ਸ਼ਿਵਾਲਿਕ ਐਵੇਨਿਊ ਅਤੇ ਫੋਕਲ ਪੁਆਇੰਟ ਦੀਆਂ ਸਮੱਸਿਆਵਾਂ ਨੂੰ ਲੈ ਕੇ ਦਿੱਤਾ ਮੰਗ ਪੱਤਰ ਸ਼ਿਵਾਲਿਕ ਐਵੇਨਿਊ ਅਤੇ ਫੋਕਲ ਪੁਆਇੰਟ ਦੀਆਂ ਸਮੱਸਿਆਵਾਂ ਨੂੰ ਲੈ ਕੇ ਦਿੱਤਾ ਮੰਗ ਪੱਤਰ
Publish Date: Fri, 30 Oct 2026 05:43 PM (IST)
Updated Date: Fri, 30 Oct 2026 05:46 PM (IST)
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ ਨੰਗਲ : ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਵੱਲੋਂ ਸ਼ਿਵਾਲਿਕ ਐਵੇਨਿਊ ਨਵਾਂ ਨੰਗਲ ਅਤੇ ਫੋਕਲ ਪੁਆਇੰਟ ਇਲਾਕੇ ਵਿੱਚ ਲੰਮੇ ਸਮੇਂ ਤੋਂ ਚੱਲ ਰਹੀਆਂ ਬੁਨਿਆਦੀ ਨਾਗਰਿਕ ਸਮੱਸਿਆਵਾਂ ਦੇ ਹੱਲ ਲਈ ਨਗਰ ਕੌਂਸਲ ਨੰਗਲ ਦੀ ਚੇਅਰਪਰਸਨ ਨੂੰ ਇੱਕ ਵਿਸਥਾਰਪੂਰਵਕ ਮੰਗ ਪੱਤਰ ਸੌਂਪਿਆ ਗਿਆ। ਸੁਸਾਇਟੀ ਦੇ ਪ੍ਰਧਾਨ ਸਤਨਾਮ ਸਿੰਘ ਅਤੇ ਸਕੱਤਰ ਜਗਮੋਹਨ ਸਿੰਘ ਵਾਲੀਆ ਨੇ ਚੇਅਰਪਰਸਨ ਦੇ ਧਿਆਨ ਵਿੱਚ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਲਿਆਉਂਦਿਆਂ ਕਿਹਾ ਕਿ ਲੋਕ ਨਿਯਮਿਤ ਤੌਰ ’ਤੇ ਪ੍ਰਾਪਰਟੀ ਟੈਕਸ, ਡਿਵੈਲਪਮੈਂਟ ਚਾਰਜਿਜ਼ ਅਤੇ ਹੋਰ ਨਗਰ ਕੌਂਸਲ ਦੇ ਟੈਕਸ ਅਦਾ ਕਰਦੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਲੋੜੀਂਦੀਆਂ ਬੁਨਿਆਦੀ ਨਾਗਰਿਕ ਸਹੂਲਤਾਂ ਨਹੀਂ ਮਿਲ ਰਹੀਆਂ। ਮੰਗ ਪੱਤਰ ਵਿੱਚ ਮੁੱਖ ਤੌਰ ’ਤੇ ਸ਼ਿਵਾਲਿਕ ਐਵੇਨਿਊ ਅਤੇ ਫੋਕਲ ਪੁਆਇੰਟ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਅਤੇ ਮੁੜ ਨਿਰਮਾਣ, ਸ਼ਿਵਾਲਿਕ ਹਸਪਤਾਲ ਦੇ ਪਿੱਛੇ ਅਤੇ ਜੈ ਮਾਂ ਦੁਰਗਾ ਮੰਦਰ ਦੇ ਸਾਹਮਣੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਉਚਿਤ ਪ੍ਰਬੰਧ, ਨਵੀਆਂ ਨਾਲੀਆਂ ਦਾ ਨਿਰਮਾਣ ਅਤੇ ਮੌਜੂਦਾ ਨਾਲੀਆਂ ਦੀ ਸਫ਼ਾਈ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਕੈਪਟਨ ਅਮੋਲ ਕਾਲੀਆ ਪਾਰਕ ਦੀ ਸਫ਼ਾਈ, ਵਧੀਆਂ ਹੋਈਆਂ ਝਾੜੀਆਂ ਅਤੇ ਜੰਗਲੀ ਬੂਟੀ ਦੀ ਕਟਾਈ, ਪਾਰਕਾਂ ਦੀਆਂ ਖ਼ਰਾਬ ਲਾਈਟਾਂ ਠੀਕ ਕਰਵਾਉਣ ਅਤੇ ਸਵੇਰੇ-ਸ਼ਾਮ ਸੈਰ ਕਰਨ ਵਾਲੇ ਸੀਨੀਅਰ ਸਿਟੀਜ਼ਨਾਂ ਦੀ ਸਹੂਲਤ ਲਈ ਟੁੱਟੇ ਹੋਏ ਪੇਵਰ ਰਸਤੇ ਦੀ ਤੁਰੰਤ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਗਈ। ਸੜਕਾਂ ਅਤੇ ਜਨਤਕ ਥਾਵਾਂ ਦੇ ਆਲੇ-ਦੁਆਲੇ ਉੱਗੀ ਕਾਂਗਰਸ ਘਾਹ ਦੀ ਸਫ਼ਾਈ, ਬੱਸ ਸਟਾਪਾਂ ਦੇ ਨੇੜੇ ਵਧੀਆਂ ਝਾੜੀਆਂ ਨੂੰ ਹਟਾਉਣ ਅਤੇ ਆਵਾਰਾ ਕੁੱਤਿਆਂ, ਗਾਵਾਂ ਅਤੇ ਸਾਨ੍ਹਾਂ ਦੀ ਸਮੱਸਿਆ ਦਾ ਮਨੁੱਖੀ ਅਤੇ ਉਚਿਤ ਢੰਗ ਨਾਲ ਹੱਲ ਕਰਨ ਵੱਲ ਵੀ ਧਿਆਨ ਦਿਵਾਇਆ ਗਿਆ। ਸੁਸਾਇਟੀ ਨੇ ਕੈਪਟਨ ਅਮੋਲ ਕਾਲੀਆ ਪਾਰਕ ਵਿੱਚ ਬਣੇ ਜਿਮ ਦੀ ਖਸਤਾ ਹਾਲਤ ਅਤੇ ਉੱਥੇ ਸਥਿਤ ਪਖਾਨੇ ਦੀ ਮਾੜੀ ਸਫ਼ਾਈ ਵਿਵਸਥਾ ’ਤੇ ਚਿੰਤਾ ਪ੍ਰਗਟ ਕਰਦਿਆਂ ਇਨ੍ਹਾਂ ਦੀ ਮੁਰੰਮਤ, ਨਵੀਨੀਕਰਨ ਅਤੇ ਨਿਯਮਿਤ ਸਾਂਭ-ਸੰਭਾਲ ਦੀ ਮੰਗ ਕੀਤੀ। ਸੁਸਾਇਟੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਕੁਝ ਸੜਕਾਂ ਦੀ ਦੋ ਵਾਰ ਮੁਰੰਮਤ ਹੋਣ ਦੇ ਬਾਵਜੂਦ ਉਨ੍ਹਾਂ ਦਾ ਮੁੜ ਖ਼ਰਾਬ ਹੋ ਜਾਣਾ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਗੁਣਵੱਤਾ ਦੀ ਤਕਨੀਕੀ ਜਾਂਚ ਕਰਵਾਉਣ ਦੀ ਲੋੜ ਨੂੰ ਦਰਸਾਉਂਦਾ ਹੈ। ਚੇਅਰਪਰਸਨ ਨੂੰ ਅਪੀਲ ਕੀਤੀ ਗਈ ਕਿ ਸਬੰਧਿਤ ਅਧਿਕਾਰੀਆਂ ਅਤੇ ਇੰਜੀਨੀਅਰਿੰਗ ਸਟਾਫ਼ ਵੱਲੋਂ ਪ੍ਰਭਾਵਿਤ ਇਲਾਕਿਆਂ ਦਾ ਸਾਂਝਾ ਨਿਰੀਖਣ ਕਰਵਾਇਆ ਜਾਵੇ ਅਤੇ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਸਮਾਂਬੱਧ ਕਾਰਜ ਯੋਜਨਾ ਤਿਆਰ ਕੀਤੀ ਜਾਵੇ। ਨਾਲ ਹੀ ਕੀਤੀ ਜਾਣ ਵਾਲੀ ਕਾਰਵਾਈ ਅਤੇ ਉਸ ਦੇ ਮੁਕੰਮਲ ਹੋਣ ਦੀ ਸਮਾਂ-ਸੀਮਾ ਬਾਰੇ ਲਿਖਤੀ ਜਾਣਕਾਰੀ ਦਿੱਤੀ ਜਾਵੇ। ਪ੍ਰਧਾਨ ਸਤਨਾਮ ਸਿੰਘ ਅਤੇ ਸਕੱਤਰ ਜਗਮੋਹਨ ਸਿੰਘ ਵਾਲੀਆ ਨੇ ਆਸ ਪ੍ਰਗਟਾਈ ਕਿ ਨਗਰ ਕੌਂਸਲ ਦੀ ਚੇਅਰਪਰਸਨ ਇਨ੍ਹਾਂ ਲੋਕ-ਹਿੱਤ ਦੇ ਮੁੱਦਿਆਂ ਵੱਲ ਨਿੱਜੀ ਧਿਆਨ ਦੇਣਗੇ ਅਤੇ ਸਬੰਧਿਤ ਅਧਿਕਾਰੀਆਂ ਨੂੰ ਜਲਦੀ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦੇਣਗੇ ਤਾਂ ਜੋ ਇਲਾਕਾ ਵਾਸੀਆਂ, ਖ਼ਾਸ ਕਰ ਕੇ ਸੀਨੀਅਰ ਸਿਟੀਜ਼ਨਾਂ, ਔਰਤਾਂ ਅਤੇ ਬੱਚਿਆਂ ਨੂੰ ਸਾਫ਼-ਸੁਥਰਾ, ਸੁਰੱਖਿਅਤ ਅਤੇ ਬਿਹਤਰ ਨਾਗਰਿਕ ਮਾਹੌਲ ਮਿਲ ਸਕੇ।