ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ, ਭਾਜਪਾ ਆਗੂਆਂ ਨੇ ਖੁਦ ਚੁੱਕੇ ਬੇਲਚੇ ਜਦੋਂ ਪ੍ਰਸ਼ਾਸਨ ਨਾ ਜਾਗਿਆ ਤਾਂ ਭਾਜਪਾ ਆਗੂਆਂ ਨੇ ਖੁਦ ਚੁੱਕੇ ਬੇਲਚੇ
Publish Date: Mon, 02 Nov 2026 04:30 PM (IST)
Updated Date: Mon, 02 Nov 2026 04:32 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਸ਼ਹਿਰ ’ਚ ਪਿਛਲੇ ਲੰਮੇ ਸਮੇਂ ਤੋਂ ਕੂੜੇ ਦੇ ਢੇਰਾਂ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਰਤਨ ਕੁਮਾਰ ਧਨੇੜਾ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਖੁਦ ਪਹਿਲ ਕਰਦਿਆਂ ਨਹਿਰਾਂ ਦੇ ਕੰਢੇ ਲੱਗੇ ਕੂੜੇ ਦੇ ਵੱਡੇ ਢੇਰ ਚੁਕਵਾ ਦਿੱਤੇ। ਇਸ ਕਾਰਜ ਲਈ ਭਾਜਪਾ ਆਗੂਆਂ ਵੱਲੋਂ ਆਪਣੇ ਪੱਧਰ ’ਤੇ ਜੇਸੀਬੀ ਮਸ਼ੀਨ, ਟਰੈਕਟਰ ਅਤੇ ਟਰਾਲੀ ਦਾ ਪ੍ਰਬੰਧ ਕੀਤਾ ਗਿਆ ਅਤੇ ਖੁਦ ਵੀ ਬੇਲਚੇ ਫੜ ਕੇ ਸਫਾਈ ਮੁਹਿੰਮ ’ਚ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਨਹਿਰਾਂ ਦੇ ਕੰਢੇ ਲੱਗੇ ਕੂੜੇ ਦੇ ਢੇਰਾਂ ਕਾਰਨ ਰੋਜ਼ਾਨਾ ਸਵੇਰੇ ਗੁਰਦੁਆਰਾ ਸਾਹਿਬਾਨ ਵਿਖੇ ਮੱਥਾ ਟੇਕਣ ਜਾਣ ਵਾਲੇ ਸ਼ਰਧਾਲੂਆਂ ਅਤੇ ਸੈਰ ਕਰਨ, ਦੌੜ ਲਗਾਉਣ ’ਤੇ ਸਾਈਕਲਿੰਗ ਕਰਨ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਲਾਕੇ ਦੇ ਲੋਕਾਂ ਵੱਲੋਂ ਕਈ ਵਾਰ ਇਸ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਗਈ ਪਰ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਲੋਕ ਨਿਰਾਸ਼ ਸਨ। ਇਸ ਮੌਕੇ ਰਤਨ ਕੁਮਾਰ ਧਨੇੜਾ ਦੇ ਨਾਲ ਭਾਜਪਾ ਦੇ ਮੀਤ ਪ੍ਰਧਾਨ ਅਮਰ ਸੋਢੀ ਅਤੇ ਜਨਰਲ ਸਕੱਤਰ ਪ੍ਰਦੀਪ ਕੋਟਲਾ ਨੇ ਵੀ ਸਫਾਈ ਮੁਹਿੰਮ ’ਚ ਸਰਗਰਮੀ ਨਾਲ ਯੋਗਦਾਨ ਪਾਇਆ। ਇਕੱਠਾ ਕੀਤਾ ਗਿਆ ਸਾਰਾ ਕੂੜਾ ਨਗਰ ਕੌਂਸਲ ਵੱਲੋਂ ਦੱਸੇ ਗਏ ਡੰਪ ਪੁਆਇੰਟ ’ਤੇ ਪਹੁੰਚਾਇਆ ਗਿਆ। ਰਤਨ ਕੁਮਾਰ ਧਨੇੜਾ ਨੇ ਕਿਹਾ ਕਿ ਸਾਡਾ ਇਹ ਇਲਾਕਾ ਕੁਦਰਤੀ ਸੁੰਦਰਤਾ ਪੱਖੋਂ ਧਰਤੀ ਦਾ ਸਵਰਗ ਹੈ, ਕਿਉਂਕਿ ਇੱਥੇ ਨਹਿਰਾਂ ਦਾ ਪਾਣੀ, ਚਾਰੇ ਪਾਸੇ ਹਰਿਆਲੀ ਅਤੇ ਪਹਾੜਾਂ ਦੇ ਮਨਮੋਹਕ ਨਜ਼ਾਰੇ ਦੇਖਣ ਨੂੰ ਮਿਲਦੇ ਹਨ। ਪਰ ਅਫਸੋਸ ਦੀ ਗੱਲ ਹੈ ਕਿ ਇੰਨੇ ਸੁੰਦਰ ਇਲਾਕੇ ’ਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਸਨ, ਜਿਨ੍ਹਾਂ ਵੱਲ ਨਗਰ ਕੌਂਸਲ ਅਤੇ ਸਬੰਧਤ ਸਰਕਾਰੀ ਅਧਿਕਾਰੀਆਂ ਨੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਖਾਸ ਤੌਰ ’ਤੇ ਸਵੇਰੇ ਸਿਹਤਮੰਦ ਜੀਵਨ ਲਈ ਇੱਥੇ ਸੈਰ, ਰਨਿੰਗ ਅਤੇ ਸਾਈਕਲਿੰਗ ਕਰਨ ਆਉਂਦੇ ਹਨ, ਪਰ ਕੂੜੇ ਦੇ ਢੇਰਾਂ ਅਤੇ ਬਦਬੂ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਹੁੰਦੀ ਸੀ। ਇਸੇ ਸਮੱਸਿਆ ਨੂੰ ਦੇਖਦਿਆਂ ਭਾਜਪਾ ਆਗੂਆਂ ਨੇ ਆਪਣੇ ਪੱਧਰ ’ਤੇ ਸਫਾਈ ਕਰਵਾਉਣ ਦਾ ਫੈਸਲਾ ਕੀਤਾ। ਸ਼ਹਿਰ ਵਾਸੀਆਂ ਨੇ ਭਾਜਪਾ ਆਗੂਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਖਾਸ ਕਰਕੇ ਸਵੇਰੇ ਸੈਰ ਕਰਨ ਅਤੇ ਕਸਰਤ ਕਰਨ ਆਉਣ ਵਾਲੇ ਲੋਕਾਂ ਨੇ ਕੂੜੇ ਦੇ ਢੇਰ ਹਟਾਏ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।