ਸਾਇੰਸ ਡਰਾਮਾ ਮੁਕਾਬਲੇ ’ਚ ਰਾਏਪੁਰ ਸਕੂਲ ਦੀ ਸਰਦਾਰੀ ਬਰਕਰਾਰ ਸਾਇੰਸ ਡਰਾਮਾ ਮੁਕਾਬਲੇ ’ਚ ਰਾਏਪੁਰ ਸਕੂਲ ਦੀ ਸਰਦਾਰੀ ਬਰਕਰਾਰ, ਲਗਾਤਾਰ ਤੀਜੀ ਵਾਰ ਜਿੱਤਿਆ ਜ਼ਿਲ੍ਹਾ ਚੈਂਪੀਅਨ ਦਾ ਖ਼ਿਤਾਬ
Publish Date: Sat, 31 Oct 2026 04:31 PM (IST)
Updated Date: Sat, 31 Oct 2026 04:32 PM (IST)
ਲਗਾਤਾਰ ਤੀਜੀ ਵਾਰ ਜਿੱਤਿਆ ਜ਼ਿਲ੍ਹਾ ਚੈਂਪੀਅਨ ਦਾ ਖ਼ਿਤਾਬ ਦਿਨੇਸ਼ ਹੱਲਣ , ਪੰਜਾਬੀ ਜਾਗਰਣ, ਨੂਰਪੁਰਬੇਦੀ : ਮਿਹਨਤ, ਲਗਨ ਤੇ ਦ੍ਰਿੜ੍ਹ ਇਰਾਦੇ ਨਾਲ ਹਾਸਲ ਕੀਤੀਆਂ ਪ੍ਰਾਪਤੀਆਂ ਜਦੋਂ ਲਗਾਤਾਰ ਦੁਹਰਾਈਆਂ ਜਾਣ ਤਾਂ ਉਹ ਇਤਿਹਾਸ ਦਾ ਹਿੱਸਾ ਬਣ ਜਾਂਦੀਆਂ ਹਨ। ਅਜਿਹੀ ਹੀ ਸ਼ਾਨਦਾਰ ਮਿਸਾਲ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਵਿਦਿਆਰਥੀਆਂ ਨੇ ਕਾਇਮ ਕੀਤੀ ਹੈ, ਜਿਨ੍ਹਾਂ ਨੇ ਨੈਸ਼ਨਲ ਸਾਇੰਸ ਡਰਾਮਾ ਮੁਕਾਬਲੇ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਲਗਾਤਾਰ ਤੀਜੀ ਵਾਰ ਪਹਿਲਾ ਸਥਾਨ ਹਾਸਲ ਕਰਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਜਿੱਤ ਨਾਲ ਸਕੂਲ ਦੀ ਟੀਮ ਨੇ ਜਿੱਤ ਦੀ ਹੈਟ੍ਰਿਕ ਲਗਾਉਂਦਿਆਂ ਆਪਣੀ ਸਰਦਾਰੀ ਨੂੰ ਮੁੜ ਸਾਬਤ ਕੀਤਾ ਹੈ। ਹੁਣ ਇਹ ਹੋਣਹਾਰ ਵਿਦਿਆਰਥੀ ਤੀਜੀ ਵਾਰ ਪੰਜਾਬ ਰਾਜ ਪੱਧਰੀ ਸਾਇੰਸ ਡਰਾਮਾ ਮੁਕਾਬਲੇ ’ਚ ਜ਼ਿਲ੍ਹਾ ਰੂਪਨਗਰ ਦੀ ਪ੍ਰਤੀਨਿਧਤਾ ਕਰਨਗੇ। ਨੈਸ਼ਨਲ ਸਾਇੰਸ ਸੈਂਟਰ ਦੇ ਦਿਸ਼ਾ-ਨਿਰਦੇਸ਼ਾਂ ਤੇ ਐੱਸ.ਸੀ.ਈ.ਆਰ.ਟੀ. ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਮੁਕਾਬਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ’ਚ ਜ਼ਿਲ੍ਹੇ ਦੇ 10 ਬਲਾਕਾਂ ਦੀਆਂ ਜੇਤੂ ਟੀਮਾਂ ਨੇ ਆਪਣੀ ਕਲਾ ਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਵਿਗਿਆਨਕ ਸੋਚ, ਨਵੀਨਤਾ ਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਵਿਸ਼ਿਆਂ ਨੂੰ ਨਾਟਕੀ ਰੂਪ ’ਚ ਪੇਸ਼ ਕਰਦਿਆਂ ਦਰਸ਼ਕਾਂ ਨੂੰ ਵਿਗਿਆਨ ਦੀ ਮਹੱਤਤਾ ਨਾਲ ਜੋੜਿਆ। ਮੁਕਾਬਲੇ ਦੌਰਾਨ ਸਰਕਾਰੀ ਹਾਈ ਸਕੂਲ ਰਾਏਪੁਰ ਦੀ ਟੀਮ ਨੇ ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਪਹਿਲਾ ਸਥਾਨ ਹਾਸਲ ਕੀਤਾ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਨੰਗਲ ਨੇ ਦੂਜਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਢਲਾ, ਚਮਕੌਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ, ਲਗਨ ਤੇ ਵਿਗਿਆਨਕ ਦ੍ਰਿਸ਼ਟੀਕੋਣ ਦੀ ਭਰਪੂਰ ਸ਼ਲਾਘਾ ਕਰਦਿਆਂ ਰਾਜ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੁਕਾਬਲੇ ਦੀ ਜੱਜਮੈਂਟ ਡਾ. ਹਰਪ੍ਰੀਤ ਸਿੰਘ, ਪ੍ਰੋਫੈਸਰ, ਬੇਲਾ ਕਾਲਜ, ਤਜਿੰਦਰ ਸਿੰਘ ਬਾਜ ਤੇ ਰਵਿੰਦਰ ਸਿੰਘ ਰੱਬੀ ਵੱਲੋਂ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਵਿਪਿਨ ਕਟਾਰੀਆ, ਵੱਖ-ਵੱਖ ਸਿੱਖਿਆ ਅਧਿਕਾਰੀ ਤੇ ਮੇਜ਼ਬਾਨ ਸਕੂਲ ਦੀ ਪ੍ਰਿੰਸੀਪਲ ਸੰਦੀਪ ਕੌਰ ਵੀ ਹਾਜ਼ਰ ਸਨ। ਸਕੂਲ ਮੁਖੀ ਏਕਤਾ ਭਾਰਦਵਾਜ ਦੀ ਅਗਵਾਈ ਤੇ ਸਮੂਹ ਸਟਾਫ਼ ਦੇ ਸਾਂਝੇ ਯਤਨਾਂ ਸਦਕਾ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਤੇ ਵੱਖ-ਵੱਖ ਵਿੱਦਿਅਕ ਤੇ ਸਹਿ-ਵਿੱਦਿਅਕ ਮੁਕਾਬਲਿਆਂ ’ਚ ਭਾਗ ਲੈਣ ਲਈ ਨਿਰੰਤਰ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਮਾਣਮੱਤੀ ਪ੍ਰਾਪਤੀ ਨਾਲ ਸਕੂਲ ਸਟਾਫ਼, ਵਿਦਿਆਰਥੀਆਂ, ਮਾਪਿਆਂ ਤੇ ਇਲਾਕਾ ਨਿਵਾਸੀਆਂ ’ਚ ਖ਼ੁਸ਼ੀ ਤੇ ਮਾਣ ਦਾ ਮਾਹੌਲ ਹੈ। ਸਮੂਹ ਸਕੂਲ ਪਰਿਵਾਰ ਵੱਲੋਂ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਗਈ ਕਿ ਇਹ ਹੋਣਹਾਰ ਵਿਦਿਆਰਥੀ ਰਾਜ ਪੱਧਰੀ ਮੁਕਾਬਲੇ ’ਚ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਸਕੂਲ ਤੇ ਜ਼ਿਲ੍ਹਾ ਰੂਪਨਗਰ ਦਾ ਨਾਮ ਹੋਰ ਉੱਚਾ ਕਰਨਗੇ।