ਸਿਲਾਈ ਸੈਂਟਰ ਦਾ ਸੋਸਵਾ ਪੰਜਾਬ ਦੀ ਟੀਮ ਵੱਲੋਂ ਨਿਰੀਖਣ ਭਾਰਤ ਵਿਕਾਸ ਪਰਿਸ਼ਦ ਭਾਖੜਾ ਨੰਗਲ ਸ਼ਾਖਾ ਵੱਲੋਂ ਚਲਾਏ ਜਾ ਰਹੇ ਸਿਲਾਈ ਸੈਂਟਰ ਦਾ ਸੋਸਵਾ ਪੰਜਾਬ ਦੀ ਟੀਮ ਵੱਲੋਂ ਨਿਰੀਖਣ
Publish Date: Tue, 03 Nov 2026 04:41 PM (IST)
Updated Date: Tue, 03 Nov 2026 04:41 PM (IST)
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ: ਭਾਰਤ ਵਿਕਾਸ ਪਰਿਸ਼ਦ ਭਾਖੜਾ ਨੰਗਲ ਸ਼ਾਖਾ ਵੱਲੋਂ ਕਾਂਗੜਾ ਵੈਲਫੇਅਰ ਸੁਸਾਇਟੀ ਨੰਗਲ ਵਿਖੇ ਚਲਾਏ ਜਾ ਰਹੇ ਸਿਲਾਈ ਸੈਂਟਰ ਦਾ ਸੋਸਵਾ ਪੰਜਾਬ ਦੀ ਟੀਮ ਵੱਲੋਂ ਨਿਰੀਖਣ ਕੀਤਾ ਗਿਆ।ਇਸ ਸਿਲਾਈ ਸੈਂਟਰ ’ਚ ਲੋੜਵੰਦ ਲੜਕੀਆਂ ਨੂੰ ਚੈਰੀਟੇਬਲ ਆਧਾਰ ’ਤੇ ਸਿਲਾਈ ਦੀ ਸਿਖਲਾਈ ਦਿੱਤੀ ਜਾਂਦੀ ਹੈ, ਤਾਂ ਜੋ ਉਹ ਹੁਨਰਮੰਦ ਬਣ ਕੇ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਸਕਣ ਅਤੇ ਆਪਣੇ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕਣ। ਇਸ ਸੈਂਟਰ ’ਚ 25 ਲੜਕੀਆਂ ਦੇ ਇੱਕ ਬੈਚ ਨੂੰ ਛੇ ਮਹੀਨੇ ਦਾ ਸਿਲਾਈ ਕੋਰਸ ਪੂਰਾ ਕਰਨ ਉਪਰੰਤ ਮੁਫ਼ਤ ਸਿਲਾਈ ਮਸ਼ੀਨ ਦਿੱਤੀ ਜਾਂਦੀ ਹੈ। ਇਹ ਸਿਖਲਾਈ ਪ੍ਰੋਗਰਾਮ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਗੈਰ-ਸਰਕਾਰੀ ਸੰਸਥਾ ਸੋਸਵਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਗਰਾਨੀ ਹੇਠ ਚਲਾਇਆ ਜਾ ਰਿਹਾ ਹੈ। ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਸੋਸਵਾ ਪੰਜਾਬ ਦੇ ਅਧਿਕਾਰੀਆਂ ਨੇ ਸਿਲਾਈ ਸੈਂਟਰ ਦਾ ਦੌਰਾ ਕੀਤਾ ਤੇ ਸਿਖਲਾਈ ਪ੍ਰਾਪਤ ਕਰ ਰਹੀਆਂ ਲੜਕੀਆਂ ਨਾਲ ਗੱਲਬਾਤ ਕਰਕੇ ਸੈਂਟਰ ਦੀਆਂ ਸਹੂਲਤਾਂ, ਸਿਖਲਾਈ ਦੇ ਮਿਆਰ ਅਤੇ ਕੰਮਕਾਜ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਸੋਸਵਾ ਦੇ ਅਧਿਕਾਰੀਆਂ ਨੇ ਭਾਰਤ ਵਿਕਾਸ ਪਰਿਸ਼ਦ ਭਾਖੜਾ ਨੰਗਲ ਸ਼ਾਖਾ ਤੇ ਕਾਂਗੜਾ ਵੈਲਫੇਅਰ ਸੁਸਾਇਟੀ ਨੰਗਲ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਤੇ ਮਹਿਲਾ ਸਸ਼ਕਤੀਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ, ਤਾਂ ਜੋ ਲੜਕੀਆਂ ਵਧੀਆ ਹੁਨਰ ਹਾਸਲ ਕਰਕੇ ਆਪਣੀ ਰੋਜ਼ੀ-ਰੋਟੀ ਖੁਦ ਕਮਾ ਸਕਣ ਤੇ ਆਪਣੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਕਰ ਸਕਣ। ਇਸ ਮੌਕੇ ਸੋਸਵਾ ਪੰਜਾਬ ਵੱਲੋਂ ਕਰਨਲ (ਸੇਵਾਮੁਕਤ) ਆਰ.ਕੇ. ਸ਼ਰਮਾ ਅਤੇ ਮੈਡਮ ਵਰਸ਼ਾ ਅਰੋੜਾ ਹਾਜ਼ਰ ਸਨ। ਭਾਰਤ ਵਿਕਾਸ ਪਰਿਸ਼ਦ ਭਾਖੜਾ ਨੰਗਲ ਟਰੱਸਟ ਦੇ ਸੰਸਥਾਪਕ ਡਾਇਰੈਕਟਰ ਐਡਵੋਕੇਟ ਅਸ਼ੋਕ ਮਨੋਚਾ, ਸ਼ਾਖਾ ਪ੍ਰਧਾਨ ਜਗਮੋਹਨ ਸਿੰਘ ਵਾਲੀਆ, ਸਾਬਕਾ ਖ਼ਜ਼ਾਨਚੀ ਰਾਜੀ ਛਾਬੜਾ ਅਤੇ ਕਾਂਗੜਾ ਵੈਲਫੇਅਰ ਸੁਸਾਇਟੀ ਨੰਗਲ ਵੱਲੋਂ ਕੇ.ਐੱਸ. ਮੰਡਲਾ ਵੀ ਮੌਜੂਦ ਸਨ। ਅਜਿਹੇ ਸਿਖਲਾਈ ਪ੍ਰੋਗਰਾਮ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਅਤੇ ਸਮਾਜ ਦੇ ਆਰਥਿਕ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।