ਪੀ.ਐੱਮ. ਸ੍ਰੀ ਸਕੂਲ ਵਿਖੇ 4 ਨੂੰ ਹੋਵੇਗਾ ‘ਦਿਵਾਲੀ ਫੈਸਟ’, ਲੱਗਣਗੇ ਅਨੋਖੇ ਸਟਾਲ ਪੀ.ਐਮ. ਸ੍ਰੀ ਸਕੂਲ ਨੂਰਪੁਰਬੇਦੀ ਵਿਖੇ 4 ਨਵੰਬਰ ਨੂੰ ਹੋਵੇਗਾ 'ਦਿਵਾਲੀ ਫੈਸਟ', ਲੱਗਣਗੇ ਅਨੋਖੇ ਸਟਾਲ
Publish Date: Sat, 31 Oct 2026 04:27 PM (IST)
Updated Date: Sat, 31 Oct 2026 04:29 PM (IST)
ਮਨੋਰੰਜਕ ਖੇਡ ਮੁਕਾਬਲੇ ਹੋਣਗੇ, ਪਬਲਿਕ ਲਈ ਇਨਾਮੀ ਰਾਸ਼ੀ ਦਾ ਡਰਾਅ ਵੀ ਕੱਢਿਆ ਜਾਵੇਗਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਨੂਰਪੁਰਬੇਦੀ ਵਿਖੇ 4 ਨਵੰਬਰ ਨੂੰ ‘ਦਿਵਾਲੀ ਫੈਸਟ’ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਸਕੂਲ ਦੇ ਸਮੂਹ ਸਟਾਫ ਵੱਲੋਂ ਪ੍ਰਿੰਸੀਪਲ ਅਨਿਲ ਕੁਮਾਰ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਸਮਾਗਮ ਨੂੰ ਲੈ ਕੇ ਸਕੂਲ ’ਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਫੈਸਟ ਦੌਰਾਨ ਜਿੱਥੇ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੇ ਸਟਾਲ ਲਗਾਏ ਜਾਣਗੇ, ਉੱਥੇ ਹੀ ਲੋਕਾਂ ਦੇ ਮਨੋਰੰਜਨ ਲਈ ਕਈ ਅਨੋਖੀਆਂ ਪ੍ਰਦਰਸ਼ਨੀਆਂ ਅਤੇ ਗਤੀਵਿਧੀਆਂ ਵੀ ਖਿੱਚ ਦਾ ਕੇਂਦਰ ਬਣਨਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ ਨੇ ਦੱਸਿਆ ਕਿ ਦਿਵਾਲੀ ਫੈਸਟ ’ਚ ਆਮ ਲੋਕਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਫੈਸਟ ਦੌਰਾਨ ਡਰਾਅ ਲਈ ਰਾਸ਼ੀ ਜਮ੍ਹਾਂ ਕਰਵਾਉਣ ਵਾਲੇ ਭਾਗੀਦਾਰਾਂ ਵਿੱਚੋਂ ਜੇਤੂਆਂ ਦੀ ਚੋਣ ਕੀਤੀ ਜਾਵੇਗੀ, ਜਿਸ ਤਹਿਤ ਪਹਿਲੇ ਇਨਾਮ ਵਜੋਂ 11,100 ਰੁਪਏ ਦੂਜੇ ਇਨਾਮ ਵਜੋਂ 5,100 ਅਤੇ ਤੀਸਰੇ ਇਨਾਮ ਵਜੋਂ 3,100 ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਕੂਲ ਵਿਖੇ ਲੱਗਣ ਵਾਲੇ ਵੱਖ-ਵੱਖ ਸਟਾਲਾਂ ’ਚ ਖਾਣ-ਪੀਣ ਦੀਆਂ ਵਸਤਾਂ ਦੇ ਨਾਲ-ਨਾਲ ਹੋਰ ਦਿਲਚਸਪ ਅਤੇ ਨਵੇਂ ਤਜਰਬੇ ਪੇਸ਼ ਕਰਨ ਵਾਲੇ ਸਟਾਲ ਵੀ ਸ਼ਾਮਲ ਹੋਣਗੇ। ਇਸ ਮੌਕੇ ਬੱਚਿਆਂ ਲਈ ਖੇਡ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਜਾਵੇਗਾ, ਜਿਨ੍ਹਾਂ ’ਚ ਰੱਸਾਕਸ਼ੀ ਦਾ ਵਿਸ਼ੇਸ਼ ਮੁਕਾਬਲਾ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਦਾ ਮਕਸਦ ਵਿਦਿਆਰਥੀਆਂ ’ਚ ਸਿਰਜਣਾਤਮਕਤਾ, ਮਿਲਵਰਤਣ ਅਤੇ ਟੀਮ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਕੂਲ ਅਤੇ ਇਲਾਕੇ ਦੇ ਲੋਕਾਂ ਵਿਚਕਾਰ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਹੈ। ਪ੍ਰਿੰਸੀਪਲ ਅਨਿਲ ਕੁਮਾਰ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ 4 ਨਵੰਬਰ ਨੂੰ ਸਕੂਲ ਵਿਖੇ ਪਹੁੰਚ ਕੇ ਦਿਵਾਲੀ ਫੈਸਟ ਦੀਆਂ ਰੌਣਕਾਂ ਦਾ ਆਨੰਦ ਮਾਨਣ ਅਤੇ ਵੱਖ-ਵੱਖ ਸਟਾਲਾਂ ਤੇ ਪ੍ਰਦਰਸ਼ਨੀਆਂ ਦਾ ਦੌਰਾ ਕਰਕੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਨ। ਇਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਅੱਜ ਪ੍ਰਿੰਸੀਪਲ ਅਨਿਲ ਕੁਮਾਰ ਦੀ ਅਗਵਾਈ ਹੇਠ ਸਮੂਹ ਸਟਾਫ ਦੀ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ, ਜਿਸ ’ਚ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਅਧਿਆਪਕਾਂ ਅਤੇ ਸਟਾਫ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਸੋਨੀਆ, ਕੁਲਵਿੰਦਰ ਕੌਰ, ਰਾਜੀਵ ਕੁਮਾਰ, ਅਸ਼ਵਨੀ ਕੁਮਾਰ, ਜਸਵੰਤ ਕੌਰ, ਗੁਰਪਾਲ ਕੌਰ, ਬਰਿੰਦਰ ਕੁਮਾਰ, ਰੋਹਿਤ ਕੁਮਾਰ, ਪਰਮਿੰਦਰ ਕੁਮਾਰ, ਰਮਨਦੀਪ ਕੌਰ, ਗੁਰਿੰਦਰ ਕੌਰ, ਰਜਨੀ ਬਾਲਾ, ਨੀਰਜ ਬਾਲਾ, ਨਿਤਿਆ, ਜਸਕਰਨ ਸਿੰਘ, ਕੋਮਲਪ੍ਰੀਤ ਅਤੇ ਰਜਨੀ ਧੀਮਾਨ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ।