ਪੰਜਾਬੀ ਯੂਨੀਵਰਸਿਟੀ ਦੀ ਅੰਤਰ-ਕਾਲਜ ਵੇਟ ਲਿਫਟਿੰਗ ਤੇ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਸ਼ੁਰੂ ਖਾਲਸਾ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅੰਤਰ-ਕਾਲਜ ਵੇਟ ਲਿਫਟਿੰਗ ‘ਤੇ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਸ਼ੁਰੂ
Publish Date: Mon, 02 Nov 2026 05:07 PM (IST)
Updated Date: Mon, 02 Nov 2026 05:08 PM (IST)
ਪੰਜਾਬੀ ਜਾਗਰਣ ਟੀਮ, ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਤਿੰਨ ਰੋਜ਼ਾ ਅੰਤਰ-ਕਾਲਜ ਵੇਟ ਲਿਫਟਿੰਗ (ਲੜਕੇ ਤੇ ਲੜਕੀਆਂ) ਤੇ ਬਾਡੀ ਬਿਲਡਿੰਗ (ਲੜਕੇ) ਚੈਂਪੀਅਨਸ਼ਿਪ 2026-27 ਦਾ ਆਗਾਜ਼ ਅੱਜ 2 ਨਵੰਬਰ ਨੂੰ ਹੋ ਗਿਆ ਹੈ ਜੋ ਕਿ 4 ਨਵੰਬਰ ਤੱਕ ਜਾਰੀ ਰਹੇਗੀ। ਇਸ ਚੈਂਪੀਅਨਸ਼ਿਪ ਦਾ ਆਯੋਜਨ ਕਾਲਜ ਦੇ ਸ਼ਰੀਰਕ ਸਿੱਖਿਆ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ। ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ’ਚ ਡਾ. ਰਾਜਵੰਸ਼ ਸਿੰਘ ਗਿੱਲ, ਮੁੱਖੀ, ਲੋਕ ਪ੍ਰਸ਼ਾਸਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ’ਚ ਅਨੁਸ਼ਾਸਨ, ਸਮਰਪਣ, ਸ਼ਰੀਰਕ ਤੰਦਰੁਸਤੀ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਅਤੇ ਇਸ ਵੱਕਾਰੀ ਚੈਂਪੀਅਨਸ਼ਿਪ ਦੇ ਆਯੋਜਨ ਲਈ ਕਾਲਜ ਨੂੰ ਚੁਣੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ, ਖੇਡ ਭਾਵਨਾ ਅਤੇ ਸਮਰਪਣ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਦੀ ਮੰਚ ਸੰਚਾਲਨਾ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਅਸ਼ੋਕ ਕੁਮਾਰ ਨੇ ਕੀਤੀ। ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਅਤੇ ਖਿਡਾਰੀਆਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਚ ਖੇਡਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਅਰਜੁਨ ਐਵਾਰਡੀ ਪਰਮਜੀਤ ਸ਼ਰਮਾ, ਸੁਰਿੰਦਰ ਭੱਲਾ, ਡਾ. ਵੀਰਪਾਲ ਸਿੰਘ, ਡਾ. ਕਿਰਨਜੀਤ ਕੌਰ, ਪ੍ਰੋ. ਜਗਵੰਤ ਸਿੰਘ, ਪ੍ਰਦੀਪ ਸਿੰਘ ਅਤੇ ਕਬੱਡੀ ਕੋਚ ਗੁਰਦੇਵ ਸਿੰਘ ਸਮੇਤ ਕਾਲਜ ਦੇ ਹੋਰ ਅਧਿਆਪਕ ਅਤੇ ਕਰਮਚਾਰੀ ਵੀ ਮੌਜੂਦ ਸਨ। ਇਸ ਤਿੰਨ ਰੋਜ਼ਾ ਚੈਂਪੀਅਨਸ਼ਿਪ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਵੇਟ ਲਿਫਟਿੰਗ (ਲੜਕੇ ਅਤੇ ਲੜਕੀਆਂ) ਅਤੇ ਬਾਡੀ ਬਿਲਡਿੰਗ (ਲੜਕੇ) ਦੇ ਮੁਕਾਬਲਿਆਂ ’ਚ ਉਤਸ਼ਾਹ ਨਾਲ ਭਾਗ ਲੈਣਗੀਆਂ।