਵੀ ਸਜਾਏ ਜਾਣਗੇ। ਇਸ ਦੇ ਨਾਲ ਹੀ ਬੱਚਿਆਂ ਤੇ ਆਮ ਲੋਕਾਂ ਲਈ ਮਨੋਰੰਜਕ ਖੇਡਾਂ ਤੇ ਹੋਰ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਰੱਸਾਕਸ਼ੀ ਦਾ ਮੁਕਾਬਲਾ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗਾ। ਸਮਾਗਮ ਦੌਰਾਨ ਜਨਤਕ ਡਰਾਅ ਵੀ ਕੱਢਿਆ ਜਾਵੇਗਾ, ਜਿਸ ’ਚ ਪਹਿਲਾ ਇਨਾਮ 11,100 ਰੁਪਏ, ਦੂਜਾ ਇਨਾਮ 5,100 ਰੁਪਏ ਤੇ ਤੀਜਾ ਇਨਾਮ 3,100 ਰੁਪਏ ਰੱਖਿਆ ਗਿਆ ਹੈ। ਅੰਤ ’ਚ ਪ੍ਰਿੰਸੀਪਲ ਅਨਿਲ ਕੁਮਾਰ ਨੇ ਸਮੂਹ ਇਲਾਕਾ ਨਿਵਾਸੀਆਂ, ਸਾਬਕਾ ਅਧਿਆਪਕਾਂ ਤੇ ਪੁਰਾਣੇ ਵਿਦਿਆਰਥੀਆਂ ਨੂੰ ਪਰਿਵਾਰਾਂ ਸਮੇਤ ਇਸ ਮੇਲੇ ’ਚ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਮੂਲੀਅਤ ਨਾਲ ਸਕੂਲ ਦਾ ਇਹ ਉਪਰਾਲਾ ਹੋਰ ਵੀ ਯਾਦਗਾਰੀ ਬਣੇਗਾ।