- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਸ਼ਿਵਾਲਿਕ ਕਾਲਜ ਨਵਾਂ ਨੰਗਲ ਵਿਖੇ ਰਾਸ਼ਟਰੀ ਏਕਤਾ ਦਿਵਸ ਮੌਕੇ ਗੈਸਟ ਲੈਕਚਰ ਅਤੇ ਸਹੁੰ ਚੁੱਕ ਸਮਾਗਮ ਕਰਵਾਇਆ

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਪ੍ਰਿੰਸੀਪਲ ਨਵਦੀਪ ਸਿੰਘ ਦੀ ਅਗਵਾਈ ਹੇਠ ਸਰਕਾਰੀ ਸ਼ਿਵਾਲਿਕ ਕਾਲਜ ਨਵਾਂ ਨੰਗਲ ਵਿਖੇ ਰਾਸ਼ਟਰੀ ਏਕਤਾ ਦਿਵਸ ਮੌਕੇ ਐੱਨਸੀਸੀ ਨੇਵਲ ਵਿੰਗ ਵੱਲੋਂ ਇੱਕ ਵਿਸ਼ੇਸ਼ ਗੈਸਟ ਲੈਕਚਰ ਤੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਤੇ ਐੱਨਸੀਸੀ ਕੈਡਿਟਾਂ ’ਚ ਰਾਸ਼ਟਰੀ ਏਕਤਾ, ਅਖੰਡਤਾ, ਆਪਸੀ ਸਦਭਾਵਨਾ ਅਤੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਸੀ।
ਇਸ ਮੌਕੇ ਪ੍ਰੋਫੈਸਰ ਸਰੋਜ ਸ਼ਰਮਾ ਨੇ ਗੈਸਟ ਲੈਕਚਰ ਦੌਰਾਨ ਕੈਡਿਟਾਂ ਨਾਲ ਰਾਸ਼ਟਰੀ ਏਕਤਾ ਦੀ ਮਹੱਤਤਾ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਮਜ਼ਬੂਤੀ ਲਈ ਆਪਸੀ ਭਾਈਚਾਰਾ, ਸਹਿਣਸ਼ੀਲਤਾ ਅਤੇ ਏਕਤਾ ਦੀ ਭਾਵਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕੈਡਿਟਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਵਾਸਤੇ ਪ੍ਰੇਰਿਤ ਕੀਤਾ। ਇਸ ਉਪਰੰਤ ਕੈਡਿਟਾਂ ਵੱਲੋਂ ਰਾਸ਼ਟਰੀ ਏਕਤਾ ਅਤੇ ਅਖੰਡਤਾ ਪ੍ਰਤੀ ਸਮਰਪਿਤ ਰਹਿਣ ਦੀ ਸਹੁੰ ਵੀ ਚੁੱਕੀ ਗਈ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਨਵਦੀਪ ਸਿੰਘ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਏਕਤਾ ਅਤੇ ਅਖੰਡਤਾ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਏਕਤਾ, ਅਖੰਡਤਾ ਅਤੇ ਆਪਸੀ ਭਾਈਚਾਰੇ ਨੂੰ ਬਣਾਈ ਰੱਖਣ ਲਈ ਆਪਣਾ ਯੋਗਦਾਨ ਪਾਉਣ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੇ ਫ਼ਰਜ਼ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਦੌਰਾਨ ਐੱਨਸੀਸੀ ਅਫ਼ਸਰ ਪ੍ਰੋਫੈਸਰ ਜਗਪਾਲ ਸਿੰਘ ਤੋਂ ਇਲਾਵਾ ਕਾਲਜ ਦੇ ਸੀਨੀਅਰ ਪ੍ਰੋਫੈਸਰ ਡਾ. ਨਿਸ਼ਾਂਤ ਗੋਇਲ, ਪ੍ਰੋਫ਼ੈਸਰ ਅਰਸ਼ਦ ਅਲੀ ਅਤੇ ਪ੍ਰੋਫੈਸਰ ਸਾਹਿਲ ਗੌਤਮ ਵੀ ਹਾਜ਼ਰ ਸਨ।