ਕਰੋੜਾਂ ਦੀ ਲਾਗਤ ਨਾਲ ਲਗਾਈਆਂ ਟਾਈਲਾਂ ਲੋਕਾਂ ਲਈ ਬਣੀਆਂ ਸਰਾਪ ਕਰੋੜਾਂ ਦੀ ਲਾਗਤ ਨਾਲ ਲਗਾਈਆਂ ਟਾਈਲਾਂ ਬਣੀਆਂ ਲੋਕਾਂ ਲਈ ਸਰਾਪ
Publish Date: Tue, 03 Nov 2026 04:01 PM (IST)
Updated Date: Tue, 03 Nov 2026 04:02 PM (IST)
ਥਾਂ-ਥਾਂ ਤੋਂ ਟੁੱਟੀਆਂ ਟਾਈਲਾਂ ਬਣ ਰਹੀਆਂ ਹਾਦਸਿਆਂ ਦਾ ਕਾਰਨ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀਆਂ ਗਲੀਆਂ ’ਚ ਕਰੋੜਾਂ ਰੁਪਏ ਦੀ ਲਾਗਤ ਨਾਲ ਲਗਾਈਆਂ ਗਈਆਂ ਟਾਈਲਾਂ ਅੱਜ ਸ਼ਹਿਰ ਵਾਸੀਆਂ ਤੇ ਇੱਥੇ ਆਉਣ ਵਾਲੇ ਸ਼ਰਧਾਲੂਆਂ ਲਈ ਵੱਡੀ ਮੁਸੀਬਤ ਬਣਦੀਆਂ ਜਾ ਰਹੀਆਂ ਹਨ। ਸ਼ਹਿਰ ਦੀਆਂ ਤਕਰੀਬਨ ਹਰ ਗਲੀ ’ਚ ਲਗਾਈਆਂ ਗਈਆਂ ਇਹ ਟਾਈਲਾਂ ਥਾਂ-ਥਾਂ ਤੋਂ ਟੁੱਟ ਚੁੱਕੀਆਂ ਹਨ ਤੇ ਕਈ ਥਾਵਾਂ ਤੋਂ ਉੱਚੀਆਂ-ਨੀਵੀਆਂ ਹੋਣ ਕਾਰਨ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਕਰੋੜਾਂ ਰੁਪਏ ਖਰਚ ਕਰਕੇ ਸ਼ਹਿਰ ਦੀਆਂ ਗਲੀਆਂ ਨੂੰ ਸੁੰਦਰ ਬਣਾਉਣ ਦੇ ਮਕਸਦ ਨਾਲ ਲਗਾਈਆਂ ਗਈਆਂ ਇਹ ਟਾਈਲਾਂ ਹੁਣ ਲੋਕਾਂ ਦੀ ਸੁਰੱਖਿਆ ਲਈ ਖ਼ਤਰਾ ਬਣ ਚੁੱਕੀਆਂ ਹਨ। ਸਭ ਤੋਂ ਵੱਧ ਪ੍ਰੇਸ਼ਾਨੀ ਪੈਦਲ ਚੱਲਣ ਵਾਲੇ ਲੋਕਾਂ ਨੂੰ ਝੱਲਣੀ ਪੈ ਰਹੀ ਹੈ। ਗਲੀਆਂ ’ਚ ਤੁਰਦਿਆਂ ਜਦੋਂ ਕਿਸੇ ਵਿਅਕਤੀ ਦਾ ਪੈਰ ਅਚਾਨਕ ਉੱਚੀ-ਨੀਵੀਂ ਜਾਂ ਟੁੱਟੀ ਹੋਈ ਟਾਈਲ ਉੱਤੇ ਪੈਂਦਾ ਹੈ ਤਾਂ ਉਹ ਆਪਣਾ ਸੰਤੁਲਨ ਗੁਆ ਬੈਠਦਾ ਹੈ। ਇਸ ਕਾਰਨ ਕਈ ਲੋਕ ਡਿੱਗ ਕੇ ਜ਼ਖਮੀ ਹੋ ਰਹੇ ਹਨ। ਗੋਡਿਆਂ ਤੇ ਗਿੱਟਿਆਂ ਦੀਆਂ ਸੱਟਾਂ ਲੱਗਣ ਦੇ ਨਾਲ-ਨਾਲ ਪੈਰ ਮੁੜਨ ਤੇ ਮੋਚ ਆਉਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਬਜ਼ੁਰਗਾਂ, ਬੱਚਿਆਂ ਤੇ ਔਰਤਾਂ ਲਈ ਇਨ੍ਹਾਂ ਗਲੀਆਂ ਵਿੱਚੋਂ ਲੰਘਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ। ਰਾਤ ਸਮੇਂ ਘੱਟ ਰੌਸ਼ਨੀ ’ਚ ਟੁੱਟੀਆਂ ਤੇ ਉੱਭਰੀਆਂ ਟਾਈਲਾਂ ਦਿਖਾਈ ਨਾ ਦੇਣ ਕਾਰਨ ਹਾਦਸੇ ਦਾ ਖ਼ਤਰਾ ਹੋਰ ਵਧ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਟਾਈਲਾਂ ਦੀ ਲੰਮੇ ਸਮੇਂ ਤੋਂ ਕੋਈ ਢੁੱਕਵੀਂ ਮੁਰੰਮਤ ਨਹੀਂ ਕਰਵਾਈ ਗਈ। ਜੇਕਰ ਕਿਸੇ ਥਾਂ ਟਾਈਲਾਂ ਟੁੱਟ ਜਾਂਦੀਆਂ ਹਨ ਜਾਂ ਜ਼ਮੀਨ ਵਿੱਚੋਂ ਉੱਭਰ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਠੀਕ ਕਰਨ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਕਾਰਨ ਦਿਨੋਂ-ਦਿਨ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਤੇ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਟਾਈਲਾਂ ਨੂੰ ਲਗਾਉਣ ਤੋਂ ਪਹਿਲਾਂ ਸ਼ਹਿਰ ਦੀਆਂ ਕਈ ਥਾਵਾਂ ਉੱਤੇ ਬਣੀਆਂ ਸੀਮੈਂਟ ਦੀਆਂ ਸੜਕਾਂ ਨੂੰ ਵੀ ਤੋੜਿਆ ਗਿਆ ਸੀ। ਉਸ ਸਮੇਂ ਕਰੋੜਾਂ ਰੁਪਏ ਖਰਚ ਕਰਕੇ ਟਾਈਲਾਂ ਲਗਾਉਣ ਦਾ ਕੰਮ ਕੀਤਾ ਗਿਆ ਸੀ, ਪਰ ਅੱਜ ਇਨ੍ਹਾਂ ਦੀ ਹਾਲਤ ਦੇਖ ਕੇ ਲੋਕ ਸਵਾਲ ਉਠਾ ਰਹੇ ਹਨ ਕਿ ਜੇਕਰ ਕੁਝ ਸਮੇਂ ਬਾਅਦ ਇਨ੍ਹਾਂ ਟਾਈਲਾਂ ਨੇ ਟੁੱਟਣਾ ਹੀ ਸੀ ਤਾਂ ਪਹਿਲਾਂ ਤੋਂ ਬਣੀਆਂ ਸੀਮੈਂਟ ਦੀਆਂ ਸੜਕਾਂ ਨੂੰ ਤੋੜਨ ਦੀ ਕੀ ਲੋੜ ਸੀ। ਲੋਕਾਂ ਦਾ ਕਹਿਣਾ ਹੈ ਕਿ ਜਨਤਕ ਪੈਸੇ ਨਾਲ ਕੀਤੇ ਗਏ ਵਿਕਾਸ ਕਾਰਜਾਂ ਦੀ ਰੱਖ-ਰਖਾਅ ਵੱਲ ਵੀ ਗੰਭੀਰਤਾ ਨਾਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਸ਼ਹਿਰ ਵਾਸੀਆਂ ਨੇ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਾਰੀਆਂ ਗਲੀਆਂ ਦਾ ਸਰਵੇਖਣ ਕਰਵਾ ਕੇ ਟੁੱਟੀਆਂ ਤੇ ਉੱਚੀਆਂ-ਨੀਵੀਆਂ ਟਾਈਲਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਟਾਈਲਾਂ ਦੀ ਵਾਰ-ਵਾਰ ਮੁਰੰਮਤ ਕਰਵਾਉਣਾ ਸੰਭਵ ਨਹੀਂ ਹੈ ਤਾਂ ਇਨ੍ਹਾਂ ਦੀ ਥਾਂ ਮੁੜ ਪੱਕੀਆਂ ਸੀਮੈਂਟ ਦੀਆਂ ਸੜਕਾਂ ਬਣਾਈਆਂ ਜਾਣ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਲੋਕਾਂ ਨੇ ਮੰਗ ਕੀਤੀ ਕਿ ਗੁਰੂ ਨਗਰੀ ਦੀ ਸੁੰਦਰਤਾ ਦੇ ਨਾਲ-ਨਾਲ ਇੱਥੋਂ ਦੇ ਵਸਨੀਕਾਂ ਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਵੀ ਪਹਿਲ ਦਿੱਤੀ ਜਾਵੇ।