ਅਦਾਲਤ ਵੱਲੋਂ ਭਗੌੜਾ ਕਰਾਰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਅੱਠ ਸਾਲ ਪਹਿਲਾਂ ਅਦਾਲਤ ਵੱਲੋਂ ਭਗੋੜਾ ਕਰਾਰ ਸ਼੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਵੱਲੋਂ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ
Publish Date: Sun, 01 Nov 2026 04:04 PM (IST)
Updated Date: Sun, 01 Nov 2026 04:05 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਜੁਡੀਸ਼ੀਅਲ ਮੈਜਿਸਟਰੇਟ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸਤੰਬਰ 2018 ਨੂੰ ਅਦਾਲਤੀ ਭਗੌੜਾ ਕਰਾਰ ਦਿੱਤੇ ਇੱਕ ਵਿਅਕਤੀ ਨੂੰ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਵੱਲੋਂ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੇ ਐੱਸਐੱਚਓ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ28 ਸਤੰਬਰ 2015 ਨੂੰ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਊਸ਼ਾ ਦੇਵੀ ਪੁੱਤਰੀ ਰਾਮ ਪ੍ਰਕਾਸ਼ ਵਾਸੀ ਪਿੰਡ ਭਟੋਲੀ ਦੇ ਬਿਆਨਾਂ ਦੇ ਆਧਾਰ ਉੱਪਰ ਉਸ ਦੇ ਪਤੀ ਰਾਕੇਸ਼ ਕੁਮਾਰ ਪੁੱਤਰ ਹਰਭਜਨ ਰਾਮ ਵਾਸੀ ਪਿੰਡ ਮੇਹਲੀ ਥਾਣਾ ਬਹਿਰਾਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਖਿਲਾਫ 498 ਏ ਦੇ ਤਹਿਤ ਮੁਕਦਮਾ ਨੰਬਰ 79 ਦਰਜ ਕੀਤਾ ਗਿਆ ਸੀ। ਇਸ ਕੇਸ ’ਚ ਰਾਕੇਸ਼ ਕੁਮਾਰ ਮਾਨਯੋਗ ਅਦਾਲਤ ’ਚ ਪੇਸ਼ ਨਹੀਂ ਸੀ ਹੋਇਆ ਜਿਸ ਤੋਂ ਬਾਅਦ ਜੁਡੀਸੀਅਲ ਮੈਜਿਸਟਰੇਟ ਪਹਿਲਾ ਦਰਜਾ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਮਿਤੀ 29 ਸਤੰਬਰ 2018 ਨੂੰ ਰਾਕੇਸ਼ ਕੁਮਾਰ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ। ਪਿਛਲੇ 08 ਸਾਲ ਤੋਂ ਰਾਕੇਸ਼ ਕੁਮਾਰ ਮਾਨਯੋਗ ਅਦਾਲਤ ਦਾ ਭਗੌੜਾ ਚੱਲਿਆ ਆ ਰਿਹਾ ਸੀ ਜਿਸ ਸਬੰਧੀ ਪੁਲਿਸ ਵੱਲੋਂ ਐੱਲਓਸੀ ਜਾਰੀ ਕੀਤੀ ਗਈ ਸੀ। ਬੀਤੀ ਰਾਤ ਸਾਨੂੰ ਦਿੱਲੀ ਏਅਰਪੋਰਟ ਤੋਂ ਰਾਕੇਸ਼ ਕੁਮਾਰ ਦੇ ਭਾਰਤ ਆਉਣ ਸਬੰਧੀ ਸੂਚਨਾ ਮਿਲੀ ਜਿਸ ਤੋਂ ਬਾਅਦ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਵੱਲੋਂ ਦਿੱਲੀ ਏਅਰਪੋਰਟ ਤੇ ਜਾ ਕੇ ਰਾਕੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਰਾਕੇਸ਼ ਕੁਮਾਰ ਨੂੰ ਜਰਮਨੀ ਵੱਲੋਂ ਆਪਣੇ ਦੇਸ਼ ਤੋਂ ਦੇਸ਼ ਨਿਕਾਲਾ ਕਰਦੇ ਹੋਏ ਵਾਪਸ ਭਾਰਤ ਭੇਜਿਆ ਗਿਆ ਸੀ। ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਰਾਕੇਸ਼ ਕੁਮਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਜੱਜ ਸਾਹਿਬ ਵੱਲੋਂ ਇਸ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ ਜੇਲ ਭੇਜ ਦਿੱਤਾ ਗਿਆ ਹੈ।