ਨੰਗਲ ਸ਼ਹਿਰ ਪਿਆ ਵਿਕਾਸ ਦੀਆਂ ਲੀਹਾਂ ’ਤੇ ਨੰਗਲ ਸ਼ਹਿਰ ਪਿਆ ਵਿਕਾਸ ਦੀਆਂ ਲੀਹਾਂ ’ਤੇ
Publish Date: Mon, 02 Nov 2026 06:00 PM (IST)
Updated Date: Mon, 02 Nov 2026 06:02 PM (IST)
ਭਾਖੜਾ ਡੈਮ ਬਣਨ ਤੋਂ ਚੱਲ ਰਹੀਆਂ ਸੜਕਾਂ ਦਾ ਹੋਇਆ ਨਵੀਨੀਕਰਨ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਨੰਗਲ ਸ਼ਹਿਰ ਇੱਕ ਵਾਰ ਫਿਰ ਵਿਕਾਸ ਦੀਆਂ ਲੀਹਾਂ ’ਤੇ ਚੱਲ ਪਿਆ ਹੈ, ਸ਼ਹਿਰ ਦੇ ਹਰ ਪਾਸੇ ਕਿਤੇ ਨਾ ਕਿਤੇ ਕੋਈ ਨਾ ਕੋਈ ਕੰਮ ਨਗਰ ਕੌਂਸਲ ਵੱਲੋਂ ਕੀਤਾ ਜਾ ਰਿਹਾ ਹੈ। ਪਿਛਲੇ ਲਗਭਗ ਅੱਠ 10 ਸਾਲ ਤੋਂ ਚੀਫ ਰੈਸਟੋਰੈਂਟ ਦੀ ਪਿਛਲੀ ਸੜਕ ਜੋ ਨਹੀਂ ਬਣ ਸਕੀ ਸੀ, ਅੱਜ ਨਾ ਸਿਰਫ ਉਹ ਸੜਕ ਬਣ ਗਈ ਸਗੋਂ ਉਸਦੀ ਚੌੜਾਈ ਵੀ 20 ਫੁੱਟ ਤੱਕ ਹੋ ਗਈ। ਇਸੇ ਤਰ੍ਹਾਂ ਹੀ ਚੀਫ ਰੈਸਟੋਰੈਂਟ ਤੋਂ ਨੰਗਲ ਡੈਮ ਵਾਲੀ ਸੜਕ ਜੋ ਕਿ ਜਦੋਂ ਤੋਂ ਭਾਖੜਾ ਡੈਮ ਬਣਿਆ ਹੈ ਛੋਟੀ ਹੀ ਚੱਲੀ ਆ ਰਹੀ ਸੀ ਦੀ ਚੌੜਾਈ ਵੀ ਫੁੱਟ ਹੋ ਗਈ ਹੈ। ਇੱਥੇ ਹੀ ਬਸ ਨਹੀਂ ਇਸ ਤੋਂ ਇਲਾਵਾ ਭਾਖੜਾ ਰੋਡ ’ਤੇ ਫੁੱਟਪਾਥ ਦਾ ਕੰਮ ਤੇ ਖਵਾਜਾ ਮੰਦਰ ਰੋਡ ਦੇ ਸੁੰਦਰੀਕਰਨ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ। ਇਸ ਸਬੰਧੀ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹਨਾਂ ਵੱਲੋਂ ਇਲਾਕੇ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਵਿਕਾਸ ਦੇ ਵਿੱਚ ਵਿਸ਼ਵਾਸ ਰੱਖਦੇ ਹਨ ਤੇ ਅੱਜ ਨੰਗਲ ਸ਼ਹਿਰ ਦਾ ਹਰ ਕੋਨਾ ਚਮਕ ਰਿਹਾ ਹੈ ਤੇ ਹਰੇਕ ਵਾਰਡ ’ਚ ਵਿਕਾਸ ਦੇ ਕੰਮ ਲਗਾਤਾਰ ਜਾਰੀ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਬਰਮਲਾ ਪਿੰਡ ’ਚ ਪਾਣੀ ਦਾ ਨਵਾਂ ਟਿਊਬਲ ਚਾਲੂ ਹੋ ਗਿਆ ਹੈ ਤੇ ਛੇਤੀ ਹੀ ਇੰਦਰਾ ਨਗਰ ਵਾਲਾ ਟਿਊਬਵੈਲ ਵੀ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਫਲਾਈ ਓਵਰ ਦੇ ਚੱਲਣ ਤੋਂ ਬਾਅਦ ਨੰਗਲ ’ਚ ਵਪਾਰ ਦਾ ਵਾਧਾ ਹੋਇਆ ਹੈ ਤੇ ਜਿੱਥੇ ਉਸ ਫਲਾਈ ਓਵਰ ਨੂੰ ਪੇਂਟਿੰਗ ਦੇ ਨਾਲ ਸਜਾਇਆ ਗਿਆ ਹੈ, ਉਥੇ ਹੀ ਇੱਕ ਆਦਮ ਕਦ ਬੋਰਡ ਵੀ ‘ਜੀ ਆਇਆ ਨੂੰ’ ਕਹਿੰਦਾ ਨੰਗਲ ’ਚ ਛੇਤੀ ਲਗਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਮਿਸ਼ਨ ਕਲੀਨ ਦੇ ਤਹਿਤ ਵੱਖ-ਵੱਖ ਵਾਰਡਾਂ ਦੇ ’ਚ ਡੀਪ ਕਲੀਨਿੰਗ ਕੀਤੀ ਗਈ ਤੇ ਸੈਕੜੇ ਟਰਾਲੀਆਂ ਮਲਬਾ ਵਾਰਡਾਂ ਵਿੱਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਆਉਣ ਵਾਲੀਆਂ ਚੋਣਾਂ ਦੇ ’ਚ ਆਪਣੇ ਕੀਤੇ ਕੰਮਾਂ ਦੇ ਨਾਮ ’ਤੇ ਲੋਕਾਂ ਕੋਲੋਂ ਵੋਟ ਮੰਗਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਪੰਜ ਸਾਲ ’ਚ ਨਿਮਰਤਾ ਦੀ ਰਾਜਨੀਤੀ ਕੀਤੀ ਹੈ ।