ਬਾਬਾ ਗੁਰਦਿੱਤਾ ਸਕੂਲ ਦੇ ਵਿਦਿਆਰਥੀਆਂ ਨੇ ਅੰਤਰ-ਸਕੂਲ ਯੁਵਕ ਮੇਲੇ ’ਚ ਮਾਰੀਆਂ ਮੱਲਾਂ ਬਾਬਾ ਗੁਰਦਿੱਤਾ ਪਬਲਿਕ ਸਕੂਲ ਡੂਮੇਵਾਲ ਦੇ ਵਿਦਿਆਰਥੀਆਂ ਨੇ ਅੰਤਰ-ਸਕੂਲ ਯੁਵਕ ਮੇਲੇ ’ਚ ਮਾਰੀਆਂ ਮੱਲਾਂ
Publish Date: Fri, 30 Oct 2026 05:16 PM (IST)
Updated Date: Fri, 30 Oct 2026 05:19 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਅੰਤਰਰਾਸ਼ਟਰੀ ਸਵੈ-ਸੇਵੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਰੂਪਨਗਰ-ਸ਼ਹੀਦ ਭਗਤ ਸਿੰਘ ਨਗਰ ਜ਼ੋਨ ਅਧੀਨ ਖੇਤਰ ਨੂਰਪੁਰ ਬੇਦੀ ਵੱਲੋਂ ਪੀਰ ਬਾਬਾ ਜਿੰਦਾ ਸ਼ਹੀਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸਿੰਘਪੁਰ ਵਿਖੇ ਅੰਤਰ-ਸਕੂਲ ਯੁਵਕ ਮੇਲਾ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਦੇ ਲਗਭਗ 120 ਵਿਦਿਆਰਥੀਆਂ, 30 ਅਧਿਆਪਕਾਂ ਅਤੇ 20 ਦੇ ਕਰੀਬ ਵਲੰਟੀਅਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਬਾਣਗੜ੍ਹ ਸਾਹਿਬ, ਜੇਤੇਵਾਲ ਦੇ ਹੈੱਡ ਗ੍ਰੰਥੀ ਭਾਈ ਪਰਮਜੀਤ ਸਿੰਘ ਵੱਲੋਂ ਮੂਲ ਮੰਤਰ ਦੇ ਪਾਠ ਨਾਲ ਕੀਤੀ ਗਈ। ਇਸ ਯੁਵਕ ਮੇਲੇ ਵਿੱਚ ਬਾਬਾ ਗੁਰਦਿੱਤਾ ਪਬਲਿਕ ਸਕੂਲ ਡੂਮੇਵਾਲ ਦੇ ਲਗਭਗ 20 ਵਿਦਿਆਰਥੀਆਂ ਨੇ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਸ਼ੁੱਧ ਗੁਰਬਾਣੀ ਉਚਾਰਨ, ਰੰਗ ਭਰੋ, ਸੁੰਦਰ ਲਿਖਾਈ, ਕਵਿਤਾ, ਭਾਸ਼ਣ ਅਤੇ ਸੁੰਦਰ ਦਸਤਾਰ ਸਜਾਉਣ ਸਮੇਤ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਰਾਜੇਂਦਰ ਕਿਸਾਨਾਂ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਪਹਿਲਾਂ ਵੀ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਮੁਕਾਬਲਿਆਂ ਵਿੱਚ ਲਗਾਤਾਰ ਹਿੱਸਾ ਲੈਂਦੇ ਰਹੇ ਹਨ। ਅਜਿਹੇ ਸਮਾਗਮ ਵਿਦਿਆਰਥੀਆਂ ਅੰਦਰ ਧਾਰਮਿਕ, ਨੈਤਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਮੁਕਾਬਲਿਆਂ ਦੌਰਾਨ ਸਕੂਲ ਦੀ ਵਿਦਿਆਰਥਣ ਹਰਮਨਜੀਤ ਕੌਰ ਨੇ ਭਾਸ਼ਣ, ਮਨਸੀਰਤ ਕੌਰ ਨੇ ਕਵਿਤਾ ਅਤੇ ਖੁਸ਼ਦੀਪ ਕੌਰ ਨੇ ਰੰਗ ਭਰੋ ਮੁਕਾਬਲੇ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ, ਜਦਕਿ ਨਵਜੋਤ ਸਿੰਘ ਨੇ ਦਸਤਾਰ ਸਜਾਉਣ ਦੇ ਮੁਕਾਬਲੇ ਵਿੱਚ ਹਿੱਸਾ ਲਿਆ। ਇਨ੍ਹਾਂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਮੁਕਾਬਲਿਆਂ ਵਿੱਚ ਸ਼ਾਮਲ ਹੋਏ ਬਾਕੀ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ।