ਯਾਦਗਾਰੀ ਹੋ ਨਿੱਬੜਿਆਂ ਐੱਨਐੱਫਐੱਲ ਸੁਰਭੀ ਮਹਿਲਾ ਮਿਲਨ ਵੱਲੋਂ ਕਰਵਾਇਆ ਗਿਆ ਦਿਵਾਲੀ ਮੇਲਾ ਯਾਦਗਾਰੀ ਹੋ ਨਿੱਬੜਿਆਂ ਐਨਐੱਫਐੱਲ ਸੁਰਭੀ ਮਹਿਲਾ ਮਿਲਨ ਵੱਲੋਂ ਕਰਵਾਇਆਂ ਗਿਆ ਦੀਵਾਲੀ ਮੇਲਾ
Publish Date: Mon, 02 Nov 2026 05:04 PM (IST)
Updated Date: Mon, 02 Nov 2026 05:08 PM (IST)
110 ਸਟਾਲਾ ’ਤੇ ਖਰੀਦਦਾਰੀ ਦੇ ਨਾਲ ਮਨੋਰੰਜਨ ਦੀ ਵੀ ਰਹੀ ਧੂਮ ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐਨਐੱਫਐੱਲ) ਦੀ ਨੰਗਲ ਇਕਾਈ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਿਵਾਲੀ ਦੇ ਤਿਉਹਾਰ ਮੌਕੇ ਖਰੀਦਦਾਰੀ ਤੇ ਮਨੋਰੰਜਨ ਨਾਲ ਭਰਪੂਰ ਦਿਵਾਲੀ ਮੇਲਾ ਲਗਾਇਆ ਗਿਆ। ਐੱਨਐੱਫਐੱਲ ਸਟੇਡੀਅਮ ਵਿਖੇ ਸੁਰਭੀ ਮਹਿਲਾ ਮਿਲਨ ਵੱਲੋਂ ਕਰਵਾਏ ਗਏ ਇਸ ਦਿਵਾਲੀ ਮੇਲੇ ’ਚ ਹਜ਼ਾਰਾਂ ਲੋਕਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਮੇਲੇ ’ਚ 110 ਤੋਂ ਵੱਧ ਸਟਾਲ ਲਗਾਏ ਗਏ, ਜਿੱਥੇ ਵੱਖ-ਵੱਖ ਕੰਪਨੀਆਂ, ਵਪਾਰਕ ਸੰਸਥਾਵਾਂ, ਸਵੈ-ਸਹਾਇਤਾ ਸਮੂਹਾਂ ਤੇ ਸਥਾਨਕ ਕਾਰੀਗਰਾਂ ਨੇ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ। ਮੇਲੇ ਦਾ ਰਸਮੀ ਉਦਘਾਟਨ ਐੱਨਐੱਫਐੱਲ ਨੰਗਲ ਦੇ ਕਾਰਜਕਾਰੀ ਨਿਰਦੇਸ਼ਕ ਬੀ.ਬੀ. ਗਰੋਵਰ ਤੇ ਸੁਰਭੀ ਮਹਿਲਾ ਮਿਲਨ ਦੀ ਪ੍ਰਧਾਨ ਸੰਧਿਆ ਗਰੋਵਰ ਨੇ ਸਾਂਝੇ ਤੌਰ ’ਤੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਐੱਨਐੱਫਐੱਲ ਦੇ ਸੀਨੀਅਰ ਅਧਿਕਾਰੀ, ਵਿਭਾਗ ਮੁਖੀ, ਕਰਮਚਾਰੀ ਜਥੇਬੰਦੀਆਂ ਦੇ ਨੁਮਾਇੰਦੇ ਤੇ ਹੋਰ ਪਤਵੰਤੇ ਵੀ ਮੌਜੂਦ ਸਨ। ਸੁਰਭੀ ਮਹਿਲਾ ਮਿਲਨ ਦੀ ਪ੍ਰਧਾਨ ਸੰਧਿਆ ਗਰੋਵਰ ਨੇ ਕਿਹਾ ਕਿ ਇਸ ਸਾਲ ਦੇ ਮੇਲੇ ਦੀ ਥੀਮ ‘ਸਸ਼ਕਤ ਭਾਰਤ ਦਾ ਨਵਾਂ ਅੰਦਾਜ਼, ਐੱਮਐੱਸਐੱਮਈ ਦੀ ਸੰਗ ਪ੍ਰਗਤੀ ਦਾ ਆਗਾਜ਼’ ਰੱਖੀ ਗਈ ਹੈ। ਇਸ ਦਾ ਉਦੇਸ਼ ਮਹਿਲਾ ਉੱਦਮੀਆਂ, ਕਾਰੀਗਰਾਂ ਤੇ ਸਥਾਨਕ ਕਾਰੋਬਾਰੀਆਂ ਨੂੰ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਤੇ ਵਿਕਰੀ ਲਈ ਵਧੀਆ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਮੇਲਾ ਲੋਕਾਂ ਨੂੰ ਦਿਵਾਲੀ ਦੀ ਖਰੀਦਦਾਰੀ ਦੇ ਨਾਲ-ਨਾਲ ਭਾਰਤ ਦੀ ਤਕਨੀਕੀ ਤਰੱਕੀ ਤੇ ਸਵੈ-ਨਿਰਭਰਤਾ ਦਾ ਸੰਦੇਸ਼ ਵੀ ਦੇ ਰਿਹਾ ਹੈ। ਮੇਲੇ ’ਚ ਘਰੇਲੂ ਵਰਤੋਂ ਦੀਆਂ ਵਸਤਾਂ, ਇਲੈਕਟ੍ਰਾਨਿਕ ਉਪਕਰਨਾਂ, ਵੇਸ-ਭੂਸ਼ਾ, ਗਹਿਣਿਆਂ, ਹੱਥ ਨਾਲ ਤਿਆਰ ਕੀਤੇ ਉਤਪਾਦਾਂ ਤੇ ਸਜਾਵਟੀ ਸਮਾਨ ਦੀਆਂ ਦੁਕਾਨਾਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਲੋਕਾਂ ਨੇ ਵੱਡੀ ਗਿਣਤੀ ’ਚ ਇੱਥੇ ਪਹੁੰਚ ਕੇ ਖਰੀਦਦਾਰੀ ਕੀਤੀ। ਮੇਲੇ ਦੌਰਾਨ ਬੱਚਿਆਂ ਤੇ ਪਰਿਵਾਰਾਂ ਦੇ ਮਨੋਰੰਜਨ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਐਨਐੱਫਐੱਲ ਦੇ ਕਾਰਜਕਾਰੀ ਨਿਰਦੇਸ਼ਕ ਨੇ ਕੀਤਾ ਉਦਘਾਟਨ ਐਨਐੱਫਐੱਲ ਨੰਗਲ ਦੇ ਕਾਰਜਕਾਰੀ ਨਿਰਦੇਸ਼ਕ ਬੀ.ਬੀ. ਗਰੋਵਰ ਨੇ ਮੇਲੇ ਦਾ ਉਦਘਾਟਨ ਕਰਦਿਆਂ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਤੇ ਕਾਰੀਗਰਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਸਥਾਨਕ ਕਾਰੋਬਾਰੀਆਂ, ਮਹਿਲਾ ਉੱਦਮੀਆਂ ਤੇ ਛੋਟੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਟਾਲਾਂ ’ਤੇ ਦਿਖਾਈ ਦਿੱਤੀ ਖਰੀਦਦਾਰਾਂ ਦੀ ਰੌਣਕ ਮੇਲੇ ’ਚ ਵੱਖ-ਵੱਖ ਤਰ੍ਹਾਂ ਦੇ ਉਤਪਾਦਾਂ ਦੀਆਂ ਸਟਾਲਾਂ ਲਗਾਈਆਂ ਗਈਆਂ ਸਨ। ਲੋਕਾਂ ਨੇ ਘਰੇਲੂ ਵਰਤੋਂ ਦੀਆਂ ਵਸਤਾਂ, ਇਲੈਕਟ੍ਰਾਨਿਕ ਸਮਾਨ, ਕੱਪੜਿਆਂ ਤੇ ਸਜਾਵਟੀ ਚੀਜ਼ਾਂ ਦੀ ਖਰੀਦਦਾਰੀ ’ਚ ਖਾਸ ਦਿਲਚਸਪੀ ਦਿਖਾਈ। ਮੇਲੇ ਦੌਰਾਨ ਕਈ ਆਕਰਸ਼ਕ ਇਨਾਮ ਵੀ ਰੱਖੇ ਗਏ ਸਨ ਤੇ ਸਟਾਲਾਂ ’ਤੇ ਖਰੀਦਦਾਰੀ ਕਰਨ ਵਾਲੇ ਲੋਕਾਂ ਨੂੰ ਕੂਪਨ ਦਿੱਤੇ ਗਏ।ਸਫਲ ਆਯੋਜਨ ਲਈ ਸੁਰਭੀ ਮਹਿਲਾ ਮਿਲਨ ਦੀ ਟੀਮ ਵੱਲੋਂ ਵਿਸ਼ੇਸ਼ ਯਤਨ ਕੀਤੇ ਗਏ। ਇਸ ਮੌਕੇ ਐਨਐੱਫਐੱਲ ਦੇ ਅਧਿਕਾਰੀਆਂ, ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਆਲੇ-ਦੁਆਲੇ ਦੇ ਖੇਤਰਾਂ ਦੇ ਵਸਨੀਕਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ।