ਮੰਤਰੀ ਦਾ ਪੁਤਲਾ ਫੂਕ ਕੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਮੰਤਰੀ ਦਾ ਪੁਤਲਾ ਫੂਕ ਕੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
Publish Date: Fri, 30 Oct 2026 06:57 PM (IST)
Updated Date: Fri, 30 Oct 2026 07:01 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : 4161 ਮਾਸਟਰ ਕਾਡਰ ਭਰਤੀ ਤਹਿਤ ਨਿਯੁਕਤ ਕੀਤੇ ਗਏ 253 ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਟਰਮੀਨੇਸ਼ਨ ਪੱਤਰ ਜਾਰੀ ਕਰਨ ਦੇ ਵਿਰੋਧ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਧਿਆਪਕਾਂ ਨੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪੀੜਤ ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਨੇ ਵਿਭਾਗ ਵੱਲੋਂ ਲਏ ਗਏ ਸਾਰੇ ਟੈਸਟ ਪਾਸ ਕਰਨ ਤੋਂ ਬਾਅਦ ਤਿੰਨ ਸਾਲ ਪਹਿਲਾਂ ਨੌਕਰੀਆਂ ਹਾਸਲ ਕੀਤੀਆਂ ਸਨ। ਸਰਕਾਰ ਵੱਲੋਂ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਤੋਂ ਬਾਅਦ ਉਹ ਸਕੂਲਾਂ ਵਿੱਚ ਹਾਜ਼ਰ ਹੋ ਕੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਪਰ ਹੁਣ ਉੱਤਰ ਕੁੰਜੀ ਵਿੱਚ ਸੋਧ ਕਰਕੇ ਨਤੀਜਾ ਮੁੜ ਐਲਾਨਣ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਹਟਾਉਣ ਦੇ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਅਧਿਆਪਕਾਂ ਨੇ ਕਿਹਾ ਕਿ ਪੇਪਰ ਲੈਣ ਵਾਲੀ ਕੰਪਨੀ ਦੀ ਗਲਤੀ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ, ਇਸ ਲਈ ਸਰਕਾਰ ਨੂੰ ਆਪਣੇ ਫ਼ੈਸਲੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਆਗੂ ਗੁਰਵਿੰਦਰ ਸਸਕੌਰ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ। ਸਰਕਾਰ ਇਨ੍ਹਾਂ 253 ਅਧਿਆਪਕਾਂ ਨੂੰ ਖਾਲੀ ਅਸਾਮੀਆਂ ਤੇ ਐਡਜਸਟ ਕਰਕੇ ਉਨ੍ਹਾਂ ਦਾ ਰੁਜ਼ਗਾਰ ਬਰਕਰਾਰ ਰੱਖੇ। ਪੀੜਤ ਅਧਿਆਪਕਾਂ ਗੁਰਦੀਪ ਸਿੰਘ, ਗੁਰਦਰਸ਼ਨ ਸਿੰਘ, ਹਰਸਿਮਰਨ ਸਿੰਘ, ਸ਼ਿੰਗਾਰਾ ਸਿੰਘ, ਜਸਵੀਰ ਕੌਰ, ਰਜਨੀਤ ਕੌਰ ਅਤੇ ਹਰਪ੍ਰੀਤ ਕੌਰ ਨੇ ਸਰਕਾਰ ਤੋਂ ਟਰਮੀਨੇਸ਼ਨ ਦੇ ਹੁਕਮ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਕਾਰਨ ਅਧਿਆਪਕ ਮਾਨਸਿਕ ਪਰੇਸ਼ਾਨੀ ਵਿੱਚੋਂ ਲੰਘ ਰਹੇ ਹਨ ਅਤੇ ਸਰਕਾਰ ਨੂੰ ਤੁਰੰਤ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਕੁਲਦੀਪ ਗਿੱਲ, ਸੰਜੀਵ ਮੋਠਾਪੁਰ, ਮਨਜੀਤ ਧਮਾਣਾ, ਹਰਪ੍ਰੀਤ ਸਿੰਘ, ਕੇਸਰ ਸਿੰਘ, ਗਿਆਨ ਚੰਦ, ਕਿਰਪਾਲ ਸਿੰਘ ਭੱਟੋ, ਵੀਰ ਸਿੰਘ ਅਨੰਦਪੁਰ ਸਾਹਿਬ, ਰਣਜੀਤ ਬਿਰਕ, ਕਰਮ ਚੰਦ, ਗੁਰਪ੍ਰੀਤ ਗਿੱਲ, ਜਸਕਰਨ ਸਿੰਘ, ਨਿਰਮਲ ਸਿੰਘ, ਅਸ਼ੋਕ ਕੁਮਾਰ, ਸੰਦੀਪ ਸਿੰਘ, ਵਿਕਾਸ ਕੁਮਾਰ, ਸਰਵਜੀਤ ਸਿੰਘ ਅਤੇ ਹਰਭਜਨ ਸਿੰਘ ਸਮੇਤ ਹੋਰ ਹਾਜ਼ਰ ਸਨ।