ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਾਹਰ ਜਗ੍ਹਾ ਦਾ ਠੇਕਾ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਕਰ ਰਿਹਾ ਖ਼ਰਾਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਾਹਰ ਜਗ੍ਹਾ ਦਾ ਠੇਕਾ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਲਗਾ ਰਿਹਾ ਬਦਨੁਮਾ ਦਾਗ
Publish Date: Fri, 30 Oct 2026 05:13 PM (IST)
Updated Date: Fri, 30 Oct 2026 05:16 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਸਿੱਖ ਕੌਮ ਦੀ ਕੇਂਦਰੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਨੂੰ ਸ਼ਹੀਦਾਂ ਦੀ ਜਥੇਬੰਦੀ ਵਜੋਂ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ, ਵੱਲੋਂ ਇਤਿਹਾਸਕ ਗੁਰਧਾਮਾਂ ਦੇ ਆਲੇ-ਦੁਆਲੇ ਖਾਲੀ ਪਈਆਂ ਥਾਵਾਂ ਨੂੰ ਠੇਕੇ ’ਤੇ ਦੇਣ ਦਾ ਮਾਮਲਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਖਾਸ ਕਰ ਕੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਸ਼ੋਭਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਾਹਰਲੀ ਜਗ੍ਹਾ ਦੀ ਹਰ ਸਾਲ ਹੋਣ ਵਾਲੀ ਬੋਲੀ ਨੂੰ ਲੈ ਕੇ ਸਿੱਖ ਸੰਗਤਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਜਾਣਕਾਰੀ ਅਨੁਸਾਰ ਤਕਰੀਬਨ 10-12 ਸਾਲ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਾਹਰ ਖਾਲੀ ਪਈ ਜਗ੍ਹਾ ਨੂੰ ਠੇਕੇ ’ਤੇ ਦੇਣ ਲਈ ਬੋਲੀ ਕਰਵਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਇਹ ਬੋਲੀ ਲਗਭਗ ਤਿੰਨ ਕਰੋੜ ਰੁਪਏ ਤੱਕ ਪਹੁੰਚੀ ਸੀ, ਜਦਕਿ ਹੁਣ ਇਹ ਰਕਮ ਵਧ ਕੇ 8 ਕਰੋੜ 7 ਲੱਖ 51 ਹਜ਼ਾਰ ਰੁਪਏ ਤੱਕ ਪਹੁੰਚ ਚੁੱਕੀ ਹੈ। ਇਹ ਠੇਕਾ ਇੱਕ ਸਾਲ ਲਈ ਦਿੱਤਾ ਜਾਂਦਾ ਹੈ ਅਤੇ ਠੇਕੇਦਾਰ ਨੂੰ ਸਬੰਧਿਤ ਜਗ੍ਹਾ ’ਤੇ ਦੁਕਾਨਾਂ ਆਦਿ ਕਿਰਾਏ ’ਤੇ ਦੇਣ ਦਾ ਅਧਿਕਾਰ ਮਿਲ ਜਾਂਦਾ ਹੈ। ਇਸ ਪ੍ਰਬੰਧ ਨੂੰ ਲੈ ਕੇ ਉੱਠ ਰਹੇ ਇਤਰਾਜ਼ਾਂ ਅਨੁਸਾਰ ਠੇਕੇਦਾਰ ਵੱਲੋਂ ਦੁਕਾਨਦਾਰਾਂ ਤੋਂ ਆਪਣੀ ਮਰਜ਼ੀ ਮੁਤਾਬਿਕ ਕਿਰਾਇਆ ਵਸੂਲਿਆ ਜਾਂਦਾ ਹੈ। ਦੂਜੇ ਪਾਸੇ ਦੁਕਾਨਦਾਰ ਵੀ ਜਗ੍ਹਾ ਦਾ ਵਧੇਰੇ ਕਿਰਾਇਆ ਅਤੇ ਹੋਰ ਖਰਚੇ ਪੂਰੇ ਕਰਨ ਲਈ ਸ਼ਰਧਾਲੂਆਂ ਤੋਂ ਵਸਤਾਂ ਦੇ ਮਨਮਰਜ਼ੀ ਅਤੇ ਮਹਿੰਗੇ ਭਾਅ ਵਸੂਲਦੇ ਹਨ। ਇਸ ਦਾ ਸਿੱਧਾ ਅਸਰ ਦੂਰ-ਦੁਰਾਡੇ ਤੋਂ ਗੁਰੂ ਘਰ ਨਤਮਸਤਕ ਹੋਣ ਆਉਣ ਵਾਲੀ ਸੰਗਤ ਦੀ ਜੇਬ ’ਤੇ ਪੈਂਦਾ ਹੈ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਧਾਰਮਿਕ ਅਸਥਾਨਾਂ ਦੇ ਆਲੇ-ਦੁਆਲੇ ਇਸ ਤਰ੍ਹਾਂ ਦਾ ਵਪਾਰਕ ਪ੍ਰਬੰਧ ਸਿੱਖ ਮਰਿਆਦਾ ਅਤੇ ਸੰਗਤ ਦੀਆਂ ਭਾਵਨਾਵਾਂ ਦੇ ਅਨੁਕੂਲ ਨਹੀਂ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਇਸ ਜਗ੍ਹਾ ’ਤੇ ਲੱਗੀਆਂ ਆਰਜੀ ਦੁਕਾਨਾਂ ਅੰਦਰ ਸ਼ਰਾਬ ਸਮੇਤ ਹੋਰ ਨਸ਼ਿਆਂ ਦਾ ਸੇਵਨ ਵੀ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਬਾਠ, ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਭਾਈ ਚਰਨਜੀਤ ਸਿੰਘ, ਇਸਤਰੀ ਸਤਿ ਸੰਗਤ ਸਭਾ ਦੀ ਪ੍ਰਧਾਨ ਮਾਤਾ ਗੁਰਚਰਨ ਕੌਰ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਪ੍ਰਤਿਪਾਲ ਸਿੰਘ ਗੰਡਾ, ਬੀਬੀ ਭਾਨੀ ਸੇਵਾ ਸੁਸਾਇਟੀ ਦੀ ਪ੍ਰਧਾਨ ਰਜਿੰਦਰ ਕੌਰ, ਸਾਬਕਾ ਕੌਂਸਲਰ ਗੁਰਿੰਦਰ ਸਿੰਘ ਵਾਲੀਆ ਅਤੇ ਸਮਾਜ ਸੇਵੀ ਆਤਮਾ ਸਿੰਘ ਘੱਟੀਵਾਲ ਸਮੇਤ ਹੋਰ ਆਗੂਆਂ ਨੇ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਹੈ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਾਹਰਲੀ ਜਗ੍ਹਾ ਦੀ ਹਰ ਸਾਲ ਹੋਣ ਵਾਲੀ ਬੋਲੀ ਨੂੰ ਰੱਦ ਕੀਤਾ ਜਾਵੇ। ਆਗੂਆਂ ਦਾ ਕਹਿਣਾ ਹੈ ਕਿ ਗੁਰੂ ਘਰਾਂ ਦੇ ਆਲੇ-ਦੁਆਲੇ ਦਾ ਮਾਹੌਲ ਵਪਾਰਕ ਸਰਗਰਮੀਆਂ ਦੀ ਬਜਾਏ ਧਾਰਮਿਕ ਮਰਿਆਦਾ, ਸੇਵਾ ਅਤੇ ਸ਼ਰਧਾ ਵਾਲਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ’ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਅਜਿਹਾ ਪ੍ਰਬੰਧ ਕਰਨਾ ਚਾਹੀਦਾ ਹੈ, ਜਿਸ ਨਾਲ ਸੰਗਤ ਦੀ ਕਥਿਤ ਲੁੱਟ ਰੁਕੇ ਅਤੇ ਸ਼ਹੀਦਾਂ ਦੀ ਜਥੇਬੰਦੀ ਵਜੋਂ ਜਾਣੀ ਜਾਂਦੀ ਸੰਸਥਾ ਦੇ ਮਾਣ-ਸਤਿਕਾਰ ਨੂੰ ਕੋਈ ਠੇਸ ਨਾ ਪਹੁੰਚੇ।