ਹਲਕਾ ਸ੍ਰੀ ਅਨੰਦਪੁਰ ਸਾਹਿਬ ’ਚ ਅਕਾਲੀ ਦਲ ਦੀਆਂ ਸਰਗਰਮੀਆਂ ਪਈਆਂ ਮੱਠੀਆਂ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਅਕਾਲੀ ਦਲ ਦੀਆਂ ਸਰਗਰਮੀਆਂ ਪਈਆਂ ਮੱਠੀਆਂ
Publish Date: Mon, 02 Nov 2026 04:34 PM (IST)
Updated Date: Mon, 02 Nov 2026 04:35 PM (IST)
ਸਿਆਸੀ ਮੈਦਾਨ ’ਚ ਨਜ਼ਰ ਨਹੀਂ ਆ ਰਹੀ ਲੀਡਰਸ਼ਿਪ ਸਿੱਖ ਸਿਆਸਤ ’ਚ ਵਿਸ਼ੇਸ਼ ਮਹੱਤਤਾ ਰੱਖਣ ਵਾਲੇ ਹਲਕੇ ’ਚ ਅਕਾਲੀ ਵਰਕਰਾਂ ਅੰਦਰ ਨਿਰਾਸ਼ਾ ਦਾ ਆਲਮ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਪੰਜਾਬ ’ਚ ਮੁੜ ਸਰਕਾਰ ਬਣਾਉਣ ਦਾ ਸੁਪਨਾ ਦੇਖ ਰਹੇ ਸ਼੍ਰੋਮਣੀ ਅਕਾਲੀ ਦਲ ਦੀਆਂ ਹਲਕਾ ਸ੍ਰੀ ਅਨੰਦਪੁਰ ਸਾਹਿਬ ’ਚ ਸਿਆਸੀ ਸਰਗਰਮੀਆਂ ਲਗਭਗ ਠੱਪ ਹੋ ਕੇ ਰਹਿ ਗਈਆਂ ਹਨ। ਸਿੱਖ ਸਿਆਸਤ ਤੇ ਧਾਰਮਿਕ ਪੱਖ ਤੋਂ ਵਿਸ਼ੇਸ਼ ਮਹੱਤਤਾ ਰੱਖਣ ਵਾਲਾ ਇਹ ਹਲਕਾ ਇਸ ਸਮੇਂ ਅਕਾਲੀ ਦਲ ਦੀ ਸਰਗਰਮ ਰਾਜਨੀਤੀ ਤੋਂ ਸੱਖਣਾ ਨਜ਼ਰ ਆ ਰਿਹਾ ਹੈ। ਹਾਲਾਤ ਇਹ ਹਨ ਕਿ ਇੱਕ ਪਾਸੇ ਸੂਬੇ ਦੀਆਂ ਹੋਰਨਾਂ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਅਕਾਲੀ ਦਲ ਦੀ ਸਥਾਨਕ ਲੀਡਰਸ਼ਿਪ ਦੀ ਮੌਜੂਦਗੀ ਬਹੁਤ ਘੱਟ ਦਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਨੂੰ ਅੱਗੇ ਵਧਾਉਣ ’ਚ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਦੀ ਅਹਿਮ ਭੂਮਿਕਾ ਰਹੀ ਹੈ। ਉਹ ਲਗਾਤਾਰ ਇਲਾਕੇ ’ਚ ਪਾਰਟੀ ਦੀ ਨੁਮਾਇੰਦਗੀ ਕਰਦੇ ਰਹੇ ਹਨ, ਪਰ ਪੁਲਿਸ ਕੇਸ ਨਾਲ ਜੁੜੇ ਮਾਮਲੇ ਕਾਰਨ ਉਨ੍ਹਾਂ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਸਥਾਨਕ ਪੱਧਰ ’ਤੇ ਪਾਰਟੀ ਦੀਆਂ ਸਰਗਰਮੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਉਨ੍ਹਾਂ ਦੀ ਗੈਰ-ਮੌਜੂਦਗੀ ’ਚ ਹਲਕੇ ਅੰਦਰ ਪਾਰਟੀ ਦੀ ਅਗਵਾਈ ਕਰਦਾ ਕੋਈ ਸਰਗਰਮ ਚਿਹਰਾ ਉੱਭਰ ਕੇ ਸਾਹਮਣੇ ਨਹੀਂ ਆ ਰਿਹਾ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਹਲਕਾ ਸ੍ਰੀ ਅਨੰਦਪੁਰ ਸਾਹਿਬ ’ਚ ਅਕਾਲੀ ਦਲ ਦੇ ਤਿੰਨ ਪ੍ਰਮੁੱਖ ਚਿਹਰਿਆਂ ਦੀ ਚਰਚਾ ਹੁੰਦੀ ਸੀ। ਇਨ੍ਹਾਂ ’ਚ ਚਾਚਾ ਚਾਵਲਾ, ਚੀਮਾ ਤੇ ਚੰਦੂਮਾਜਰਾ ਦੇ ਨਾਂ ਪ੍ਰਮੁੱਖ ਤੌਰ ਤੇ ਲਏ ਜਾਂਦੇ ਸਨ। ਪਰ ਮੌਜੂਦਾ ਸਮੇਂ ’ਚ ਇਨ੍ਹਾਂ ਵਿੱਚੋਂ ਕੋਈ ਵੀ ਆਗੂ ਹਲਕੇ ਅੰਦਰ ਪਹਿਲਾਂ ਵਾਂਗ ਸਰਗਰਮ ਦਿਖਾਈ ਨਹੀਂ ਦੇ ਰਿਹਾ। ਇਸ ਕਾਰਨ ਪਾਰਟੀ ਦੇ ਆਮ ਵਰਕਰਾਂ ਨੂੰ ਵੀ ਸਿਆਸੀ ਪੱਧਰ ’ਤੇ ਦਿਸ਼ਾ ਤੇ ਅਗਵਾਈ ਦੀ ਘਾਟ ਮਹਿਸੂਸ ਹੋ ਰਹੀ ਹੈ। ਦੂਜੇ ਪਾਸੇ ਜੇਕਰ ਹਲਕੇ ਦੀਆਂ ਹੋਰਨਾਂ ਪਾਰਟੀਆਂ ਦੀਆਂ ਸਰਗਰਮੀਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਕਾਂਗਰਸ ਵੱਲੋਂ ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ ਲਗਾਤਾਰ ਆਪਣੀ ਸਿਆਸੀ ਮੌਜੂਦਗੀ ਦਰਜ ਕਰਵਾ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਹਲਕੇ ’ਚ ਆਪਣੀਆਂ ਸਰਗਰਮੀਆਂ ਵਧਾ ਰਹੇ ਹਨ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਆਗੂ ਤੇ ਧੜੇ ਵੀ ਆਪੋ-ਆਪਣੇ ਪੱਧਰ ’ਤੇ ਸਿਆਸੀ ਸਰਗਰਮੀਆਂ ’ਚ ਜੁਟੇ ਹੋਏ ਹਨ। ਇਸ ਤਰ੍ਹਾਂ ਹਲਕੇ ’ਚ ਹੋਰਨਾਂ ਪਾਰਟੀਆਂ ਦੀ ਮੌਜੂਦਗੀ ਦੇ ਮੁਕਾਬਲੇ ਅਕਾਲੀ ਦਲ ਦੀ ਸਰਗਰਮੀ ਘੱਟ ਨਜ਼ਰ ਆ ਰਹੀ ਹੈ। ਅਕਾਲੀ ਦਲ ਤੇ ਭਾਜਪਾ ਵਿਚਕਾਰ ਮੁੜ ਸਮਝੌਤਾ ਹੁੰਦਾ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਇਸ ਸਮੇਂ ਹਲਕੇ ’ਚ ਅਕਾਲੀ ਦਲ ਦੀ ਸਥਿਤੀ ਨੂੰ ਲੈ ਕੇ ਸਥਾਨਕ ਵਰਕਰਾਂ ’ਚ ਚਿੰਤਾ ਤੇ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਵਰਕਰਾਂ ਦਾ ਕਹਿਣਾ ਹੈ ਕਿ ਜੇਕਰ ਸਿੱਖ ਧਰਮ ਦੀਆਂ ਮਹੱਤਵਪੂਰਨ ਧਾਰਮਿਕ ਯਾਦਾਂ ਨਾਲ ਜੁੜੇ ਹਲਕੇ ’ਚ ਹੀ ਪਾਰਟੀ ਦੀਆਂ ਸਰਗਰਮੀਆਂ ਇਸ ਹੱਦ ਤੱਕ ਸੀਮਤ ਹੋ ਗਈਆਂ ਹਨ ਤਾਂ ਹੋਰਨਾਂ ਹਲਕਿਆਂ ’ਚ ਪਾਰਟੀ ਦੀ ਸਥਿਤੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਵਰਕਰਾਂ ਦਾ ਇਹ ਵੀ ਮੰਨਣਾ ਹੈ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਸਿੱਖ ਇਤਿਹਾਸ ਨਾਲ ਡੂੰਘਾ ਸਬੰਧ ਰੱਖਣ ਵਾਲੇ ਇਸ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤ ਸਿਆਸੀ ਮੌਜੂਦਗੀ ਹੋਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ ਪਾਰਟੀ ਦੀ ਸੂਬਾਈ ਲੀਡਰਸ਼ਿਪ ਨੂੰ ਇਸ ਹਲਕੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ’ਚ ਅਕਾਲੀ ਦਲ ਦੀ ਹਾਈਕਮਾਂਡ ਇੱਥੇ ਕਿਸ ਆਗੂ ਨੂੰ ਜ਼ਿੰਮੇਵਾਰੀ ਸੌਂਪਦੀ ਹੈ ਤੇ ਹਲਕੇ ’ਚ ਪਾਰਟੀ ਦੀਆਂ ਸਰਗਰਮੀਆਂ ਮੁੜ ਕਿਵੇਂ ਸ਼ੁਰੂ ਹੁੰਦੀਆਂ ਹਨ।